Punjab Congress : ਆਪਸੀ ਫੁੱਟ ਦੂਰ ਕਰਨ ਆਏ ਇੰਚਾਰਜ ਦੇਵੇਂਦਰ ਯਾਦਵ ਦੇ ਸਾਮਣੇ ਭਿੜੇ ਕਾਂਗਰਸੀ, ਹੱਥੋਪਾਈ ਤੱਕ ਆਈ ਨੌਬਤ 

ਅੰਦਰਖਾਤੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਪਾਰਟੀ ਨੂੰ ਨੁਕਸਾਨ ਕਰਨ ਦੇ ਮੁੱਦੇ ਨੂੰ ਲੈ ਕੇ ਦੋ ਧੜੇ ਆਮਣੇ ਸਾਮਣੇ ਹੋਏ। ਇਸ ਮੀਟਿੰਗ ਦੌਰਾਨ ਸਭ ਤੋਂ ਵੱਡੀ ਮੰਗ ਇਹ ਕੀਤੀ ਗਈ ਕਿ ਮਨੀਸ਼ ਤਿਵਾੜੀ ਨੂੰ ਦੁਬਾਰਾ ਟਿਕਟ ਨਾ ਦਿੱਤੀ ਜਾਵੇ। 

Share:

ਹਾਈਲਾਈਟਸ

  • ਇਸ ਵਾਰ ਮਨੀਸ਼ ਤਿਵਾੜੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਨਾ ਦਿੱਤੀ ਜਾਵੇ
  • ਦੇਵੇਂਦਰ ਯਾਦਵ ਹਾਲਾਤ ਦੇਖ ਕੇ ਹੈਰਾਨ ਰਹਿ ਗਏ

Punjab Congress :ਇੱਕ ਪਾਸੇ ਪੰਜਾਬ ਕਾਂਗਰਸ ਨੂੰ ਆਪਸੀ ਫੁੱਟ ਚੋਂ ਬਾਹਰ ਕੱਢਣ ਲਈ ਪਾਰਟੀ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਸੂਬੇ ਅੰਦਰ ਵੱਖ ਵੱਖ ਹਲਕਿਆਂ 'ਚ ਮੀਟਿੰਗਾਂ ਕਰ ਰਹੇ ਹਨ ਤਾਂ ਜਦੋਂ ਇਹੋ ਜਿਹੀਆਂ ਮੀਟਿੰਗਾਂ ਅੰਦਰ ਹੀ ਕਾਂਗਰਸ ਦਾ ਕਾਟੋ ਕਲੇਸ਼ ਜਨਤਕ ਹੋ ਜਾਵੇ ਤਾਂ ਸਵਾਲ ਉੱਠਣਾ ਲਾਜ਼ਮੀ ਹੈ ਕਿ ਇਹਨਾਂ ਹਾਲਾਤਾਂ 'ਚ ਕਾਂਗਰਸ ਕਿਸ-ਕਿਸ ਖਿਲਾਫ ਕਾਰਵਾਈ ਕਰੇਗੀ। ਅਜਿਹਾ ਹੀ ਕੁੱਝ ਨਵਾਂਸ਼ਹਿਰ ਅੰਦਰ ਦੇਖਣ ਨੂੰ ਮਿਲਿਆ। ਇੱਥੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਕਾਂਗਰਸ ਦੇ ਦੋ ਧੜੇ ਆਪਸ ਚ ਉਲਝ ਗਏ। ਉਹ ਵੀ ਸੀਨੀਅਰ ਆਗੂਆਂ ਦੇ ਸਾਮਣੇ। 

ਸਟੇਜ਼ ਤੋਂ ਬੋਲਣ ਨੂੰ ਲੈ ਕੇ ਝਗੜਾ 

ਸ੍ਰੀ ਆਨੰਦਪੁਰ ਸਾਹਿਬ ਤੋਂ ਪੁੱਜੇ ਪਾਰਟੀ ਆਗੂਆਂ ਦੀ ਸੂਬਾ ਕਾਂਗਰਸ ਇਕਾਈ ਦੇ ਇੰਚਾਰਜ ਦੇਵੇਂਦਰ ਯਾਦਵ ਸਾਹਮਣੇ ਝੜਪ ਹੋ ਗਈ। ਦੇਵੇਂਦਰ ਯਾਦਵ ਹਾਲਾਤ ਦੇਖ ਕੇ ਹੈਰਾਨ ਰਹਿ ਗਏ ਅਤੇ ਉਹ ਸਾਰਿਆਂ ਨੂੰ ਅਜਿਹਾ ਨਾ ਕਰਨ ਦਾ ਆਦੇਸ਼ ਦਿੰਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਇਹ ਲੜਾਈ ਸਟੇਜ ਤੋਂ ਬੋਲਣ ਨੂੰ ਲੈ ਕੇ ਸ਼ੁਰੂ ਹੋ ਗਈ ਜਿਸ ਵਿੱਚ ਹਿਮਾਂਸ਼ੂ ਟੰਡਨ ਅਤੇ ਬਰਿੰਦਰ ਸਿੰਘ ਢਿੱਲੋਂ ਧੜੇ ਆਹਮੋ-ਸਾਹਮਣੇ ਹੋ ਗਏ।

ਮਨੀਸ਼ ਤਿਵਾੜੀ ਨੂੰ ਟਿਕਟ ਨਾ ਦੇਣ ਦੀ ਮੰਗ 

ਜ਼ਿਲ੍ਹਾ ਮੀਤ ਪ੍ਰਧਾਨ ਹਿਮਾਂਸ਼ੂ ਟੰਡਨ ਨੇ ਦੱਸਿਆ ਕਿ ਅੱਜ ਕੁਝ ਅਜਿਹੇ ਆਗੂ ਵੀ ਮੀਟਿੰਗ ਵਿੱਚ ਪੁੱਜੇ ਜਿਨ੍ਹਾਂ ਨੇ ਕਦੇ ਵੀ ਕਾਂਗਰਸ ਨੂੰ ਵੋਟ ਨਹੀਂ ਪਾਈ। ਉਹ ਸਟੇਜ ਤੋਂ ਬੋਲਣ ਲਈ ਸਮਾਂ ਮੰਗ ਰਹੇ ਸਨ। ਇਹ ਵਿਅਕਤੀ ਬਰਿੰਦਰ ਢਿੱਲੋਂ ਨਾਲ ਆਇਆ ਸੀ। ਉਨ੍ਹਾਂ ਦੀ ਮੰਗ ਸੀ ਕਿ ਜਦੋਂ ਉਨ੍ਹਾਂ ਕਦੇ ਪਾਰਟੀ ਲਈ ਵੋਟਾਂ ਨਹੀਂ ਮੰਗੀਆਂ ਤਾਂ ਉਨ੍ਹਾਂ ਨੂੰ ਸਟੇਜ ਤੋਂ ਬੋਲਣ ਦਾ ਸਮਾਂ ਕਿਉਂ ਦਿੱਤਾ ਜਾਵੇ। ਹਿਮਾਂਸ਼ੂ ਟੰਡਨ ਨੇ ਮੰਗ ਕੀਤੀ ਹੈ ਕਿ ਇਸ ਵਾਰ ਮਨੀਸ਼ ਤਿਵਾੜੀ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਨਾ ਦਿੱਤੀ ਜਾਵੇ। ਜੇ ਇਸ ਵਾਰ ਉਨ੍ਹਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਕਾਂਗਰਸੀ ਵਰਕਰ ਘਰ ਬੈਠ ਜਾਣਗੇ। ਉਨ੍ਹਾਂ ਦੋਸ਼ ਲਾਇਆ ਕਿ ਕਦੇ ਉਨ੍ਹਾਂ ਨੂੰ ਲੁਧਿਆਣਾ ਅਤੇ ਕਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਜਾਂਦੀ ਹੈ। ਜੇ ਕੋਈ ਕੰਮ ਹੋਵੇ ਤਾਂ ਉਹ ਆਪ ਗੱਲ ਨਹੀਂ ਕਰਦੇ ਤੇ ਲੁਧਿਆਣਾ ਦੇ ਪੀਏ ਨਾਲ ਗੱਲ ਕਰਨ ਲਈ ਕਿਹਾ ਜਾਂਦਾ ਹੈ।

ਵਰਕਰਾਂ ਨੂੰ ਸ਼ਾਂਤ ਕਰਨ ਲਈ ਉੱਚੀ ਬੋਲਿਆ - ਬਰਿੰਦਰ ਢਿੱਲੋਂ 

ਇਸਦੇ ਨਾਲ ਹੀ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਮਾਹੌਲ ਨੂੰ ਬਰਕਰਾਰ ਰੱਖਣ ਲਈ ਕਈ ਵਾਰ ਸਖ਼ਤ ਰਵੱਈਆ ਵੀ ਰੱਖਣਾ ਪੈਂਦਾ ਹੈ। ਅੰਦਰ ਦੋ ਧੜੇ ਆਪਸ ਵਿੱਚ ਬਹਿਸ ਕਰ ਰਹੇ ਸਨ, ਉਹਨਾਂ ਨੂੰ ਠੰਡਾ ਕਰਨ ਲਈ ਹੀ ਗਰਮ ਹੋਣਾ ਸੀ। ਆਪਣੇ ਗਰੁੱਪ ਦੇ ਲੋਕਾਂ ਨੂੰ ਸ਼ਾਂਤ ਰੱਖਣ ਲਈ ਉਸ ਨੂੰ ਉੱਚੀ-ਉੱਚੀ ਬੋਲਣਾ ਪੈਂਦਾ ਸੀ। ਜਦੋਂਕਿ ਇਸ ਮੀਟਿੰਗ ਵਿੱਚ ਦੇਵੇਂਦਰ ਯਾਦਵ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ