Punjab Weather: ਠੰਢ ਨੇ ਕੰਬਣ ਲਾਏ ਲੋਕ, ਖੰਨਾ ਵਿੱਚ ਠੰਡ ਨਾਲ ਵਿਅਕਤੀ ਦੀ ਮੌਤ

ਧੁੰਦ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ।

Share:

ਹਾਈਲਾਈਟਸ

  • 19 ਦਸੰਬਰ ਤੱਕ ਸੰਘਣੀ ਧੁੰਦ ਚੇਤਾਵਨੀ ਦਿੱਤੀ ਗਈ ਹੈ

ਪੰਜਾਬ ਵਿੱਚ ਠੰਢ ਨੇ ਹੁਣ ਜੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਉੱਚੇ ਇਲਾਕਿਆਂ ਵਿੱਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਸੀਤ ਲਹਿਰ ਜਾਰੀ ਹੈ। ਸੂਬੇ ਦੇ ਲੋਕ ਠੰਢ ਕਾਰਨ ਕੰਬ ਰਹੇ ਹਨ। ਧੁੰਦ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ 'ਚ ਘਰੋਂ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਜਿਵੇਂ-ਜਿਵੇਂ ਸ਼ਾਮ ਢਲ ਰਹੀ ਹੈ, ਲੋਕ ਆਪਣੇ-ਆਪਣੇ ਘਰਾਂ ਵਿੱਚ ਵੜ ਰਹੇ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

ਖੰਨਾ ਬੱਸ ਸਟੈਂਡ ਤੇ ਠੰਡ ਕਾਰਨ ਵਿਅਕਤੀ ਨੇ ਤੋੜਿਆ ਦੱਮ

ਪੰਜਾਬ ਵਿੱਚ ਵੱਧਦੀ ਠੰਡ ਕਾਰਨ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਖੰਨਾ ਬੱਸ ਅੱਡੇ ਤੋਂ ਵਿਅਕਤੀ ਦੀ ਲਾਸ਼ ਮਿਲੀ ਹੈ। ਮੌਤ ਦਾ ਕਾਰਨ ਠੰਡ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ (55) ਵਾਸੀ ਲਲਹੇੜੀ ਰੋਡ ਖੰਨਾ ਵਜੋਂ ਹੋਈ ਹੈ। ਸ਼ੁਰੂਆਤ 'ਚ ਕਾਫੀ ਦੇਰ ਤੱਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਬਾਅਦ 'ਚ ਪਤਾ ਲੱਗਾ ਕਿ ਵਿਅਕਤੀ ਖੰਨਾ ਦਾ ਹੀ ਰਹਿਣ ਵਾਲਾ ਸੀ। ਉਹ 2007 ਤੋਂ ਘਰੋਂ ਬੇਦਖਲ ਹੈ। ਐਸ.ਐਚ.ਓ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਵਿੱਚ ਕਿਸੇ ਦੀ ਲਾਸ਼ ਪਈ ਹੈ ਅਤੇ ਮੌਕੇ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਵਿਅਕਤੀ ਬੱਸ ਸਟੈਂਡ ਵਿੱਚ ਹੀ ਘੁੰਮਦਾ ਰਹਿੰਦਾ ਸੀ। ਰਾਤ ਨੂੰ ਉਹ ਕਦੇ ਬੱਸ ਸਟੈਂਡ ਤੇ ਕਦੇ ਪਾਰਕ ਵਿੱਚ ਸੌਂ ਜਾਂਦਾ। ਉਸਦੀ ਭੈਣ ਮਨਜਿੰਦਰ ਕੌਰ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਅੱਜ ਛਾਏ ਰਹਿਣਗੇ ਬੱਦਲ

ਅੱਜ ਅੰਸ਼ਕ ਤੌਰ 'ਤੇ ਬੱਦਲ ਛਾਏ ਰਹਿਣਗੇ। ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ 19.1 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 06 ਡਿਗਰੀ ਸੈਲਸੀਅਸ ਦਰਜ ਕੀਤਾ ਜਾਵੇਗਾ। ਵਿਭਾਗ ਮੁਤਾਬਕ ਰਾਤ ਦੇ ਤਾਪਮਾਨ 'ਚ ਗਿਰਾਵਟ ਦੀ ਸੰਭਾਵਨਾ ਹੈ। ਜਦਕਿ ਸੂਬੇ ਦੇ ਬਾਕੀ ਜ਼ਿਲ੍ਹਿਆਂ ਸੰਗਰੂਰ, ਮਲੇਰਕੋਟਲਾ ਅਤੇ ਬਰਨਾਲਾ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 06 ਡਿਗਰੀ ਰਹੇਗਾ।

 

ਦਰਮਿਆਨੀ ਬਾਰਿਸ਼ ਦੀ ਵੀ ਸੰਭਾਵਨਾ

ਵਧਦੀ ਠੰਡ ਦੇ ਮੱਦੇਨਜ਼ਰ ਸਕੂਲਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਜਲੰਧਰ ਵਿੱਚ ਆਮ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਕਈ ਰਾਜਾਂ ਵਿੱਚ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। 19 ਦਸੰਬਰ ਤੱਕ ਸੰਘਣੀ ਧੁੰਦ ਚੇਤਾਵਨੀ ਦਿੱਤੀ ਗਈ ਹੈ। ਧੁੰਦ ਕਾਰਨ ਵਿਜ਼ੀਬਿਲਟੀ ਵੀ ਘੱਟ ਜਾਂਦੀ ਹੈ, ਜਿਸ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ