ਪੰਜਾਬ ਦੀਆਂ ਮੰਡੀਆਂ ਪਈਆਂ ਸੁੰਨੀਆਂ, 10 ਅਪ੍ਰੈਲ ਤੋਂ ਬਾਅਦ ਕਣਕ ਦੀ ਆਮਦ ਫੜੇਗੀ ਰਫ਼ਤਾਰ, ਡੀਸੀ ਨੇ ਲਿਆ ਪ੍ਰਬੰਧਾਂ ਦਾ ਜਾਇਜ਼ਾ

ਸਬੰਧਤ ਅਧਿਕਾਰੀਆਂ, ਆੜ੍ਹਤੀਆਂ ਐਸੋਸ਼ੀਏਸ਼ਨ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਤੋਂ ਜ਼ਿਲ੍ਹਾ ਲੁਧਿਆਣਾ ਦੀਆਂ ਅਨਾਜ ਮੰਡੀਆਂ ਵਿੱਚ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲਿਆ। 

Courtesy: ਡੀਸੀ ਹਿਮਾਂਸ਼ੂ ਜੈਨ ਨੇ ਕਣਕ ਦੇ ਸੀਜ਼ਨ ਨੂੰ ਲੈਕੇ ਮੀਟਿੰਗ ਕੀਤੀ

Share:

ਪੰਜਾਬ ਵਿੱਚ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ। ਜਿਸ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਵੀ ਖਰੀਦ ਪ੍ਰਬੰਧ ਨੇਪਰੇ ਚਾੜ੍ਹੇ ਜਾ ਚੁੱਕੇ ਹਨ। ਇਹ ਜਾਣਕਾਰੀ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਰੱਬੀ ਸੀਜ਼ਨ 2025-26 ਦੇ ਸਬੰਧ ਵਿੱਚ ਕੀਤੇ ਗਏ ਪ੍ਰਬੰਧਾਂ ਬਾਰੇ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ, ਆੜ੍ਹਤੀਆਂ ਐਸੋਸੀਏਸ਼ਨ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸਬੰਧਤ ਅਧਿਕਾਰੀਆਂ, ਆੜ੍ਹਤੀਆਂ ਐਸੋਸ਼ੀਏਸ਼ਨ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਤੋਂ ਜ਼ਿਲ੍ਹਾ ਲੁਧਿਆਣਾ ਦੀਆਂ ਅਨਾਜ ਮੰਡੀਆਂ ਵਿੱਚ ਜ਼ਮੀਨੀ ਪੱਧਰ ਦੀ ਸਥਿਤੀ ਦਾ ਜਾਇਜ਼ਾ ਲਿਆ। 

ਨਵੀਂ ਕਣਕ ਦੀ ਆਮਦ ਇੱਕ ਹਫ਼ਤੇ ਤੱਕ ਹੋਵੇਗੀ

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਉਪਜ ਦੀ ਸੁਚਾਰੂ ਅਤੇ ਨਿਰਵਿਘਨ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀ ਲਿਆਂਦੀ ਜਾਣ ਵਾਲੀ ਕਣਕ ਨੂੰ ਬਿਨਾਂ ਕਿਸੇ ਔਕੜ ਦੇ ਤੁਰੰਤ ਖਰੀਦੇ ਜਾਣ ਨੂੰ ਯਕੀਨੀ ਬਣਾਉਣ ਲਈ ਇੱਕ ਪ੍ਰਭਾਵੀ ਵਿਧੀ ਪਹਿਲਾਂ ਹੀ ਵਿਕਸਤ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਕਣਕ ਦੀ ਨਿਰਵਿਘਨ ਖਰੀਦ ਅਤੇ ਲਿਫਟਿੰਗ ਨੂੰ ਯਕੀਨੀ ਬਣਾਉਣ ਲਈ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਚੱਲਦੇ ਮੌਸਮ ਨੂੰ ਦੇਖਦੇ ਹੋਏ ਸੰਭਾਵਨਾ ਹੈ ਕਿ ਮੰਡੀਆਂ ਵਿਚ ਨਵੀਂ ਕਣਕ ਦੀ ਆਮਦ ਇੱਕ ਹਫ਼ਤੇ ਤੱਕ ਹੋਵੇ।

8,29,755 ਮੀਟਰਕ ਟਨ ਕਣਕ ਆਮਦ ਆਉਣ ਦੀ ਸੰਭਾਵਨਾ


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਦੀਆਂ ਕੁੱਲ 108 ਮੰਡੀਆਂ ਵਿੱਚ ਅੰਦਾਜ਼ਨ  8,29,755 ਮੀਟਰਕ ਟਨ ਕਣਕ ਆਮਦ ਆਉਣ ਦੀ ਸੰਭਾਵਨਾ ਹੈ। ਜਿਸ ਲਈ ਸਮੂਹ ਖਰੀਦ ਏਜੰਸੀਆਂ ਵਿਚਕਾਰ ਇਹਨਾਂ ਮੰਡੀਆਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਸਮੂਹ ਖਰੀਦ ਏਜੰਸੀਆਂ ਕੋਲ ਲੋੜੀਂਦੀ ਮਾਤਰਾ ਵਿੱਚ ਬਾਰਦਾਨਾ/ਗੱਠਾਂ ਉਪਲੱਬਧ ਹਨ। ਉਹਨਾਂ ਕਿਹਾ ਕਿ ਰੱਬੀ ਸੀਜ਼ਨ 2025-26 ਦੌਰਾਨ ਖਰੀਦ ਦਾ ਸਮਾਂ ਮਿਤੀ 1 ਅਪ੍ਰੈਲ, 2025 ਤੋਂ 31 ਮਈ, 2025 ਤੱਕ ਨਿਰਧਾਰਿਤ ਕੀਤਾ ਹੈ। ਸਰਕਾਰ ਵੱਲੋਂ 2425 ਰੁਪਏ ਪ੍ਰਤੀ ਕੁਇੰਟਲ ਮੁੱਲ ਨਿਰਧਾਰਿਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਲਈ ਜ਼ਿਲ੍ਹਾ ਲੁਧਿਆਣਾ ਵਿੱਚ 108 ਸਰਕਾਰੀ ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਜਿੰਨਾ ਵਿੱਚ ਖਰੀਦ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।

ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਅਪੀਲ


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਖਰੀਦ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਸਮੂਹ ਵਿਭਾਗਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦਾ ਇਕ ਇਕ ਦਾਣਾ ਖਰੀਦਣ ਲਈ ਦ੍ਰਿੜ ਵਚਨਬੱਧ ਹੈ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਸੁੱਕੀ ਕਣਕ ਮੰਡੀਆਂ ਵਿੱਚ ਲਿਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਣਕ ਵਿੱਚ 12 ਫੀਸਦੀ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਉਹਨਾਂ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰਾਂ 'ਚ ਅਮਰਜੀਤ ਬੈਂਸ, ਰੋਹਿਤ ਗੁਪਤਾ, ਕੁਲਪ੍ਰੀਤ ਸਿੰਘ, ਸ਼ਿਖਾ ਭਗਤ, ਐਸ.ਡੀ.ਐਮਜ਼  ਡਾ. ਬਲਜਿੰਦਰ ਸਿੰਘ ਢਿੱਲੋਂ, ਰਜਨੀਸ਼ ਅਰੋੜਾ, ਪੂਨਮਪ੍ਰੀਤ ਕੌਰ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ (ਪੂਰਬੀ) ਸਿਫਾਲੀ ਚੋਪੜਾ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ (ਪੱਛਮੀ) ਸਰਤਾਜ ਸਿੰਘ ਚੀਮਾ, ਜ਼ਿਲ੍ਹਾ ਮੰਡੀ ਅਫਸਰ ਰਮਨਦੀਪ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਅਤੇ ਆੜ੍ਹਤੀਆਂ ਐਸੋਸੀਏਸ਼ਨ, ਕਿਸਾਨ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਸਨ।

ਇਹ ਵੀ ਪੜ੍ਹੋ