Canadians ਦਾ ਅਮਰੀਕਾ ਤੋਂ ਹੋਇਆ ਮੋਹ ਭੰਗ, Tourist ਬੁਕਿੰਗਾਂ ਵਿੱਚ 40% ਦੀ ਆਈ ਗਿਰਾਵਟ

ਅਮਰੀਕਾ ਵਿੱਚ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਰਕੇ, ਉਥੇ ਹੋਟਲ ਅਤੇ ਟੂਰਿਸਟ ਉੱਤੇ ਆਰਥਿਕ ਅਸਰ ਪੈ ਸਕਦਾ ਹੈ। ਇਹ ਵੀ ਵੇਖਣ ‘ਚ ਆਇਆ ਹੈ ਕਿ ਕੈਨੇਡੀਅਨ ਵਾਧੂ ਖਰਚਿਆਂ ਤੋਂ ਬਚਣ ਲਈ, ਹੁਣ ਤੋਂ ਹੀ ਆਪਣੀਆਂ ਬੁਕਿੰਗਾਂ ਕਰ ਰਹੇ ਹਨ।

Share:

Canadians disillusioned with America  : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਈਆਂ ਵਪਾਰਕ ਪਾਬੰਦੀਆਂ ਅਤੇ ਉਨ੍ਹਾਂ ਵੱਲੋਂ ਕੈਨੇਡਾ ਨੂੰ ਅਮਰੀਕਾ ਦਾ ਸੂਬਾ ਬਣਾਉਣ ਬਾਰੇ ਦਿੱਤੇ ਬਿਆਨਾਂ ਦਾ ਅਸਰ ਹੁਣ ਯਾਤਰਾ ਖੇਤਰ ਵਿੱਚ ਵੀ ਦਿਖਾਈ ਦੇ ਰਿਹਾ ਹੈ। ਕੈਨੇਡੀਅਨ ਯਾਤਰੀ ਅਮਰੀਕਾ ਜਾਣ ਤੋਂ ਕਤਰਾਉਂਦੇ ਨਜ਼ਰ ਆ ਰਹੇ ਹਨ, ਤਾਂ ਦੂਜੇ ਪਾਸੇ ਉਹ ਹੋਰਨਾਂ ਦੇਸ਼ਾਂ ਨੂੰ ਯਾਤਰਾ ਲਈ ਤਰਜੀਹ ਦੇ ਰਹੇ ਹਨ। ਫਲਾਈਟਸ ਸੈਂਟਰ ਦੀ ਰਿਪੋਰਟ ਮੁਤਾਬਕ, ਅਮਰੀਕਾ ਜਾਣ ਵਾਲੀਆਂ ਬੁਕਿੰਗਾਂ ਵਿੱਚ 40 ਫੀਸਦੀ ਦੀ ਗਿਰਾਵਟ ਆਈ ਹੈ।

ਯੂਰਪ, ਮੈਕਸੀਕੋ ਬਣੇ ਪਸੰਦ

ਕੈਨੇਡਾ ਵਾਸੀ ਹੁਣ ਆਪਣੀ ਯਾਤਰਾ ਲਈ ਯੂਰਪ, ਮੈਕਸੀਕੋ ਅਤੇ ਡੋਮਿਨੀਕ ਐਂਡ ਰਿਪਬਲਿਕ ਵਰਗੀਆਂ ਥਾਵਾਂ ਦੀ ਚੋਣ ਕਰ ਰਹੇ ਹਨ। ਜਦਕਿ ਯਾਤਰੀ ਅਮਰੀਕਾ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਦੇ ਨਵੇਂ ਪਸੰਦੀਦਾ ਥਾਵਾਂ ਉੱਤੇ ਵੀ ਬੋਝ ਵਧ ਰਿਹਾ ਹੈ। ਉੱਚੀ ਮੰਗ ਦੇ ਕਾਰਨ, ਯੂਰਪੀ ਅਤੇ ਲਾਤੀਨੀ-ਅਮਰੀਕਨ ਟਿਕਟਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਜਿਸ ਕਾਰਨ ਕੈਨੇਡੀਅਨ ਯਾਤਰੀ ਹੁਣ ਜਪਾਨ ਨੂੰ ਵੀ ਯਾਤਰਾ ਲਈ ਚੰਗਾ ਵਿਕਲਪ ਮੰਨ ਰਹੇ ਹਨ। ਇਸ ਦਾ ਇੱਕ ਮੁੱਖ ਕਾਰਨ ਇਹ ਹੈ ਕਿ ਜਪਾਨੀ ਕਰੰਸੀ (ਯੇਨ) ਮੁਕਾਬਲੇ ਕਨੇਡੀਅਨ ਡਾਲਰ ਮਜ਼ਬੂਤ ਹੈ, ਜਿਸ ਕਰਕੇ ਲੋਕ ਉੱਥੇ ਘੱਟ ਖਰਚ ‘ਚ ਆਨੰਦ ਮਾਣ ਸਕਦੇ ਹਨ।

ਚੁਣੌਤੀਪੂਰਨ ਦੌਰ ਸ਼ੁਰੂ

ਜ਼ਿਕਰਯੋਗ ਹੈ ਕਿ ਅਮਰੀਕਾ-ਕੈਨੇਡਾ ਵਪਾਰਕ ਜੰਗ ਕਾਰਨ, ਕੈਨੇਡੀਅਨ ਲੋਕ ਆਮ ਤੌਰ ‘ਤੇ ਅਮਰੀਕਾ ਜਾਣ ਤੋਂ ਕਤਰਾਉਂਦੇ ਨਜ਼ਰ ਆ ਰਹੇ ਹਨ। ਕਈ ਕੈਨੇਡੀਅਨ ਆਪਣੇ ਯੂਐਸ ਟ੍ਰੈਵਲ ਪਲਾਨਾਂ ਨੂੰ ਰੱਦ ਕਰ ਰਹੇ ਹਨ ਜਾਂ ਹੋਰਨਾਂ ਥਾਵਾਂ ਵਲ ਧਿਆਨ ਦੇ ਰਹੇ ਹਨ। ਫਲਾਈਟਸ ਅਤੇ ਹੋਟਲ ਰਿਜ਼ਰਵੇਸ਼ਨ ਕੰਪਨੀਆਂ ਲਈ ਇਹ ਇੱਕ ਨਵਾਂ ਚੁਣੌਤੀਪੂਰਨ ਦੌਰ ਸ਼ੁਰੂ ਹੋ ਗਿਆ ਹੈ। ਅਮਰੀਕਾ ਵਿੱਚ ਵਿਦੇਸ਼ੀ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਰਕੇ, ਉਥੇ ਹੋਟਲ ਅਤੇ ਟੂਰਿਸਟ ਉੱਤੇ ਆਰਥਿਕ ਅਸਰ ਪੈ ਸਕਦਾ ਹੈ। ਇਹ ਵੀ ਵੇਖਣ ‘ਚ ਆਇਆ ਹੈ ਕਿ ਕੈਨੇਡੀਅਨ ਵਾਧੂ ਖਰਚਿਆਂ ਤੋਂ ਬਚਣ ਲਈ, ਹੁਣ ਤੋਂ ਹੀ ਆਪਣੀਆਂ ਬੁਕਿੰਗਾਂ ਕਰ ਰਹੇ ਹਨ।
 

ਇਹ ਵੀ ਪੜ੍ਹੋ

Tags :