ਐਨੀ ਵੀ ਨੀ ਮਾੜੀ ਹੁੰਦੀ ਪੁਲਿਸ ਪੰਜਾਬ ਦੀ - ਨਸ਼ਾ ਤਸਕਰ ਦਾ ਘਰ ਤੋੜਨ ਗਏ ਅਫ਼ਸਰ ਔਰਤਾਂ ਦੇ ਹੰਝੂ ਦੇਖ ਕੇ ਵਾਪਸ ਮੁੜੇ 

ਦਰਅਸਲ, ਪੁਲਿਸ ਅਫ਼ਸਰਾਂ ਨੇ ਤਰਲੇ ਕੱਢ ਰਹੀਆਂ ਤੇ ਹੰਝੂ ਬਹਾ ਰਹੀਆਂ ਬੇਗੁਨਾਹ ਔਰਤਾਂ ਦੀ ਤਰਸਯੋਗ ਹਾਲਤ ਦੇਖ ਕੇ ਬੁਲਡੋਜ਼ਰ ਕਾਰਵਾਈ ਰੋਕ ਦਿੱਤੀ। ਨਸ਼ਾ ਤਸਕਰ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਅੱਗੇ ਹੱਥ ਜੋੜ ਕੇ ਆਪਣੀ ਗਲਤੀ 'ਤੇ ਪਛਤਾਵਾ ਕੀਤਾ।

Courtesy: ਸਮਰਾਲਾ ਪੁਲਿਸ ਨੇ ਔਰਤਾਂ ਦੇ ਤਰਲੇ ਦੇਖ ਕੇ ਕਾਰਵਾਈ ਰੋਕ ਦਿੱਤੀ

Share:

ਅਕਸਰ ਪੰਜਾਬ ਪੁਲਿਸ ਨੂੰ ਮਾੜੀ ਕਾਰਜਸ਼ੈਲੀ ਦਾ ਹਵਾਲਾ ਦੇ ਕੇ ਬਦਨਾਮ ਕੀਤਾ ਜਾਂਦਾ ਹੈ ਤੇ ਤੰਜ ਕਸੇ ਜਾਂਦੇ ਹਨ। ਪ੍ਰੰਤੂ, ਪੁਲਿਸ ਦਾ ਸਕਾਰਾਤਮਕ ਰੂਪ ਵੀ ਸਮਾਜ 'ਚ ਹਮੇਸ਼ਾਂ ਦੇਖਣ ਨੂੰ ਮਿਲਦਾ ਹੈ ਜਿਸਦੀ ਸ਼ਲਾਘਾ ਬਹੁਤ ਘੱਟ ਲੋਕ ਕਰਦੇ ਹਨ। ਅਜਿਹਾ ਹੀ ਅੱਜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਸਮਰਾਲਾ 'ਚ ਨਸ਼ਾ ਤਸਕਰ ਦਾ ਘਰ ਤੋੜਨ ਗਈ ਪੁਲਿਸ ਬਿਨ੍ਹਾਂ ਕਾਰਵਾਈ ਕੀਤੇ ਵਾਪਸ ਮੁੜ ਆਈ। ਦਰਅਸਲ, ਪੁਲਿਸ ਅਫ਼ਸਰਾਂ ਨੇ ਤਰਲੇ ਕੱਢ ਰਹੀਆਂ ਤੇ ਹੰਝੂ ਬਹਾ ਰਹੀਆਂ ਬੇਗੁਨਾਹ ਔਰਤਾਂ ਦੀ ਤਰਸਯੋਗ ਹਾਲਤ ਦੇਖ ਕੇ ਬੁਲਡੋਜ਼ਰ ਕਾਰਵਾਈ ਰੋਕ ਦਿੱਤੀ। ਨਸ਼ਾ ਤਸਕਰ ਦੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਪੁਲਿਸ ਅੱਗੇ ਹੱਥ ਜੋੜ ਕੇ ਆਪਣੀ ਗਲਤੀ 'ਤੇ ਪਛਤਾਵਾ ਕੀਤਾ। ਉਨ੍ਹਾਂ 'ਤੇ ਤਰਸ ਖਾ ਕੇ ਕਾਰਵਾਈ ਰੋਕ ਦਿੱਤੀ ਗਈ। ਪੁਲਿਸ ਚੇਤਾਵਨੀ ਦੇਣ ਤੋਂ ਬਾਅਦ ਵਾਪਸ ਆ ਗਈ।

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 5 ਮਾਮਲੇ ਦਰਜ

ਡੀਐਸਪੀ ਤਰਲੋਕ ਸਿੰਘ ਨੇ ਦੱਸਿਆ ਕਿ ਖੰਨਾ ਰੋਡ 'ਤੇ ਰਹਿਣ ਵਾਲੇ ਵਿਕਰਮ ਉਰਫ਼ ਪਵਨ ਖ਼ਿਲਾਫ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਚਾਰ ਮਾਮਲੇ ਅਤੇ ਲੁੱਟ ਦਾ ਇੱਕ ਮਾਮਲਾ ਦਰਜ ਹੈ। ਨਗਰ ਕੌਂਸਲ ਦੇ ਸਹਿਯੋਗ ਨਾਲ ਪੁਲਿਸ ਘਰ ਨੂੰ ਢਾਹੁਣ ਲਈ ਇੱਥੇ ਪਹੁੰਚੀ ਸੀ। ਡੀਐਸਪੀ ਨੇ ਕਿਹਾ ਕਿ ਇੱਥੇ ਆਉਣ ਤੋਂ ਬਾਅਦ ਦੇਖਿਆ ਕਿ ਪੂਰਾ ਪਰਿਵਾਰ ਇੱਕ ਕਮਰੇ ਵਿੱਚ ਰਹਿੰਦਾ ਹੈ। ਔਰਤਾਂ ਭਾਂਡੇ ਸਾਫ਼ ਕਰਕੇ ਆਪਣਾ ਗੁਜ਼ਾਰਾ ਚਲਾਉਂਦੀਆਂ ਹਨ। ਇਹਨਾਂ ਦਾ ਪੁੱਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੈ। ਪਰ ਪੰਜਾਬ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਕਿਸੇ ਵੀ ਗਰੀਬ ਵਿਅਕਤੀ ਉਪਰ ਜ਼ੁਲਮ ਨਾ ਢਾਹਿਆ ਜਾਵੇ। ਇਹ ਦੇਖ ਕੇ ਪੁਲਿਸ ਨੇ ਆਪਣੀ ਕਾਰਵਾਈ ਰੋਕ ਦਿੱਤੀ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਭਵਿੱਖ 'ਚ ਨਸ਼ਾ ਤਸਕਰੀ ਕੀਤੀ ਗਈ ਜਾਂ ਨਸ਼ਾ ਤਸਕਰ ਦਾ ਸਾਥ ਦਿੱਤਾ ਗਿਆ ਤਾਂ ਫਿਰ ਕਾਰਵਾਈ ਹੋਵੇਗੀ। ਦੂਜੇ ਪਾਸੇ,  ਸੰਤੋਸ਼ ਰਾਣੀ ਨੇ ਕਿਹਾ ਕਿ ਉਸਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਜਿਸਤੋਂ ਬਾਅਦ ਉਹਨਾਂ ਉਪਰ ਰਹਿਮ ਕੀਤਾ ਗਿਆ। ਉਹਨਾਂ ਨੇ ਪੁਲਿਸ ਨੂੰ ਭਰੋਸਾ ਦਿੱਤਾ ਹੈ ਕਿ ਉਹ ਆਪਣੇ ਪੁੱਤ ਦੀ ਕੋਈ ਮਦਦ ਨਹੀਂ ਕਰਨਗੇ।

ਇਹ ਵੀ ਪੜ੍ਹੋ