ਪੰਜਾਬ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਚੱਕ ਲਿਆਂਦੇ ਅਸਲਾ ਵੇਚਣ ਵਾਲੇ 

ਸ਼ੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਦਿੰਦੇ ਸੀ ਲਾਲਚ। ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨੂੰ ਕੀਤਾ ਗਿਆ ਨਾਕਾਮ। 14 ਨਜਾਇਜ ਹਥਿਆਰ ਤੇ ਕਾਰਤੂਸ ਮਿਲੇ। 

Share:

ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਪੰਜਾਬ ਅੰਦਰ ਨਜਾਇਜ਼ ਹਥਿਆਰਾਂ ਦੀ ਸਪਲਾਈ ਦਾ ਪਰਦਾਫਾਸ਼ ਕੀਤਾ। ਇਸ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ 'ਚੋਂ 11 ਹਥਿਆਰ ਬਰਾਮਦ ਹੋਏ। ਉਥੇ ਹੀ ਇੱਕ ਹੋਰ ਮਾਮਲੇ ਵਿੱਚ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਇੱਕ ਹੋਰ ਸਪਲਾਇਰ ਫੜਿਆ ਗਿਆ। ਦੋ ਮਾਮਲਿਆਂ ਵਿੱਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 14 ਹਥਿਆਰ ਬਰਾਮਦ ਕੀਤੇ ਗਏ। 18 ਮੈਗਜ਼ੀਨ ਅਤੇ 3 ਕਾਰਤੂਸ ਮਿਲੇ। ਇਨ੍ਹਾਂ ਕੋਲੋਂ ਹੋਰ ਸੁਰਾਗ ਮਿਲਣ ਦੀ ਪੂਰੀ ਆਸ ਹੈ। 
PHOTO
ਹਥਿਆਰ ਸਪਲਾਈ ਕਰਨ ਵਾਲਿਆਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਫੋਟੋ ਕ੍ਰੇਡਿਟ - ਜੇਬੀਟੀ
 
ਐਸਐਸਪੀ ਨੇ ਕੀਤੇ ਅਹਿਮ ਖੁਲਾਸੇ 
 
ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ 21 ਨਵੰਬਰ ਨੂੰ ਦੋਰਾਹਾ ਵਿਖੇ ਨਾਕਾਬੰਦੀ ਦੌਰਾਨ ਮੋਹਿਤ ਜਗੋਤਾ ਅਤੇ ਦਿਵਾਂਸ਼ੂ ਧੀਰ ਵਾਸੀ ਲੁਧਿਆਣਾ ਨੂੰ 1 ਪਿਸਤੌਲ ਅਤੇ 2 ਮੈਗਜ਼ੀਨਾਂ ਸਮੇਤ ਕਾਬੂ ਕੀਤਾ ਗਿਆ ਸੀ। ਇਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲੈ ਕੇ ਆਏ ਸਨ। ਜਦੋਂ ਸੀਆਈਏ ਦੀ ਟੀਮ ਨੇ 25 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਵਿੱਚ ਛਾਪੇਮਾਰੀ ਕੀਤੀ ਤਾਂ ਗੁਰਲਾਲ ਉਚਵਾਰੀ ਅਤੇ ਰਵਿੰਦਰ ਸ਼ੰਕਰ ਨਿਗਵਾਲ ਨੂੰ ਗ੍ਰਿਫ਼ਤਾਰ ਕਰਕੇ 10 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਕੀਤੇ ਗਏ। ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਪੰਜਾਬ ਹਥਿਆਰ ਸਪਲਾਈ ਕਰਦਾ ਸੀ। ਇਨ੍ਹਾਂ ਦੇ ਕਿਸੇ ਵੱਡੇ ਗੈਂਗਸਟਰ ਨਾਲ ਸਬੰਧ ਹੋ ਸਕਦੇ ਹਨ ਅਤੇ ਇਹ ਪਤਾ ਲਗਾਉਣ ਲਈ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਐਸਪੀ ਨੇ ਦੱਸਿਆ ਕਿ  ਅਸਲਾ ਸਪਲਾਇਰ ਗੁਰਲਾਲ ਦੇ ਖਿਲਾਫ ਮੱਧ ਪ੍ਰਦੇਸ਼ ਦੇ ਭੋਪਾਲ 'ਚ ਮਾਮਲਾ ਦਰਜ ਹੈ। ਗੁਰਲਾਲ ਨੂੰ ਇਸ 10 ਸਾਲ ਪੁਰਾਣੇ ਕੇਸ ਵਿੱਚ ਸਜ਼ਾ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਇਸ ਸਾਲ ਖੰਨਾ ਪੁਲਿਸ ਨੇ ਵੱਡੀ ਗਿਣਤੀ ਵਿੱਚ ਨਜਾਇਜ਼ ਹਥਿਆਰ ਬਰਾਮਦ ਕੀਤੇ ਹਨ। ਐਸਐਸਪੀ ਕੌਂਡਲ ਨੇ ਦੱਸਿਆ ਕਿ ਕੁੱਲ 33 ਕੇਸ ਦਰਜ ਕੀਤੇ ਗਏ ਹਨ। 78 ਮੁਲਜ਼ਮ ਫੜੇ ਗਏ। 115 ਹਥਿਆਰ ਬਰਾਮਦ ਕੀਤੇ ਗਏ। 253 ਕਾਰਤੂਸ ਅਤੇ 72 ਮੈਗਜ਼ੀਨ ਮਿਲੇ।
 
ਇੱਕ ਹੋਰ ਸਪਲਾਇਰ ਗ੍ਰਿਫਤਾਰ
 
25 ਨਵੰਬਰ ਨੂੰ ਇੱਕ ਹੋਰ ਮਾਮਲੇ ਵਿੱਚ ਦੋਰਾਹਾ ਵਿਖੇ ਪੁਲਿਸ ਨੇ ਇੱਕ ਅਸਲਾ ਸਪਲਾਇਰ ਨੂੰ ਗ੍ਰਿਫ਼ਤਾਰ ਕੀਤਾ। ਐਸਐਸਪੀ ਕੌਂਡਲ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਰਕਸ਼ਿਤ ਸੈਣੀ ਨੂੰ 3 ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਹ ਹਥਿਆਰਾਂ ਦੀ ਸਪਲਾਈ ਦਾ ਕਾਰੋਬਾਰ ਕਰਦਾ ਸੀ।  ਰਕਸ਼ਿਤ ਸੈਣੀ ਖ਼ਿਲਾਫ਼ ਇੱਕ ਕੇਸ ਐਸਏਐਸ ਨਗਰ ਅਤੇ ਦੋ ਅੰਮ੍ਰਿਤਸਰ ਵਿੱਚ ਦਰਜ ਹਨ। ਉਹ ਇੱਕ ਕੇਸ ਵਿੱਚ ਭਗੌੜਾ ਹੈ।
 
ਸੋਸ਼ਲ ਮੀਡੀਆ ਰਾਹੀਂ ਡੀਲ

ਸ਼ੱਕ ਹੈ ਕਿ ਸੋਸ਼ਲ ਮੀਡੀਆ ਰਾਹੀਂ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਪੰਜਾਬ ਦੇ ਨੌਜਵਾਨ ਕਈ ਤਰ੍ਹਾਂ ਦੀਆਂ ਐਪਾਂ ਰਾਹੀਂ ਹਥਿਆਰ ਸਪਲਾਈ ਕਰਨ ਵਾਲਿਆਂ ਦੇ ਸੰਪਰਕ ਵਿੱਚ ਆਉਂਦੇ ਹਨ। ਉਨ੍ਹਾਂ ਨੂੰ ਹਥਿਆਰਾਂ ਦੀ ਸਪਲਾਈ ਲਈ ਮੋਟੀ ਰਕਮ ਦੇ ਕੇ ਲਾਲਚ ਦਿੱਤਾ ਜਾਂਦਾ ਹੈ। ਜਿਸਤੋਂ ਬਾਅਦ ਉਹ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦੇ ਹਨ। ਐਸਐਸਪੀ ਕੌਂਡਲ ਨੇ ਕਿਹਾ ਕਿ ਇਸ ਪੂਰੇ ਮਾਡਿਊਲ ਦਾ ਪਰਦਾਫਾਸ਼ ਕੀਤਾ ਜਾਵੇਗਾ।
 

ਇਹ ਵੀ ਪੜ੍ਹੋ