ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਲੁਧਿਆਣਾ ਨਿਗਮ ਦੇ ਏਟੀਪੀ ਤੇ ਲਾਇਆ ਜੁਰਮਾਨਾ, ਜਾਣੋ ਕੀ ਹੈ ਮਾਮਲਾ

ਕਮਿਸ਼ਨ ਵਲੋਂ ਏਟੀਪੀ ਸੁਨੀਲ ਕੁਮਾਰ 'ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੁਨੀਲ ਪਹਿਲਾਂ ਹੀ ਆਰਟੀਆਈ ਵਿੱਚ ਬਿਨੈਕਾਰ ਨੂੰ ਜਾਅਲੀ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਮੁਅੱਤਲ ਹੈ। 

Share:

ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਲੁਧਿਆਣਾ ਨਗਰ ਨਿਗਮ ਦੇ ਸਹਾਇਕ ਟਾਊਨ ਪਲਾਨਰ (ਏਟੀਪੀ) ਤੇ ਜੁਰਮਾਨਾ ਲਗਾਇਆ ਹੈ। ਨਾਲ ਹੀ ਕਮਿਸ਼ਨ ਨੇ ਲੁਧਿਆਣਾ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਅਪੀਲਕਰਤਾ ਦੀ ਆਰਟੀਆਈ ਅਰਜ਼ੀ ਅਤੇ ਇਸ ਵਿੱਚ ਮੰਗੀ ਗਈ ਜਾਣਕਾਰੀ ਦੇ ਹਰੇਕ ਸਵਾਲ ਦਾ ਜਵਾਬ ਦੇਣ ਲਈ ਵੀ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਵਲੋਂ ਏਟੀਪੀ ਸੁਨੀਲ ਕੁਮਾਰ 'ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੁਨੀਲ ਪਹਿਲਾਂ ਹੀ ਆਰਟੀਆਈ ਵਿੱਚ ਬਿਨੈਕਾਰ ਨੂੰ ਜਾਅਲੀ ਜਾਣਕਾਰੀ ਦੇਣ ਦੇ ਮਾਮਲੇ ਵਿੱਚ ਮੁਅੱਤਲ ਹੈ। ਕਮਿਸ਼ਨ ਨੇ ਬਿਨੈਕਾਰ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਨਗਰ ਨਿਗਮ ਲੁਧਿਆਣਾ ਨੂੰ 15 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦੀ ਹਦਾਇਤ ਕੀਤੀ ਹੈ। ਡਿਮਾਂਡ ਡਰਾਫਟ ਅਤੇ ਭੁਗਤਾਨ ਦਾ ਸਬੂਤ ਕਮਿਸ਼ਨ ਨੂੰ ਪੇਸ਼ ਕੀਤਾ ਜਾਵੇ। ਇਸ ਮਾਮਲੇ ਦੀ ਅਗਲੀ ਸੁਣਵਾਈ 15 ਫਰਵਰੀ 2024 ਨੂੰ ਹੋਵੇਗੀ। 

ਏਟੀਪੀ ਦੀਆਂ ਸੇਵਾਵਾਂ ਕਰ ਦਿੱਤੀਆਂ ਸੀ ਮੁਅੱਤਲ 

ਚੰਡੀਗੜ੍ਹ ਰੋਡ ਸਥਿਤ ਵਰਧਮਾਨ ਪਾਰਕ ਦੀ ਨੇਹਾ ਘਈ ਅਤੇ ਉਸਦੇ ਪਤੀ ਨਵੀਨ ਘਈ ਨੇ ਦੱਸਿਆ ਕਿ ਉਨ੍ਹਾਂ ਨੇ ਕਲੋਨੀ ਵਿੱਚ ਕੁਝ ਉਲੰਘਣਾਵਾਂ ਪਾਈਆਂ ਸਨ। ਉਨ੍ਹਾਂ ਨੇ ਇਸ ਮਾਮਲੇ ਨੂੰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਦੇ ਸਾਹਮਣੇ ਰੱਖਿਆ। (ਰੇਰਾ) ਨੇ ਉਸ ਦੇ ਹੱਕ ਵਿੱਚ ਕੇਸ ਦਾ ਨਿਪਟਾਰਾ ਕਰ ਦਿੱਤਾ। ਉਨ੍ਹਾਂ ਨੇ 22 ਦਸੰਬਰ 2020 ਨੂੰ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਅਰਜ਼ੀ ਦਾਇਰ ਕਰਕੇ ਨਗਰ ਨਿਗਮ ਲੁਧਿਆਣਾ ਤੋਂ ਜਾਣਕਾਰੀ ਮੰਗੀ ਸੀ ਕਿ ਵਰਧਮਾਨ ਪਾਰਕ ਪ੍ਰਾਜੈਕਟ ਨੂੰ ਕਿਹੜੀ ਮਨਜ਼ੂਰੀ ਦਿੱਤੀ ਗਈ ਸੀ ਪਰ ਨਿਗਮ ਦੇ ਲੋਕ ਸੂਚਨਾ ਅਧਿਕਾਰੀ (ਪੀ.ਆਈ.ਓ.) ਜਾਣਕਾਰੀ ਨਹੀਂ ਦੇ ਰਿਹਾ। ਇਸ ਦੌਰਾਨ ਉਨ੍ਹਾਂ ਨੂੰ 13 ਦਸੰਬਰ 2022 ਨੂੰ ਸੂਚਨਾ ਮਿਲੀ ਸੀ।

ਆਰਟੀਆਈ ਵਿੱਚ ਝੂਠੀ ਜਾਂਚ ਦਾ ਬਣਾਇਆ ਬਹਾਨਾ

ਪੀਆਈਓ ਨੇ ਜਾਣਕਾਰੀ ਵਿੱਚ ਲਿਖਿਆ ਕਿ ਕੇਂਦਰੀ ਵਿਜੀਲੈਂਸ ਦਫ਼ਤਰ (ਸੀਵੀਓ)  ਨਿਗਮ ਵੱਲੋਂ ਜਾਂਚ ਜਾਰੀ ਹੈ, ਪਰ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਜਦੋਂ ਉਨ੍ਹਾਂ ਸੀਵੀਓ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਅਜਿਹੀ ਕੋਈ ਜਾਂਚ ਨਹੀਂ ਹੋ ਰਹੀ ਹੈ। ਆਰਟੀਆਈ ਵਿੱਚ ਝੂਠੀ ਜਾਂਚ ਦਾ ਬਹਾਨਾ ਬਣਾਇਆ ਗਿਆ। ਪੀਆਈਓ ਵੱਲੋਂ ਦਿੱਤੀ ਗਈ ਜਾਣਕਾਰੀ ਫਰਜ਼ੀ ਸੀ। ਅਧਿਕਾਰੀਆਂ ਕੋਲ ਮਾਮਲਾ ਉਠਾਉਣ ਤੋਂ ਬਾਅਦ ਉਨ੍ਹਾਂ ਏਟੀਪੀ ਸੁਨੀਲ ਕੁਮਾਰ ਦੀਆਂ ਸੇਵਾਵਾਂ ਮੁਅੱਤਲ ਕਰ ਦਿੱਤੀਆਂ।  

ਇਹ ਵੀ ਪੜ੍ਹੋ