ਸਿਆਸਤ ਪੰਜਾਬ ਦੀ - ਕਾਂਗਰਸ ਦੇ ਪੰਜੇ ਚੋਂ ਬਾਹਰ ਨਿਕਲਦਾ ਜਾ ਰਿਹਾ ਨਵਜੋਤ ਸਿੱਧੂ !

ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਆਗੂ ਦੀ ਬਿਆਨਬਾਜ਼ੀ ਨੇ ਅੱਜ ਕੱਲ੍ਹ ਸੂਬੇ ਦੀ ਸਿਆਸਤ ਦਾ ਮਾਹੌਲ ਗਰਮ ਕੀਤਾ ਹੋਇਆ ਹੈ। ਕਾਂਗਰਸ ਅੰਦਰ ਸਭ ਕੁੱਝ ਠੀਕ ਨਹੀਂ ਚੱਲ ਰਿਹਾ ਹੈ। ਜਿਸ ਕਰਕੇ ਪਾਰਟੀ ਨੂੰ ਸੂਬਾ ਇੰਚਾਰਜ ਵੀ ਬਦਲਣਾ ਪਿਆ। ਪ੍ਰੰਤੂ, ਹੁਣ ਤਾਂ ਨਵੇਂ ਇੰਚਾਰਜ ਦੀ ਫੇਰੀ ਮੌਕੇ ਵੀ ਇਹੀ ਕੁੱਝ ਦੇਖਣ ਨੂੰ ਮਿਲਿਆ। 

Share:

ਹਾਈਲਾਈਟਸ

  • ਨਵਜੋਤ ਸਿੱਧੂ ਨੂੰ ਉਹਨਾਂ ਦੀ ਇਸ ਚਾਲ ਤੋਂ ਰੋਕਣਾ ਕੋਈ ਆਸਾਨ ਕੰਮ ਨਹੀਂ ਹੈ।
  • ਨਵਜੋਤ ਸਿੰਘ ਸਿੱਧੂ ਨੇ ਫਿਰ ਆਪਣੇ ਅੰਦਾਜ਼ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ

ਨਵਜੋਤ ਸਿੰਘ ਆਪਣੀ ਬੇਬਾਕੀ ਦੇ ਨਾਲ ਅਕਸਰ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਵਿਚਾਰਧਾਰਾ ਦਾ ਹਵਾਲਾ ਦੇ ਕੇ ਸਿੱਧੂ ਕਿਸੇ ਪਾਰਟੀ ਨਾਲੋਂ ਵੱਖਰੀ ਚਾਲ ਚੱਲ ਰਹੇ ਹੋਣ। ਪਾਰਟੀ ਤੇ ਸਥਾਨ ਭਾਵੇਂ ਕੋਈ ਹੋਵੇ, ਸਿੱਧੂ ਦਾ ਅੰਦਾਜ਼ ਇਹੀ ਦੇਖਣ ਨੂੰ ਮਿਲਿਆ। ਇਸੇ ਕਰਕੇ ਹੁਣ ਸਿੱਧੂ ਕਾਂਗਰਸ ਦੇ ਪੰਜੇ (ਕੰਟਰੋਲ) ਚੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਸੋਮਵਾਰ ਨੂੰ ਭਾਵੇਂ ਕਾਂਗਰਸ ਦੇ ਨਵੇਂ ਇੰਚਾਰਜ ਦੇਵੇਂਦਰ ਯਾਦਵ ਪਹਿਲੀ ਵਾਰ ਸੂਬੇ ਵਿੱਚ ਆਏ ਤੇ ਸ਼੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਿਆ। ਇੱਥੇ ਵੀ ਸਿੱਧੂ ਆਪਣੀ ਬੇਬਾਕੀ ਤੋਂ ਬਾਜ਼ ਨਹੀਂ ਆਏ ਤੇ ਚਰਚਾ ਦਾ ਵਿਸ਼ਾ ਬਣੇ। ਵਰਨਣਯੋਗ ਹੈ ਕਿ ਸਿੱਧੂ ਦੀਆਂ ਅਜਿਹੀਆਂ ਗਤੀਵਿਧੀਆਂ ਤੇ ਵਿਵਾਦਿਤ ਬਿਆਨਾਂ ਦੇ ਖਿਲਾਫ ਕਈ ਵਾਰ ਕਾਂਗਰਸੀ ਆਗੂ ਆਵਾਜ਼ ਉਠਾ ਚੁੱਕੇ ਹਨ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਦੀਆਂ ਰੈਲੀਆਂ ਉਪਰ ਕਿਹਾ ਕਿ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ ਨਹੀਂ ਤਾਂ ਕਾਰਵਾਈ ਹੋਵੇਗੀ। ਇਸਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ  ਪ੍ਰਤਾਪ ਸਿੰਘ ਬਾਜਵਾ ਨੇ ਵੀ ਤਿੱਖੇ ਸ਼ਬਦਾਂ ਨਾਲ ਨਵਜੋਤ ਸਿੱਧੂ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਸਿੱਧੂ ਦੀ ਪ੍ਰਧਾਨਗੀ ਹੇਠ ਕਾਂਗਰਸ ਦਾ ਵਿਧਾਨ ਸਭਾ ਚੋਣਾਂ ਵਿੱਚ ਮਾੜਾ ਹਸ਼ਰ ਹੋਇਆ। ਇਸਦੇ ਬਾਵਜੂਦ ਸਿੱਧੂ ਨਹੀਂ ਸੁਧਰੇ। 

ਸਿੱਧੂ ਨੂੰ ਰੋਕਣਾ ਨਹੀਂ ਆਸਾਨ, ਕਾਂਗਰਸ ਅੰਦਰ ਪਿਆ ਘਮਾਸਾਨ
ਨਵਜੋਤ ਸਿੱਧੂ ਨੂੰ ਉਹਨਾਂ ਦੀ ਇਸ ਚਾਲ ਤੋਂ ਰੋਕਣਾ ਕੋਈ ਆਸਾਨ ਕੰਮ ਨਹੀਂ ਹੈ। ਪਾਰਟੀ ਦੇ ਵੱਡੇ ਵੱਡੇ ਆਗੂ ਵੀ ਇਸ ਗੱਲੋਂ ਫੇਲ੍ਹ ਰਹੇ ਹਨ ਕਿ ਸਿੱਧੂ ਨੂੰ ਪਾਰਟੀ ਦੇ ਅਨੁਸ਼ਾਸਨ ਵਿੱਚ ਰੱਖ ਸਕਣ। ਇਸੇ ਕਰਕੇ ਕਾਂਗਰਸ ਅੰਦਰ ਮੁੜ ਤੋਂ ਘਮਾਸਾਨ ਪੈ ਗਿਆ ਹੈ। ਅੰਦਰੂਨੀ ਕਲੇਸ਼ ਦੇ ਨਤੀਜੇ ਭੁਗਤ ਚੁੱਕੀ ਕਾਂਗਰਸ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਆਪਣੇ ਹੀ ਕਾਟੋ-ਕਲੇਸ਼ ਵਿੱਚ ਉਲਝਦੀ ਦਿਖਾਈ ਦੇ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਸੂਬੇ ਦੇ ਹੋਰ ਮੁੱਦਿਆਂ ਤੋਂ ਪਹਿਲਾਂ ਕਾਂਗਰਸ ਦੇ ਦਿੱਗਜਾਂ ਅੰਦਰ ਇਹੀ ਚਰਚਾ ਰਹਿੰਦੀ ਹੈ ਕਿ ਸਿੱਧੂ ਦਾ ਕੀ ਕਰੀਏ..। ਇਹ ਮਸਲਾ ਪਾਰਟੀ ਹਾਈਕਮਾਨ ਤੱਕ ਵੀ ਪਹੁੰਚਿਆ ਹੋਇਆ ਹੈ। ਪ੍ਰੰਤੂ ਹਾਲੇ ਤੱਕ ਹਾਈਕਮਾਨ ਇਸ ਕਰਕੇ ਕੋਈ ਐਕਸ਼ਨ ਨਹੀਂ ਲੈ ਰਹੀ ਕਿ ਕਿਧਰੇ ਇਸ ਮਸਲੇ ਵਿੱਚ ਲਿਆ ਫੈਸਲਾ ਪਾਰਟੀ ਨੂੰ ਹੋਰ ਨੁਕਸਾਨ ਨਾ ਪਹੁੰਚਾ ਦੇਵੇ। 
ਆਪਣਿਆਂ ਨਾਲ ਜੰਗ, ਸਰਕਾਰ ਵੀ ਤੰਗ 
ਨਵਜੋਤ ਸਿੰਘ ਸਿੱਧੂ ਜਿੱਥੇ ਇੱਕ ਪਾਸੇ ਆਪਣਿਆਂ ਨਾਲ ਸਿਆਸੀ ਜੰਗ ਲੜ ਰਹੇ ਹਨ ਤਾਂ ਉਥੇ ਹੀ ਸਿੱਧੂ ਦੇ ਬੇਬਾਕ ਬੋਲਾਂ ਤੋਂ ਮੌਜੂਦਾ ਸਰਕਾਰ ਵੀ ਤੰਗ ਦੱਸੀ ਜਾ ਰਹੀ ਹੈ। ਕਿਉਂਕਿ ਸਿੱਧੂ ਦੇ ਬੋਲਣ ਦਾ ਲਹਿਜਾ ਹੀ ਅਜਿਹਾ ਹੈ ਕਿ ਜਦੋਂ ਸਰਕਾਰ ਉਪਰ ਗੰਭੀਰ ਦੋਸ਼ ਲਾ ਕੇ ਤੰਝ ਕੱਸਦੇ ਹਨ ਤਾਂ ਫਿਰ ਸ਼ਬਦਾਂ ਤੇ ਮਰਿਆਦਾ ਦਾ ਖਿਆਲ ਵੀ ਨਹੀਂ ਰੱਖਦੇ। ਸਿਆਸੀ ਸੂਤਰਾਂ ਮੁਤਾਬਕ ਨਵਜੋਤ ਸਿੱਧੂ ਮੌਜੂਦਾ ਹਾਲਾਤਾਂ ਵਿੱਚ ਆਪਣੇ ਤੇ ਵਿਰੋਧੀ ਦੋਵਾਂ ਵਿਚਕਾਰ ਘਿਰੇ ਹੋਏ ਹਨ। ਕਿਹਾ ਜਾ ਰਿਹਾ ਹੈ ਕਿ ਇਹਨਾਂ ਹਾਲਾਤਾਂ ਵਿੱਚ ਸਿੱਧੂ ਆਪਣੇ ਸਿਆਸੀ ਕਰੀਅਰ ਨੂੰ ਬਰਕਰਾਰ ਰੱਖਣ ਲਈ ਅਜਿਹੀਆਂ ਗਤੀਵਿਧੀਆਂ ਕਰ ਰਹੇ ਹਨ। 
ਕੋਈ ਪਰਵਾਹ ਨਹੀਂ, ਰਸਤਾ ਇਹੀ ਰਹੇਗਾ - ਸਿੱਧੂ
ਉੱਥੇ ਹੀ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਨੇ ਫਿਰ ਆਪਣੇ ਅੰਦਾਜ਼ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਕੋਈ ਕੀ ਕਹਿੰਦਾ ਹੈ ਕੋਈ ਪਰਵਾਹ ਨਹੀਂ, ਉਹਨਾਂ ਦਾ ਰਸਤਾ ਇਹੀ ਰਹੇਗਾ। ਉਹਨਾਂ ਲਈ 3 ਕਰੋੜ ਪੰਜਾਬੀ ਤੇ 2 ਕਰੋੜ ਐਨਆਰਆਈ ਪਹਿਲਾਂ ਹਨ, ਬਾਕੀ ਸਭ ਬਾਅਦ ਵਿੱਚ। ਉਹ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦੇ ਰਹਿਣਗੇ। ਆਪ ਨਾਲ ਗਠਜੋੜ ਬਾਰੇ ਸਿੱਧੂ ਨੇ ਜਵਾਬ ਦਿੰਦਿਆਂ ਅਸਿੱਧੇ ਤੌਰ ਉਪਰ ਕਾਂਗਰਸ ਦੇ ਕਈ ਉਹਨਾਂ ਸੀਨੀਅਰ ਆਗੂਆਂ ਉਪਰ ਸਵਾਲ ਚੁੱਕੇ ਜੋ ਇਸ ਗਠਜੋੜ ਨੂੰ ਸਵੀਕਾਰ ਨਹੀਂ ਕਰ ਰਹੇ। ਸਿੱਧੂ ਨੇ ਕਿਹਾ ਕਿ ਜਦੋਂ ਪਾਰਟੀ ਹਾਈਕਮਾਨ ਅਹੁਦੇ ਦੇਣ ਦਾ ਫੈਸਲਾ ਦਿੰਦੀ ਹੈ ਤਾਂ ਉਹ ਮਨਜ਼ੂਰ ਹੁੰਦਾ ਹੈ। ਜਦੋਂ ਦੇਸ਼ ਦੇ ਲੋਕਤੰਤਰ ਬਾਰੇ ਪਾਰਟੀ ਹਾਈਕਮਾਨ ਕੋਈ ਫੈਸਲਾ ਲੈਣ ਜਾ ਰਹੀ ਹੈ ਤਾਂ ਉਸ ਉਪਰ ਸਵਾਲ ਚੁੱਕੇ ਜਾ ਰਹੇ ਹਨ। ਲੋੜ ਲੋਕਤੰਤਰ ਬਚਾਉਣ ਦੀ ਹੈ। ਜੇਕਰ ਇਹ ਨਾ ਬਚਿਆ ਤਾਂ ਪਾਰਟੀਆਂ ਨੂੰ ਕੀ ਕਰਨਾ। 
                                                 ਫਿਲਹਾਲ ਸਿੱਧੂ ਨੂੰ ਲੈ ਕੇ ਚਾਰੇ ਪਾਸੇ ਚਰਚਾ ਹੈ। ਕਿਉਂਕਿ ਸਿੱਧੂ ਨੇ ਤਾਂ ਪਾਰਟੀ ਤੋਂ ਵੱਖਰੇ ਮੰਚ ਉਪਰ ਆਪਣੀਆਂ ਰੈਲੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਤੀਜੀ ਰੈਲੀ ਹੁਸ਼ਿਆਰਪੁਰ ਵਿਖੇ 9 ਜਨਵਰੀ ਨੂੰ ਕੀਤੀ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਹਾਈਕਮਾਨ ਇਸ ਅੰਦਰੂਨੀ ਕਲੇਸ਼ ਨੂੰ ਕਿਸ ਤਰ੍ਹਾਂ ਦੂਰ ਕਰਦੀ ਹੈ ਤੇ ਸਿੱਧੂ ਨੂੰ ਕਿਵੇਂ ਕਾਬੂ ਕਰਦੀ ਹੈ ?

ਇਹ ਵੀ ਪੜ੍ਹੋ