ਲੁਧਿਆਣਾ 'ਚ ਪੰਜਾਬੀ ਗਾਇਕ ਗੁਰਮਨ ਮਾਨ ਦੇ ਗੀਤ ਨੂੰ ਲੈ ਕੇ ਨੌਜਵਾਨਾਂ ਦਾ ਵਿਰੋਧ ਪ੍ਰਦਰਸ਼ਨ

ਐਤਵਾਰ ਨੂੰ ਨੌਜਵਾਨਾਂ ਨੇ ਜਗਰਾਉਂ ਪੁਲ ’ਤੇ ਸ਼ਹੀਦਾਂ ਦੇ ਬੁੱਤਾਂ ਕੋਲ ਬੈਠ ਕੇ ਪੰਜਾਬ ਪੁਲਿਸ ਅਤੇ ਗਾਇਕ ਗੁਰਮਨ ਮਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Share:

ਪੰਜਾਬੀ ਗਾਇਕ ਗੁਰਮਨ ਮਾਨ ਦੇ ਗੀਤ ਨੂੰ ਲੈ ਕੇ ਵਿਵਾਦ ਹੋਰ ਡੂੰਘਾ ਹੋ ਗਿਆ ਹੈ। ਐਤਵਾਰ ਨੂੰ ਲੁਧਿਆਣਾ ਦੇ ਜਗਰਾਓਂ ਪੁਲ 'ਤੇ ਨੌਜਵਾਨਾਂ ਨੇ ਗਾਇਕ ਖਿਲਾਫ ਧਰਨਾ ਦਿੱਤਾ। ਇਸ ਦੌਰਾਨ ਸ੍ਰੀ ਹਿੰਦੂ ਤਖ਼ਤ ਦੇ ਮੈਂਬਰ ਮਨੀਸ਼ ਨੇ ਕਿਹਾ ਕਿ ਜੇਕਰ ਪੁਲਿਸ ਨੇ ਅੱਜ ਗਾਇਕ ਖ਼ਿਲਾਫ਼ ਐਫਆਈਆਰ ਦਰਜ ਨਾ ਕੀਤੀ ਤਾਂ ਉਹ ਖੁਦਕੁਸ਼ੀ ਕਰ ਲਵੇਗਾ।
ਇਸ ਮੌਕੇ ਸ਼੍ਰੀ ਹਿੰਦੂ ਤਖਤ ਦੇ ਉਪ ਪ੍ਰਚਾਰਕ ਰਿਸ਼ਭ ਕਨੌਜੀਆ ਨੇ ਕਿਹਾ ਕਿ ਹਿੰਦੂ ਭਾਈਚਾਰਾ ਪਿਛਲੇ 10 ਦਿਨਾਂ ਤੋਂ ਲਗਾਤਾਰ ਇਸ ਗਾਇਕ ਖਿਲਾਫ ਪ੍ਰਦਰਸ਼ਨ ਕਰ ਰਿਹਾ ਹੈ ਪਰ ਪੁਲਿਸ ਇਸ ਗਾਇਕ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਹੁਣ ਤੱਕ ਇੱਕ ਵਾਰ ਵੀ ਗਾਇਕ ਨੂੰ ਕਿਸੇ ਥਾਣੇ ਬੁਲਾ ਕੇ ਪੁੱਛਗਿੱਛ ਨਹੀਂ ਕੀਤੀ ਗਈ।

ਸਸਤੀ ਸ਼ੋਹਰਤ ਲਈ ਸ਼ਨੀ ਦੇਵ ਦੇ ਨਾਂ ਦੀ ਦੁਰਵਰਤੋਂ

ਕਨੌਜੀਆ ਨੇ ਕਿਹਾ ਕਿ ਗਾਇਕ ਗੁਰਮਨ ਮਾਨ ਸਸਤੀ ਸ਼ੋਹਰਤ ਲਈ ਸ਼ਨੀ ਦੇਵ ਦੇ ਨਾਂ ਦੀ ਦੁਰਵਰਤੋਂ ਕਰ ਰਿਹਾ ਹੈ। ਗੁਰਮਨ ਮਾਨ ਨੇ ਸ਼ਨੀ ਦੇਵ ਦਾ ਨਾਂ ਲੈ ਕੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅੱਜ ਅਸੀਂ ਜਗਰਾਉਂ ਪੁਲ ਤੋਂ ਪੁਲਿਸ ਕਮਿਸ਼ਨਰ ਦਫ਼ਤਰ ਤੱਕ ਰੋਸ ਮਾਰਚ ਕਰਾਂਗੇ। ਜੇਕਰ ਪੁਲਿਸ ਨੇ ਅੱਜ ਗਾਇਕ ਖਿਲਾਫ ਐੱਫਆਈਆਰ ਦਰਜ ਨਹੀਂ ਕੀਤੀ ਤਾਂ ਉਸ ਦੇ ਦੋਸਤ ਮਨੀਸ਼ ਨੇ ਖੁਦਕੁਸ਼ੀ ਕਰਨ ਦੀ ਗੱਲ ਵੀ ਆਖੀ ਹੈ। ਜੇਕਰ ਪੁਲਿਸ ਨੇ ਐਫਆਈਆਰ ਦਰਜ ਨਾ ਕੀਤੀ ਤਾਂ ਨੌਜਵਾਨ ਅਤੇ ਹਿੰਦੂ ਸਮਾਜ ਜਲਦ ਹੀ ਵੱਡੇ ਸੰਘਰਸ਼ ਦਾ ਐਲਾਨ ਕਰ ਸਕਦਾ ਹੈ।

ACP ਨੇ ਕਿਹਾ- ਬਿਆਨ ਤੋਂ ਬਾਅਦ ਅਗਲੀ ਕਾਰਵਾਈ ਕਰਾਂਗੇ

ਦੂਜੇ ਪਾਸੇ ਇਸ ਮਾਮਲੇ ਸਬੰਧੀ ਏਸੀਪੀ ਸੁਖਨਾਜ਼ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਨੌਜਵਾਨ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜੇਕਰ ਉਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪ੍ਰਦਰਸ਼ਨਕਾਰੀਆਂ ਨੇ ਗਾਇਕ ਖ਼ਿਲਾਫ਼ ਏਸੀਪੀ ਨਾਰਥ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦੇ  ਬਿਆਨ ਤੋਂ ਬਾਅਦ ਪੁਲਿਸ ਨੇ ਅਗਲੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ।

ਇਹ ਵੀ ਪੜ੍ਹੋ