ਪੰਜਾਬ 'ਚ 50 ਗ੍ਰਨੇਡ ਆਉਣ ਬਾਰੇ ਬਿਆਨ ਦੇ ਕੇ ਫਸੇ ਪ੍ਰਤਾਪ ਬਾਜਵਾ, ਪੁੱਛਗਿੱਛ ਕਰਨ ਘਰ ਪਹੁੰਚੀ ਪੁਲਿਸ 

ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪੰਜਾਬ ਵਿੱਚ ਗ੍ਰਨੇਡ ਆਉਣ ਬਾਰੇ ਦਿੱਤੇ ਬਿਆਨ ਲਈ ਕੀਤੀ ਗਈ ਹੈ।

Courtesy: file photo

Share:

ਪੰਜਾਬ ਪੁਲਿਸ ਅੱਜ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਚੰਡੀਗੜ੍ਹ ਸਥਿਤ ਘਰ ਪਹੁੰਚੀ। ਪੁਲਿਸ ਨੇ ਪੁੱਛਗਿੱਛ ਲਈ ਬਾਜਵਾ ਨੂੰ ਘੇਰ ਲਿਆ ਸੀ। ਇਹ ਕਾਰਵਾਈ ਉਨ੍ਹਾਂ ਵਿਰੁੱਧ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪੰਜਾਬ ਵਿੱਚ ਗ੍ਰਨੇਡ ਆਉਣ ਬਾਰੇ ਦਿੱਤੇ ਬਿਆਨ ਲਈ ਕੀਤੀ ਗਈ ਹੈ। ਇੰਟਰਵਿਊ ਵਿੱਚ, ਬਾਜਵਾ ਨੇ ਕਿਹਾ ਸੀ ਕਿ ਪੰਜਾਬ ਵਿੱਚ 50 ਗ੍ਰਨੇਡ ਆਏ ਸਨ, ਜਿਨ੍ਹਾਂ ਵਿੱਚੋਂ 18 ਦੀ ਵਰਤੋਂ ਕੀਤੀ ਜਾ ਚੁੱਕੀ ਹੈ, ਜਦੋਂ ਕਿ 32 ਬਾਕੀ ਹਨ।

ਪੰਜਾਬ ਸਰਕਾਰ ਨੇ ਘੇਰਿਆ ਬਾਜਵਾ 

ਇਸ ਬਿਆਨ ਤੋਂ ਬਾਅਦ ਬਾਜਵਾ ਨੂੰ ਪੰਜਾਬ ਸਰਕਾਰ ਨੇ ਘੇਰ ਲਿਆ ਹੈ। ਪੁਲਿਸ ਕਾਰਵਾਈ ਤੋਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਵੀਡੀਓ ਜਾਰੀ ਕੀਤਾ ਹੈ ਅਤੇ ਬਾਜਵਾ ਨੂੰ ਆਪਣੇ ਬਿਆਨ ਲਈ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਸੀਐਮ ਮਾਨ ਨੇ ਪੁੱਛਿਆ ਹੈ ਕਿ ਉਨ੍ਹਾਂ ਨੂੰ ਗ੍ਰਨੇਡ ਦੇ ਆਉਣ ਦੀ ਜਾਣਕਾਰੀ ਕਿੱਥੋਂ ਮਿਲੀ? ਕੀ ਉਹਨਾਂ ਦਾ ਪਾਕਿਸਤਾਨ ਨਾਲ ਸਿੱਧਾ ਸਬੰਧ ਹੈ ਕਿ ਅੱਤਵਾਦੀ ਉਹਨਾਂ ਨਾਲ ਸਿੱਧੇ ਫ਼ੋਨ 'ਤੇ ਗੱਲ ਕਰ ਰਹੇ ਹਨ? ਇਸ ਦੌਰਾਨ, ਕਾਊਂਟਰ ਇੰਟੈਲੀਜੈਂਸ ਦੇ ਏਆਈਜੀ ਰਵਜੋਤ ਗਰੇਵਾਲ ਨੇ ਕਿਹਾ ਹੈ ਕਿ ਇਹ ਕਾਰਵਾਈ ਉਨ੍ਹਾਂ ਦੀ ਅਗਵਾਈ ਹੇਠ ਕੀਤੀ ਗਈ ਹੈ। ਹਾਲਾਂਕਿ, ਬਾਜਵਾ ਨੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਉਹਨਾਂ ਨੂੰ ਗ੍ਰਨੇਡ ਦੇ ਆਉਣ ਬਾਰੇ ਇਹ ਜਾਣਕਾਰੀ ਕਿੱਥੋਂ ਮਿਲੀ?

ਬਾਜਵਾ ਨੇ ਇਹ ਕਿਹਾ ਸੀ 

ਬਾਜਵਾ ਨੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਹੁਣ ਪੰਜਾਬ ਪੁਲਿਸ ਲੋਕਾਂ ਦੀ ਸੁਰੱਖਿਆ ਨਹੀਂ ਕਰਦੀ। ਸ਼ਾਮ 7 ਵਜੇ ਤੋਂ ਬਾਅਦ ਪੁਲਿਸ ਆਪਣੀ ਰੱਖਿਆ ਕਰਨੀ ਸ਼ੁਰੂ ਕਰ ਦਿੰਦੀ ਹੈ। ਹੁਣ ਕਾਲੀਆ ਸਾਹਿਬ (ਸਾਬਕਾ ਭਾਜਪਾ ਮੰਤਰੀ ਮਨੋਰੰਜਨ ਕਾਲੀਆ) ਦੇ ਘਰ 'ਤੇ ਹਮਲਾ ਹੋਇਆ ਹੈ। ਮੈਨੂੰ ਪਤਾ ਲੱਗਾ ਹੈ ਕਿ 50 ਬੰਬ ਆਏ ਹਨ। ਮੈਨੂੰ ਨਹੀਂ ਪਤਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਹ ਜਾਣਕਾਰੀ ਹੈ ਜਾਂ ਨਹੀਂ। 18 ਬੰਬ ਫਟ ਚੁੱਕੇ ਹਨ, ਜਦੋਂ ਕਿ 32 ਹਾਲੇ ਵੀ ਬਚੇ ਹਨ।

ਕਾਦੀਆਂ ਜਾ ਰਹੇ ਸੀ ਬਾਜਵਾ, ਪੁਲਿਸ ਨੇ ਰੋਕਿਆ 

 ਬਾਜਵਾ ਦੇ ਇਸ ਬਿਆਨ ਤੋਂ ਬਾਅਦ, ਉਹ ਪੁਲਿਸ ਜਾਂਚ ਦੇ ਘੇਰੇ ਵਿੱਚ ਆ ਗਏ। ਐਤਵਾਰ ਨੂੰ, ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰਨ ਆਈ ਤਾਂ ਜੋ ਸਮੇਂ ਸਿਰ ਇਨ੍ਹਾਂ ਗ੍ਰਨੇਡਾਂ ਦੇ ਠਿਕਾਣਿਆਂ ਦਾ ਪਤਾ ਲਗਾਇਆ ਜਾ ਸਕੇ। ਸੂਤਰਾਂ ਅਨੁਸਾਰ ਬਾਜਵਾ ਅੱਜ ਆਪਣੇ ਹਲਕੇ ਕਾਦੀਆਂ ਜਾ ਰਹੇ ਸਨ, ਪਰ ਪੁਲਿਸ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਤੇ ਨਾ ਜਾਣ ਲਈ ਕਿਹਾ। ਉਹਨਾਂ ਨੂੰ ਕਿਹਾ ਗਿਆ ਕਿ ਘਰ ਰਹੋ। ਉਹਨਾਂ ਕੋਲੋਂ ਕੁੱਝ ਸਵਾਲ ਪੁੱਛਣੇ ਹਨ। ਇਸ ਤੋਂ ਥੋੜ੍ਹੀ ਦੇਰ ਬਾਅਦ, ਪੁਲਿਸ ਬਾਜਵਾ ਦੇ ਘਰ ਪਹੁੰਚ ਗਈ। ਇੱਥੇ ਉਹਨਾਂ ਤੋਂ ਕੁਝ ਸਮੇਂ ਲਈ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਚਲੀ ਗਈ।

ਇਹ ਵੀ ਪੜ੍ਹੋ