ਨਾਭਾ 'ਚ ਬਾਬਾ ਖਾਟੂ ਸ਼ਿਆਮ ਦੇ ਜਨਮ ਦਿਹਾੜੇ ਮੌਕੇ ਕੱਢੀ ਸ਼ੋਭਾ ਯਾਤਰਾ 'ਤੇ ਤੇਜ਼ਾਬ ਸੁੱਟਣ ਦਾ ਮਾਮਲਾ, ਤਿੰਨ ਔਰਤਾਂ ਜ਼ਖਮੀ

ਜ਼ਖਮੀ ਔਰਤ ਦੇ ਬਿਆਨਾਂ 'ਤੇ ਪੁਲਿਸ ਨੇ ਦੁਕਾਨਦਾਰ ਮੁਹੰਮਦ ਇਮਰਾਨ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਦੋ ਬੱਚਿਆਂ (ਉਮਰ 8 ਅਤੇ 9 ਸਾਲ) ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੁਕਾਨਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Share:

ਪਟਿਆਲਾ ਦੇ ਨਾਭਾ ਵਿਖੇ ਸ਼੍ਰੀ ਖਾਟੂ ਸ਼ਿਆਮ ਮੰਦਰ ਕਮੇਟੀ ਵੱਲੋਂ ਬਾਬਾ ਖਾਟੂ ਸ਼ਿਆਮ ਦੇ ਜਨਮ ਦਿਹਾੜੇ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ 'ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਤਿੰਨ ਔਰਤਾਂ ਮਾਮੂਲੀ ਝੁਲਸ ਗਈਆਂ। ਜਿਨ੍ਹਾਂ ਵਿੱਚੋਂ ਇੱਕ ਨੂੰ ਨਾਭਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 

ਕੀ ਹੈ ਪੂਰਾ ਮਾਮਲਾ

ਥਾਣਾ ਸਦਰ ਨਾਭਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਅਨੁਸਾਰ ਬਾਬਾ ਖਾਟੂ ਸ਼ਿਆਮ ਦੇ ਜਨਮ ਦਿਹਾੜੇ ਮੌਕੇ ਨਾਭਾ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਜਦੋਂ ਸ਼ੋਭਾ ਯਾਤਰਾ ਠਥੇਰੀਆਂ ਵਾਲੇ ਮੁਹੱਲੇ ਪਹੁੰਚੀ ਤਾਂ ਦੁਕਾਨ ਦੀ ਉਪਰਲੀ ਮੰਜ਼ਿਲ 'ਤੇ ਮੁਹੰਮਦ ਇਮਰਾਨ, ਜੋ ਕਿ ਉਥੇ ਕੱਪੜੇ ਦੀ ਦੁਕਾਨ ਚਲਾਦਾ ਸੀ ਅਤੇ ਉਸ ਦੇ ਰਿਸ਼ਤੇਦਾਰਾਂ ਦੇ ਦੋ ਬੱਚੇ ਉਸ ਸਮੇਂ ਦੁਕਾਨ ਤੇ ਮੌਜੂਦ ਸਨ। ਉਨ੍ਹਾਂ ਨੇ ਦੇਖਿਆ ਕਿ ਸ਼ੋਭਾ ਯਾਤਰਾ 'ਤੇ ਹਰ ਕੋਈ ਆਪਣੀਆਂ ਦੁਕਾਨਾਂ ਅਤੇ ਘਰਾਂ ਤੋਂ ਫੁੱਲਾਂ ਦੀ ਵਰਖਾ ਕਰ ਰਹੇ ਸਨ ਤੇ ਅਤਰ ਛਿੜਕ ਰਹੇ ਸਨ। ਇਹ ਦੇਖ ਬੱਚਿਆਂ ਨੇ ਉਪਰਲੀ ਮੰਜ਼ਿਲ ’ਤੇ ਪਖਾਨੇ ਕੋਲ ਪਈ ਟਾਇਲਟ ਕਲੀਨਰ (ਐਸਿਡ) ਦੀ ਬੋਤਲ ਚੁੱਕ ਕੇ ਉਸ ਵਿੱਚ ਪਾਣੀ ਮਿਲਾ ਕੇ ਸ਼ੋਭ ਯਾਤਰਾ ’ਤੇ ਛਿੜਕ ਦਿੱਤੀ। ਇਹ ਤੇਜ਼ਾਬ ਸ਼ੋਭਾ ਯਾਤਰਾ 'ਚ ਸ਼ਾਮਲ ਤਿੰਨ ਔਰਤਾਂ 'ਤੇ ਡਿੱਗਿਆ। ਜਿਨ੍ਹਾਂ ਚ ਇਕ ਨਾਗਰਾ ਚੌਕ ਦੀ ਰਹਿਣ ਵਾਲੀ ਸੁਨੈਨਾ ਬਾਂਸਲ ਦੇ ਨੱਕ, ਮੱਥੇ ਅਤੇ ਪਿੱਠ 'ਤੇ ਤੇਜ਼ਾਬ ਡਿੱਗਣ ਕਾਰਨ ਉਸ ਨੂੰ ਜਲਨ ਹੋਣ ਲੱਗੀ। ਜਿਸ ਕਾਰਨ ਉਸ ਨੂੰ ਤੁਰੰਤ ਨਾਭਾ ਦੇ ਸਰਕਾਰੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। 

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਤੇਜ਼ਾਬ ਬੱਚਿਆਂ ਨੇ ਅਣਜਾਣੇ 'ਚ ਸੁੱਟਿਆ ਸੀ। ਪੁਲਿਸ ਨੇ ਇਸ ਘਟਨਾ ਪਿੱਛੇ ਕਿਸੇ ਧਾਰਮਿਕ ਸਾਜ਼ਿਸ਼ ਦਾ ਹੋਣ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ