ਪਿਛਲੀਆਂ ਸਰਕਾਰਾਂ ਨੇ ਗਰੀਬ ਬੱਚਿਆਂ ਦਾ ਵਜ਼ੀਫਾ ਖਾ ਕੇ ਭਵਿੱਖ ਰੋਲਿਆ, ਇੱਕ ਯੂਨੀਵਰਸਿਟੀ ਨੂੰ 6 ਕਰੋੜ ਚੋਂ 2 ਕਰੋੜ ਮਿਲੇ  

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਦੱਸਿਆ ਕਿ ਪੁਰਾਣੀਆਂ ਸਰਕਾਰਾਂ 'ਚ ਕਦੇ ਉਹਨਾਂ ਨੂੰ ਸਕਾਲਰਸ਼ਿਪ ਹੀ ਨਹੀਂ ਆਈ। ਕੋਵਿਡ ਦੇ ਸਮੇਂ ਕੈਪਟਨ ਸਰਕਾਰ ਨੇ ਇੰਨੀ ਵੱਡੀ ਗੱਪ ਮਾਰੀ ਕਿ ਅੱਜ ਤੱਕ ਸਕਾਲਰਸ਼ਿਪ ਨਹੀਂ ਆਈ। 6 ਕਰੋੜ ਰੁਪਏ ਬਕਾਇਆ ਸੀ ਸਿਰਫ 2 ਕਰੋੜ ਰੁਪਏ ਆਇਆ।

Courtesy: ਖੰਨਾ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

Share:

ਖੰਨਾ 'ਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ 4 ਸਕੂਲਾਂ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਦਲਿਤ ਬੱਚਿਆਂ ਦਾ ਵਜ਼ੀਫਾ ਖਾਧਾ ਪ੍ਰੰਤੂ ਆਪ ਸਰਕਾਰ 'ਚ ਕਦੇ ਵੀ ਸਕਾਰਲਸ਼ਿਪ ਲੇਟ ਨਹੀਂ ਹੋਈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵੇਲੇ ਫਤਹਿਗੜ੍ਹ ਸਾਹਿਬ ਯੂਨੀਵਰਸਿਟੀ ਦਾ 6 ਕਰੋੜ ਬਕਾਇਆ ਸੀ। ਮੁਸ਼ਕਲ ਨਾਲ 2 ਕਰੋੜ ਅਦਾਲਤ ਰਾਹੀਂ ਲਿਆ ਸੀ। ਇਹ ਤਾਂ ਇੱਕ ਅਦਾਰੇ ਦੀ ਗੱਲ ਹੈ, ਸੂਬੇ ਦੇ ਬਾਕੀ ਅਦਾਰਿਆਂ ਦਾ ਅੰਦਾਜ਼ਾ ਖੁਦ ਹੀ ਲਗਾਇਆ ਜਾ ਸਕਦਾ ਹੈ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ 14 ਅਪ੍ਰੈਲ ਨੂੰ ਡਾ. ਅੰਬੇਡਕਰ ਜਯੰਤੀ ਸਮਾਗਮ ਦੌਰਾਨ ਉਹ ਫਤਹਿਗੜ੍ਹ ਸਾਹਿਬ ਵਿਖੇ ਗਏ ਸੀ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਰਜਿਸਟਰਾਰ ਨੇ ਦੱਸਿਆ ਕਿ ਪੁਰਾਣੀਆਂ ਸਰਕਾਰਾਂ 'ਚ ਕਦੇ ਉਹਨਾਂ ਨੂੰ ਸਕਾਲਰਸ਼ਿਪ ਹੀ ਨਹੀਂ ਆਈ। ਕੋਵਿਡ ਦੇ ਸਮੇਂ ਕੈਪਟਨ ਸਰਕਾਰ ਨੇ ਇੰਨੀ ਵੱਡੀ ਗੱਪ ਮਾਰੀ ਕਿ ਅੱਜ ਤੱਕ ਸਕਾਲਰਸ਼ਿਪ ਨਹੀਂ ਆਈ। 6 ਕਰੋੜ ਰੁਪਏ ਬਕਾਇਆ ਸੀ ਸਿਰਫ 2 ਕਰੋੜ ਰੁਪਏ ਆਇਆ। ਉਹ ਵੀ ਅਦਾਲਤ 'ਚ ਕੇਸ ਲਗਾ ਕੇ ਲਿਆ ਸੀ। 4 ਕਰੋੜ ਹਾਲੇ ਵੀ ਬਕਾਇਆ ਹੈ। ਪ੍ਰੰਤੂ, ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਕਦੇ ਇੱਕ ਦਿਨ ਵੀ ਸਕਾਲਰਸ਼ਿਪ ਲੇਟ ਨਹੀਂ ਹੋਈ। ਕੱਲ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਕਾਲਰਸ਼ਿਪ ਜਾਰੀ ਕਰ ਦਿੱਤੀ। 

4 ਸਕੂਲਾਂ 'ਚ ਉਦਘਾਟਨ ਕੀਤੇ 

ਕੈਬਿਨਟ ਮੰਤਰੀ  ਸੌਂਦ ਨੇ ਹਲਕਾ ਖੰਨਾ ਦੇ 4 ਹੋਰ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਮੌਕੇ ਕਿਹਾ ਕਿ ਤਿੰਨ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਜਦਕਿ ਪਿਛਲੀਆਂ ਸਰਕਾਰਾਂ 70 ਸਾਲਾਂ ਵਿੱਚ ਕੁਝ ਵੀ ਨਹੀਂ ਕਰ ਸਕੀਆਂ। ਉਨ੍ਹਾਂ ਕਿਹਾ ਕਿ ਜੇਕਰ ਨੀਅਤ ਚੰਗੀ ਹੋਵੇ ਤਾਂ ਸਭ ਕੁਝ ਸੰਭਵ ਹੈ। ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਤੇ ਵਣਜ, ਪੂੰਜੀ ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਪੰਜਾਬ ਸਿੱਖਿਆ ਕ੍ਰਾਂਤੀ' ਪ੍ਰੋਗਰਾਮ ਤਹਿਤ ਮੰਗਲਵਾਰ ਨੂੰ ਹਲਕਾ ਖੰਨਾ ਦੇ ਚਾਰ ਸਰਕਾਰੀ ਪ੍ਰਾਇਮਰੀ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 34.50 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਵੀ ਹਲਕੇ ਦੇ ਕਈ ਸਕੂਲਾਂ ਦੀ ਨੁਹਾਰ ਬਦਲੀ ਜਾ ਚੁੱਕੀ ਹੈ।  ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਦਾ ਸਿਲਸਿਲਾ ਜਾਰੀ ਰਹੇਗਾ।

ਇਹਨਾਂ ਸਕੂਲਾਂ 'ਚ ਗਏ ਮੰਤਰੀ 

ਕੈਬਨਿਟ ਮੰਤਰੀ ਨੇ ਜਿਹੜੇ 4 ਸਕੂਲਾਂ ਵਿੱਚ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਹੈ, ਉਨ੍ਹਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੀਜਾ ਵਿਚ 9.65 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ ਤਿਆਰ ਕਰਵਾਈ ਗਈ, 3 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ ਕੀਤੀ ਗਈ ਅਤੇ 1.40 ਲੱਖ ਰੁਪਏ ਦੀ ਲਾਗਤ ਨਾਲ ਬੱਚਿਆਂ ਲਈ ਬਾਥਰੂਮ ਤਿਆਰ ਕਰਵਾਇਆ ਗਿਆ ਹੈ। ਸਰਕਾਰੀ ਹਾਈ ਸਕੂਲ ਭੁਮੱਦੀ ਵਿਚ 11 ਲੱਖ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ ਤਿਆਰ ਕਰਵਾਈ ਗਈ ਹੈ।ਸਰਕਾਰੀ ਪ੍ਰਾਇਮਰੀ ਸਕੂਲ ਫੈਜਗੜ੍ਹ ਵਿਚ 6.26 ਲੱਖ ਰੁਪਏ ਦੀ ਲਾਗਤ ਨਾਲ ਕਮਰਾ ਤਿਆਰ ਕਰਵਾਇਆ ਗਿਆ ਅਤੇ 1.25 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਜੈਕਟਰ ਪੈਨਲ ਤੇ ਡੈਸਕ ਲਏ ਗਏ ਹਨ। ਸਰਕਾਰੀ ਪ੍ਰਾਇਮਰੀ ਸਕੂਲ ਕੰਮਾ ਵਿੱਚ 1.44 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਦੀਵਾਰ ਕੀਤੀ ਗਈ ਅਤੇ ਬੱਚਿਆਂ ਲਈ ਬਾਥਰੂਮ 'ਤੇ 50 ਹਜ਼ਾਰ ਰੁਪਏ ਖਰਚ ਕੀਤੇ ਗਏ ਹਨ।

ਇਹ ਵੀ ਪੜ੍ਹੋ