ਪੰਜਾਬ ਵਿਧਾਨ ਸਭਾ ਸੈਸ਼ਨ - ਸੀਐਮ ਭਗਵੰਤ ਮਾਨ ਨੇ ਕੀਤੇ ਅਹਿਮ ਐਲਾਨ

ਵਿਰੋਧੀਆਂ ਨਾਲ ਤਲਖੀ 'ਚ ਲੰਘਿਆ ਪਹਿਲਾ ਦਿਨ। ਸੂਬੇ ਦੇ ਵਿਕਾਸ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਕਈ ਵੱਡੇ ਪ੍ਰੋਜੈਕਟਾਂ ਦਾ ਐਲਾਨ ਕੀਤਾ ਗਿਆ। 

Share:

ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਮੁੱਖ ਮੰਤਰੀ ਨੇ ਆਉਣ ਵਾਲੇ ਦਿਨਾਂ ਵਿੱਚ ਸੂਬੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਕਰਨ ਦਾ ਐਲਾਨ ਕੀਤਾ। ਸੀਐਮ ਮਾਨ ਨੇ ਕਿਹਾ ਕਿ ਏਆਈ ਦੀ ਵਰਤੋਂ ਬੁਨਿਆਦੀ ਢਾਂਚੇ, ਮਾਲੀਆ, ਸਿਹਤ ਅਤੇ ਖੇਤੀਬਾੜੀ ਵਿੱਚ ਕੀਤੀ ਜਾਵੇਗੀ। ਸਰਕਾਰ ਨੇ ਇਸਦਾ ਪਾਇਲਟ ਪ੍ਰੋਜੈਕਟ ਪਹਿਲਾਂ ਹੀ ਅਜਮਾਇਆ ਹੈ। ਇਸਦੇ ਫਾਇਦੇ ਵੀ ਸਾਹਮਣੇ ਆਏ ਹਨ। ਇਸਦੇ ਨਾਲ ਹੀ ਸਦਨ ਵਿੱਚ ਦੋ ਮਨੀ ਬਿੱਲ ਵੀ ਪਾਸ ਕੀਤੇ ਗਏ। ਦੱਸ ਦਈਏ ਕਿ ਹਾਲ ਹੀ 'ਚ ਸੁਪਰੀਮ ਕੋਰਟ ਨੇ ਸੈਸ਼ਨ ਨੂੰ ਜਾਇਜ਼ ਕਰਾਰ ਦਿੱਤਾ ਸੀ। ਜਿਸਤੋਂ ਬਾਅਦ ਸੀਐਮ ਭਗਵੰਤ ਮਾਨ ਨੇ 28 ਅਤੇ 29 ਨਵੰਬਰ ਨੂੰ ਸਰਦ ਰੁੱਤ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਸੀ। ਜੀਰੋ ਆਵਰ ਵਿੱਚ ਕਾਂਗਰਸ ਨੇ ਮਾਈਨਿੰਗ ਅਤੇ ਪ੍ਰੋਫੈਸਰ ਬਲਵਿੰਦਰ ਕੌਰ ਦੀ ਖੁਦਕੁਸ਼ੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਹਾਲ ਹੀ ਵਿੱਚ ਧਰਨੇ ਦੌਰਾਨ ਖੁਦਕੁਸ਼ੀ ਕਰ ਚੁੱਕੀ ਪ੍ਰੋਫੈਸਰ ਬਲਵਿੰਦਰ ਕੌਰ ਦੀ ਧੀ ਨੂੰ ਪਲੇਨ ਪੇਪਰ ਵਿੱਚ ਨੌਕਰੀ ਦੇਣ ਦਾ ਮੁੱਦਾ ਉਠਾਇਆ। ਸੂਬੇ 'ਚ ਹੋ ਰਹੀ ਮਾਈਨਿੰਗ ਦੇ ਮੁੱਦੇ 'ਤੇ ਵੀ ਤਲਖੀ ਵਧੀ। 

ਏਆਈ ਨੂੰ ਪਰਖਣ ਦੀ ਤਿਆਰੀ 

ਸੀਐਮ ਮਾਨ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਪਰਖਣ ਲਈ ਸੜਕਾਂ ਦੀ ਮੁਰੰਮਤ ਲਈ ਮੈਨੂਅਲ ਐਸਟੀਮੇਟ ਤਿਆਰ ਕੀਤਾ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਏਆਈ ਤਕਨੀਕ ਰਾਹੀਂ ਤਿਆਰ ਕੀਤੇ ਗਏ ਅਨੁਮਾਨ ਵਿੱਚ 65 ਹਜ਼ਾਰ ਕਿਲੋਮੀਟਰ ਦਾ ਅਨੁਮਾਨ ਮੈਨੁਅਲ ਤੋਂ 163.26 ਕਰੋੜ ਰੁਪਏ ਘੱਟ ਸੀ। ਜਦਕਿ 540 ਕਿ.ਮੀ. ਸੜਕਾਂ ਅਜਿਹੀਆਂ ਮਿਲੀਆਂ ਜੋ ਹਕੀਕਤ ਚ ਹੈ ਹੀ ਨਹੀਂ।  ਇਹ ਉਹ ਸੜਕਾਂ ਸਨ ਜੋ ਕਾਗਜ਼ਾਂ ਚ ਸਨ। ਪਰ ਧਰਤੀ 'ਤੇ ਨਹੀਂ। ਪੁਰਾਣੇ ਸਮਿਆਂ 'ਚ ਇਨ੍ਹਾਂ ਸੜਕਾਂ ਨੂੰ ਤਿਆਰ ਕਰਨ ਅਤੇ ਮੁਰੰਮਤ ਕਰਨ 'ਤੇ  ਪੈਸਾ ਖਰਚ ਕੀਤਾ ਗਿਆ।

ਭਾਜਪਾ ਨੂੰ ਲਾਏ ਰਗੜੇ 

ਸੀਐਮ ਭਗਵੰਤ ਮਾਨ ਨੇ ਕੇਂਦਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਪੰਜਾਬ ਵਿਰੋਧੀ ਚੱਲ ਰਹੀ ਹੈ। ਉਨ੍ਹਾਂ ਪੰਜਾਬ ਪ੍ਰਧਾਨ ਸੁਨੀਲ ਜਾਖੜ 'ਤੇ ਤੰਜ ਕਸਦਿਆਂ ਕਿਹਾ ਕਿ ਉਹ ਉਨ੍ਹਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਹਨ, ਜੋ ਪਹਿਲਾਂ ਕਾਂਗਰਸ 'ਚ ਸਨ ਅਤੇ ਹੁਣ ਪੰਜਾਬ ਭਾਜਪਾ ਦੇ ਪ੍ਰਧਾਨ ਹਨ। ਸੀਐਮ ਮਾਨ ਨੇ ਦੋਸ਼ ਲਾਇਆ ਕਿ ਜੇਕਰ ਭਾਜਪਾ ਦਾ ਬਸ ਚੱਲਦਾ ਤਾਂ ਉਹ ਸਾਨੂੰ ਜਨਗਣਨਾ ਤੋਂ ਵੀ ਬਾਹਰ ਕਰ ਦੇਵੇ। ਭਾਜਪਾ ਪੰਜਾਬ ਦਾ ਪੈਸਾ ਰੋਕ ਰਹੀ ਹੈ। ਕੋਲਾ ਵੀ ਸ਼੍ਰੀਲੰਕਾ ਤੋਂ ਮੰਗਵਾਇਆ ਗਿਆ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦੋ ਮਨੀ ਬਿੱਲ ਪੇਸ਼ ਕੀਤੇ ਜਾ ਰਹੇ ਹਨ ਅਤੇ ਭਲਕੇ ਤਿੰਨ ਬਿੱਲ ਪੇਸ਼ ਕੀਤੇ ਜਾਣਗੇ। ਜੋ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਹਨ।  ਇਸ ਨਾਲ ਪੰਜਾਬ ਦੀ ਆਰਥਿਕਤਾ ਵਿੱਚ ਸੁਧਾਰ ਹੋਵੇਗਾ।

ਸ਼ਹੀਦਾਂ ਨੂੰ ਯਾਦ ਕਰਕੇ ਸ਼ੁਰੂਆਤ 

ਸੈਸ਼ਨ ਦੀ ਸ਼ੁਰੂਆਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ 2 ਮਿੰਟ ਦਾ ਮੌਨ ਰਖਵਾ ਕੇ ਕੀਤੀ। ਸਵਾਲ-ਜਵਾਬ ਦੌਰ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੋਈ। ਅੰਤ ਵਿੱਚ ਸੈਸ਼ਨ ਦੇ ਪਹਿਲੇ ਦਿਨ ਦੋ ਬਿੱਲ ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ ਸੋਧ ਬਿੱਲ 2023 ਅਤੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਸੋਧ ਬਿੱਲ 2023 ਪਾਸ ਕੀਤੇ ਗਏ। 

 

 

ਇਹ ਵੀ ਪੜ੍ਹੋ