Punjab: ਆਪ ਸਰਕਾਰ ਦਾ ਇੱਕ ਹੋਰ ਮੰਤਰੀ ਵਿਵਾਦਾਂ 'ਚ ਘਿਰਿਆ, ਅਕਾਲੀ ਦਲ ਨੇ ਇਤਰਾਜ਼ਯੋਗ ਵੀਡਿਓ ਰਾਜਪਾਲ ਨੂੰ ਸੌਂਪੀ

ਇਸ ਮਾਮਲੇ ਦੀ ਕਿਸੇ ਕੇਂਦਰੀ ਏਜੰਸੀ ਕੋਲੋਂ ਜਾਂਚ ਕਰਾਇਣ ਅਤੇ ਸਬੰਧਤ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ। 26 ਜਨਵਰੀ ਮੌਕੇ ਅਪਰਾਧਿਕ ਮਾਮਲਿਆਂ 'ਚ ਘਿਰੇ ਮੰਤਰੀਆਂ ਤੋਂ ਤਿਰੰਗਾ ਨਾ ਲਹਿਰਾਉਣ ਦੀ ਮੰਗ ਵੀ ਕੀਤੀ ਗਈ। 

Share:

ਹਾਈਲਾਈਟਸ

  • ਉਹਨਾਂ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਤੋਂ ਰੋਕਿਆ ਜਾਵੇ।
  • ਮੁੱਖ ਮੰਤਰੀ  ਭਗਵੰਤ ਮਾਨ ਮੰਤਰੀ ਦੀ ਮਦਦ ਕਰ ਰਹੇ ਹਨ

ਪੰਜਾਬ ਸਰਕਾਰ ਦਾ ਇੱਕ ਹੋਰ ਮੰਤਰੀ ਵਿਵਾਦਾਂ 'ਚ ਘਿਰਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫਦ ਨੇ ਸਥਾਨਕ ਸਰਕਾਰ ਮੰਤਰੀ ਬਲਕਾਰ ਸਿੰਘ ਦੀ ਇਤਰਾਜ਼ਯੋਗ ਵੀਡਿਓ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪੀ ਅਤੇ ਅਪੀਲ ਕੀਤੀ ਕਿ ਇਸ ਮਾਮਲੇ ਦੀ ਕਿਸੇ ਕੇਂਦਰੀ ਏਜੰਸੀ ਕੋਲੋਂ ਜਾਂਚ ਦੇ ਹੁਕਮ ਦਿੱਤੇ ਜਾਣ ਅਤੇ ਬਲਕਾਰ ਸਿੰਘ ਨੂੰ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕੀਤਾ ਜਾਵੇ। ਵਫਦ ਨੇ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਕਿ ਬਲਕਾਰ ਸਿੰਘ ਅਤੇ ਆਪ ਦੇ ਹੋਰ ਮੰਤਰੀ ਜੋ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹਨ, ਉਹਨਾਂ ਨੂੰ ਗਣਤੰਤਰ ਦਿਵਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਤੋਂ ਰੋਕਿਆ ਜਾਵੇ।

ਸੀਐਮ ਤੋਂ ਨਹੀਂ ਨਿਆਂ ਦੀ ਉਮੀਦ 

ਵਫਦ ਵਿਚ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਸ਼ਾਮਲ ਸਨ। ਵਫਦ ਨੇ ਰਾਜਪਾਲ ਨੂੰ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਨੂੰ ਦੱਸਿਆ ਕਿ ਮੁੱਖ ਮੰਤਰੀ  ਭਗਵੰਤ ਮਾਨ ਮੰਤਰੀ ਦੀ ਮਦਦ ਕਰ ਰਹੇ ਹਨ ਤੇ ਕੇਸ ਵਿਚ ਨਿਆਂ ਦੀ ਉਹਨਾਂ ਤੋਂ ਆਸ ਨਹੀਂ ਕੀਤੀ ਜਾ ਸਕਦੀ। ਵਫਦ ਨੇ ਰਾਜਪਾਲ ਨੂੰ ਇਹ ਵੀ ਦੱਸਿਆ ਕਿ ਪੀੜਤ ਨੂੰ ਡਰਾਇਆ ਧਮਕਾਇਆ ਗਿਆ ਹੈ ਅਤੇ ਦਬਾਅ ਬਣਾਇਆ ਗਿਆ ਹੈ ਕਿ ਉਹ ਮੰਤਰੀ ਖਿਲਾਫ ਸ਼ਿਕਾਇਤ ਲਈ ਅੱਗੇ ਨਾ ਆਵੇ। ਵਫਦ ਨੇ ਕਿਹਾ ਕਿ ਨਿਰਪੱਖ ਜਾਂਚ ਦੇ ਨਾਲ ਮੰਤਰੀ ਦੀ ਬਰਖ਼ਾਸਤਗੀ ਹੀ ਮਾਮਲੇ ਦਾ ਸੱਚ ਸਾਹਮਣੇ ਲਿਆਉਣ ਦਾ ਸਬੱਬ ਬਣ ਸਕਦੀ ਹੈ।

ਸੰਦੋਆ ਨੂੰ ਕਲੀਨ ਚਿੱਟ ਉਪਰ ਵੀ ਸਵਾਲ 

ਅਕਾਲੀ ਆਗੂਆਂ ਨੇ ਰਾਜਪਾਲ ਨੂੰ ਇਹ ਦੱਸਿਆ ਕਿ ਕਿਸ ਤਰੀਕੇ ਪੁਲਿਸ ਨੇ ਹਾਲ ਹੀ ਵਿਚ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਕੈਨੇਡਾ ਵਿਚ ਕਲੀਨ ਚਿੱਟ ਦਿੱਤੀ ਹੈ ਤਾਂ ਜੋ ਉਸਨੂੰ ਡਿਪੋਰਟ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਦੱਸਿਆ ਕਿ ਸੰਦੋਆ ਕੈਨੇਡਾ ਵਿਚ ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ਵਿਚ ਸ਼ਾਮਲ ਹੋਣ ਗਏ ਸਨ ਜਿਹਨਾਂ ਨੂੰ ਕੈਨੇਡਾ ਪੁਲਿਸ ਨੇ ਉਹਨਾਂ ਖਿਲਾਫ ਦਾਇਰ ਬਦਫੈਲੀ ਕਰਨ ਦੀ ਸ਼ਿਕਾਇਤ ਦੇ ਮਾਮਲੇ ਵਿਚ ਪੁੱਛ-ਗਿੱਛ ਲਈ ਰੋਕ ਲਿਆ ਸੀ। ਇਸ ਮਗਰੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੁਲਿਸ ਤੋਂ ਕਲੀਅਰੰਸ ਸਰਟੀਫਿਕੇਟ ਲੈਣ ਵਿਚ ਉਸਦੀ ਮਦਦ ਕੀਤੀ ਤਾਂ ਜੋ ਸੰਦੇਆ ਨੂੰ ਕੈਨੇਡਾ ਵਿਚ ਦਾਖਲਾ ਮਿਲ ਸਕੇ। ਉਹਨਾਂ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਇਸ ਕੇਸ ਵਿਚ ਵੀ ਕਾਰਵਾਈ ਕੀਤੀ ਜਾਵੇ ਅਤੇ ਜਿਹਨਾਂ ਨੇ ਸੰਦੋਆ ਨੂੰ ਪੁਲਿਸ ਕਲੀਅਰੰਸ ਸਰਟੀਫਿਕੇਟ ਜਾਰੀ ਕੀਤਾ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਕਲੀਅੰਰਸ ਸਰਟੀਫਿਕੇਟ ਵਾਪਸ ਲਿਆ ਜਾਵੇ।

ਕਟਾਰੂਚੱਕ ਦਾ ਮਾਮਲਾ ਮੁੜ ਚੁੱਕਿਆ

ਮਜੀਠੀਆ ਤੇ ਡਾ. ਚੀਮਾ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਉਹ ਮੰਤਰੀਆਂ ਲਾਲ ਚੰਦ ਕਟਾਰੂਚੱਕ ਅਤੇ ਅਮਨ ਅਰੋੜਾ ਨੂੰ ਗਣਤੰਤਰ ਦਿਵਸ ’ਤੇ ਤਿਰੰਗਾ ਲਹਿਰਾਉਣ ਤੋਂ ਰੋਕਣ। ਉਹਨਾਂ ਕਿਹਾ ਕਿ ਕਟਾਰੂਚੱਕ ’ਤੇ ਬਦਫੈਲੀ ਕਰਨ ਦਾ ਦੋਸ਼ ਹੈ ਤੇ ਮੁੱਖ ਮੰਤਰੀ ਦੇ ਕਹਿਣ ’ਤੇ ਰਾਜ ਦੀ ਪੁਲਿਸ ਨੇ ਕੇਸ ਦਬਾ ਦਿੱਤਾ ਹੈ। ਅਜਿਹੇ ਘਿਨੌਣੇ ਅਪਰਾਧ ਵਿਚ ਸ਼ਾਮਲ ਵਿਅਕਤੀ ਨੂੰ ਅਜਿਹੇ ਸਰਕਾਰੀ ਸਮਾਗਮਾਂ ਤੋਂ ਦੂਰ ਰੱਖਿਆ ਜਾਵੇ ਜਿਥੇ ਮੁੱਖ ਮਹਿਮਾਨਾਂ ਨੂੰ ਰੋਲ ਮਾਡਲ ਵਜੋਂ ਵੇਖਿਆ ਜਾਂਦਾ ਹੈ। ਉਹਨਾਂ ਕਿਹਾ ਕਿ ਅਮਨ ਅਰੋੜਾ ਨੂੰ ਦੋ ਸਾਲ ਦੀ ਸਜ਼ਾ ਹੋਈ ਹੈ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਉਹਨਾਂ ਨੂੰ ਤੁਰੰਤ ਬਰਖ਼ਾਸਤ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ 26 ਜਨਵਰੀ ਨੂੰ ਕੌਮੀ ਤਿਰੰਗਾ ਲਹਿਰਾਉਣ ਨਹੀਂ ਦੇਣਾ ਚਾਹੀਦਾ।

 

ਇਹ ਵੀ ਪੜ੍ਹੋ