ਜੇਲ੍ਹਾਂ 'ਚ ਕੈਦੀਆਂ ਨੂੰ ਸਿਖਾਇਆ ਜਾਵੇਗਾ ਹੁਨਰ

ਗੁਰਦਾਸਪੁਰ ਵਿਖੇ ਇਸਦੀ ਸ਼ੁਰੂਆਤ ਡੀਸੀ ਡਾ. ਅਗਰਵਾਲ ਵੱਲੋਂ ਕੀਤੀ ਗਈ। ਜੇਲ੍ਹ ਅੰਦਰ ਕੈਦੀਆਂ ਨੂੰ ਕੰਪਿਊਟਰ ਸਿੱਖਿਆ ਦੇ ਨਾਲ ਨਾਲ ਕਿੱਤਾਮੁਖੀ ਕੋਰਸ ਕਰਾਏ ਜਾਣਗੇ।

Share:

ਪੰਜਾਬ ਦੀਆਂ ਜੇਲ੍ਹਾਂ ਅੰਦਰ ਕੈਦੀਆਂ ਨੂੰ ਹੁਨਰ ਸਿਖਾਉਣ ਦੀ ਸ਼ੁਰੂਆਤ ਕੀਤੀਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਮਿਸ਼ਨ ਅਬਾਦ ਸਿੱਖਿਆ ਤਹਿਤ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਲਈ ਕੰਪਿਊਟਰ ਸਿੱਖਿਆ ਅਤੇ ਕਿੱਤਾਮੁੱਖੀ ਸਿੱਖਿਆ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਇਹ ਬੰਦੀ ਜੇਲ੍ਹ ਤੋਂ ਰਿਹਾ ਹੋਣ ਉਪਰੰਤ ਆਪਣੀ ਜ਼ਿੰਦਗੀ ਨੂੰ ਬੇਹਤਰ ਢੰਗ ਨਾਲ ਸ਼ੁਰੂ ਕਰ ਸਕਣ। ਮਿਸ਼ਨ ਅਬਾਦ ਤਹਿਤ ਡਿਪਟੀ ਕਮਿਸ਼ਨਰ ਵੱਲੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਕੰਪਿਊਟਰ ਸੈਂਟਰ ਅਤੇ ਬੇਕਰੀ ਉਤਪਾਦਾਂ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਕਿੱਤਾਮੁੱਖੀ ਕੇਂਦਰ ਦਾ ਉੁਦਘਾਟਨ ਕੀਤਾ ਗਿਆ।  ਡੀਸੀ ਨੇ ਸਭ ਤੋਂ ਪਹਿਲਾਂ ਕੇਂਦਰੀ ਜੇਲ੍ਹ ਵਿੱਚ ਕੰਪਿਊਟਰ ਸੈਂਟਰ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਕੈਦੀ ਅਤੇ ਹਵਾਲਾਤੀ ਕੰਪਿਊਟਰ ਸਿੱਖਿਆ ਹਾਸਲ ਕਰਕੇ ਆਪਣੇ ਭਵਿੱਖ ਨੂੰ ਬੇਹਤਰ ਬਣਾ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸੈਂਟਰ ਵਿੱਚ ਕੰਪਿਊਟਰ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਐਪਲੀਕੇਸ਼ਨ ਦੇ ਕੋਰਸ ਕਰਵਾਏ ਜਾਣਗੇ, ਜਿਸ ਨੂੰ ਕਰਨ ਉਪਰੰਤ ਜਦੋਂ ਇਹ ਕੈਦੀ ਤੇ ਹਵਾਲਾਤੀ ਜੇਲ੍ਹ ’ਚੋਂ ਰਿਹਾ ਹੋ ਕੇ ਬਾਹਰ ਜਾਣਗੇ ਤਾਂ ਉਹ ਇਸ ਸਿੱਖਿਆ ਦੀ ਬਦੌਲਤ ਰੁਜ਼ਗਾਰ ਹਾਸਲ ਕਰ ਸਕਣਗੇ।

ਸਕਿੱਲ ਸੈਂਟਰ ਦਾ ਉਦਘਾਟਨ 

ਇਸ ਮੌਕੇ ਡੀਸੀ ਨੇ ਕੇਂਦਰੀ ਜੇਲ੍ਹ ਵਿੱਚ ਬੇਕਰੀ ਉਤਪਾਦਾਂ ਦੀ ਸਿਖਲਾਈ ਦੇਣ ਵਾਲੇ ਸਕਿੱਲ ਸੈਂਟਰ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਗੁਰਦਾਸਪੁਰ ਦੇ ਮਾਹਿਰਾਂ ਵੱਲੋਂ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਬੇਕਰੀ ਉਤਪਾਦਾਂ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੇਕਰੀ ਉਤਪਾਦਾਂ ਨੂੰ ਤਿਆਰ ਕਰਨ ਵਿੱਚ ਰੁਜ਼ਗਾਰ ਦੇ ਬਹੁਤ ਮੌਕੇ ਹਨ ਅਤੇ ਜਦੋਂ ਇਹ ਸਿੱਖਿਅਤ ਬੰਦੀ ਰਿਹਾ ਹੋ ਕੇ ਬਾਹਰ ਜਾਣਗੇ ਤਾਂ ਉਨ੍ਹਾਂ ਲਈ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਿੱਚ ਇਹ ਸਿਖਲਾਈ ਅਹਿਮ ਰੋਲ ਅਦਾ ਕਰੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮਿਸ਼ਨ ਅਬਾਦ ਸਿੱਖਿਆ ਦਾ ਮਕਸਦ ਇਹੀ ਹੈ ਕਿ ਜੇਲ੍ਹ ਵਿੱਚ ਬੰਦ ਕੈਦੀ ਅਤੇ ਹਵਾਲਾਤੀ ਸਿੱਖਿਆ ਅਤੇ ਕੋਈ ਨਾ ਕੋਈ ਹੁਨਰ ਹਾਸਲ ਕਰਕੇ ਆਪਣੀ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਕਾਬਲ ਹੋ ਸਕਣ। ਉਨ੍ਹਾਂ ਕਿਹਾ ਕਿ ਮਿਸ਼ਨ ਅਬਾਦ ਸਿੱਖਿਆ ਵਿੱਚ ਜੇਲ੍ਹ ਦੇ ਬੰਦੀਆਂ ਵੱਲੋਂ ਬਹੁਤ ਰੁਚੀ ਦਿਖਾਈ ਜਾ ਰਹੀ ਹੈ ਅਤੇ ਇਹ ਸਿੱਖਿਆ ਇਨ੍ਹਾਂ ਦੇ ਰੌਸ਼ਨ ਭਵਿੱਖ ਦਾ ਅਧਾਰ ਬਣੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜੇਲ੍ਹ ਦਾ ਨਿਰੀਖਣ ਵੀ ਕੀਤਾ ਗਿਆ।

ਇਹ ਵੀ ਪੜ੍ਹੋ