ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ, 'ਆਪ'-ਕਾਂਗਰਸ ਗਠਜੋੜ ਦਾ ਹੋਇਆ ਐਲਾਨ

‘ਆਪ’ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰਨਗੇ, ਜੱਦ ਕੀ ਕਾਂਗਰਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਮਿਲਣਗੇ। ਦੋਵੇਂ ਪਾਰਟੀਆਂ ਇੱਕ ਦੂਜੇ ਦਾ ਸਾਥ ਦੇਣਗੀਆਂ।

Share:

ਹਾਈਲਾਈਟਸ

  • ਗਠਜੋੜ ਤੋਂ ਬਾਅਦ ਦੋਵਾਂ ਦੇ ਕੌਂਸਲਰਾਂ ਦੀਆਂ ਮਿਲ ਕੇ 20 ਵੋਟਾਂ ਹੋ ਜਾਦੀਆ ਹਨ ਜਿਸ ਦੇ ਚਲਦੇ ਉਹ ਤਿੰਨੋਂ ਅਹੁਦਿਆਂ 'ਤੇ ਜਿੱਤ ਹਾਸਲ ਕਰ ਸਕਦੇ ਹਨ।

ਚੰਡੀਗੜ੍ਹ ਨਗਰ ਨਿਗਮ ਵਿੱਚ 18 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ ਹੋ ਗਈ ਹੈ। ਸੋਮਵਾਰ ਨੂੰ ਨਿਗਮ 'ਚ ਕਾਂਗਰਸ ਅਤੇ 'ਆਪ' ਦਾ ਗਠਜੋੜ ਹੋ ਗਿਆ। ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰਨਗੇ, ਜੱਦ ਕੀ ਕਾਂਗਰਸ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਮਿਲਣਗੇ। ਦੋਵੇਂ ਪਾਰਟੀਆਂ ਇੱਕ ਦੂਜੇ ਦਾ ਸਾਥ ਦੇਣਗੀਆਂ। ਲੋਕ ਸਭਾ ਚੋਣਾਂ ਨੂੰ ਲੈ ਕੇ ਅਜੇ ਤੱਕ ਕੋਈ ਚਰਚਾ ਨਹੀਂ ਹੋਈ ਹੈ। ਇਹ ਬਾਅਦ ਲਈ ਇੱਕ ਵਿਸ਼ਾ ਹੈ। ਇਸ ਬਾਰੇ ਪਾਰਟੀ ਹਾਈਕਮਾਂਡ ਹੀ ਫੈਸਲਾ ਕਰੇਗੀ। ਕਾਂਗਰਸ ਅਤੇ 'ਆਪ' ਦੇ ਗਠਜੋੜ ਤੋਂ ਬਾਅਦ ਦੋਵਾਂ ਦੇ ਕੌਂਸਲਰਾਂ ਦੀਆਂ ਮਿਲ ਕੇ 20 ਵੋਟਾਂ ਹੋ ਜਾਦੀਆ ਹਨ ਜਿਸ ਦੇ ਚਲਦੇ ਉਹ ਤਿੰਨੋਂ ਅਹੁਦਿਆਂ 'ਤੇ ਜਿੱਤ ਹਾਸਲ ਕਰ ਸਕਦੇ ਹਨ।
ਇਸ ਦੇ ਨਾਲ ਹੀ ਸਾਰੀਆਂ ਪਾਰਟੀਆਂ ਆਪਣੇ ਕੌਂਸਲਰਾਂ ਦੀ ‘ਹਾਰਸ ਟਰੇਡਿੰਗ’ ਤੋਂ ਡਰਦੀਆਂ ਹਨ। ਇਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਆਪਣੇ ਕੌਂਸਲਰਾਂ ਨੂੰ ਪੰਜਾਬ ਦੇ ਰੋਪੜ ਸਥਿਤ ਇੱਕ ਰਿਜ਼ੋਰਟ ਵਿੱਚ ਲੈ ਗਈ।
ਕਾਂਗਰਸ ਆਪਣੇ ਕੌਂਸਲਰਾਂ ਨਾਲ ਸ਼ਿਮਲਾ ਪਹੁੰਚ ਗਈ ਹੈ। ਹੁਣ ਭਾਜਪਾ ਕੌਂਸਲਰਾਂ ਨੂੰ ਵੀ ਪੰਚਕੂਲਾ ਸਥਿਤ ਰੈਸਟ ਹਾਊਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਜਿੱਥੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਉਨ੍ਹਾਂ ਨਾਲ ਗੱਲ ਕਰ ਸਕਦੇ ਹਨ। ਇਨ੍ਹਾਂ ਤਿੰਨਾਂ ਰਾਜਾਂ ਵਿੱਚ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਹਨ।

ਪਹਿਲਾਂ ਜਾਣੋ ਚੰਡੀਗੜ੍ਹ 'ਚ ਕੌਂਸਲਰ ਵੋਟਾਂ ਦਾ ਗਣਿਤ...

ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹਨ। ਇਨ੍ਹਾਂ 35 ਵੋਟਾਂ ਤੋਂ ਇਲਾਵਾ ਮੇਅਰ ਦੀ ਚੋਣ ਵਿਚ ਸੰਸਦ ਮੈਂਬਰ ਦੀ ਵੋਟ ਵੀ ਜਾਇਜ਼ ਹੈ। ਭਾਜਪਾ ਦੇ 14, ‘ਆਪ’ ਦੇ 13, ਕਾਂਗਰਸ ਦੇ 7 ਅਤੇ ਅਕਾਲੀ ਦਲ ਦਾ ਇੱਕ ਕੌਂਸਲਰ ਹੈ। ਮੇਅਰ ਚੋਣ ਦੇ ਦ੍ਰਿਸ਼ਟੀਕੋਣ ਤੋਂ ਭਾਜਪਾ ਕੋਲ ਬਹੁਮਤ ਹੈ ਕਿਉਂਕਿ 14 ਕੌਂਸਲਰਾਂ ਤੋਂ ਇਲਾਵਾ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦੀਆਂ ਵੋਟਾਂ ਵੀ ਉਨ੍ਹਾਂ ਕੋਲ ਹਨ। ਇਸ ਤੋਂ ਪਹਿਲਾਂ ਭਾਜਪਾ ਦੀ ਸਰਬਜੀਤ ਕੌਰ ਅਤੇ ਅਨੂਪ ਗੁਪਤਾ ਇਕ-ਇਕ ਸਾਲ ਲਈ ਦੋ ਵਾਰ ਮੇਅਰ ਬਣ ਚੁੱਕੇ ਹਨ।

ਦਲ-ਬਦਲੀ ਦਾ ਖ਼ਤਰਾ ਕਿਉਂ?

ਚੰਡੀਗੜ੍ਹ ਕਾਰਪੋਰੇਸ਼ਨ ਵਿੱਚ ਜਦੋਂ ਕੌਂਸਲਰਾਂ ਦੀਆਂ ਚੋਣਾਂ ਹੋਈਆਂ ਤਾਂ ‘ਆਪ’ ਨੂੰ ਸਭ ਤੋਂ ਵੱਧ 14 ਸੀਟਾਂ ਮਿਲੀਆਂ ਸਨ। ਜਦਕਿ ਭਾਜਪਾ ਨੂੰ 12 ਸੀਟਾਂ ਮਿਲੀਆਂ ਸਨ। ਜਦੋਂ ਕਿ ਕਾਂਗਰਸ ਨੇ 8 ਅਤੇ ਅਕਾਲੀ ਦਲ ਨੇ ਇੱਕ ਸੀਟ ਜਿੱਤੀ ਹੈ। ਪਰ ਇਸ ਤੋਂ ਬਾਅਦ ਦਲ-ਬਦਲੀ ਸ਼ੁਰੂ ਹੋ ਗਈ। ਮੇਅਰ ਚੋਣਾਂ ਦੇ ਐਲਾਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਂਸਲਰ ਲਖਬੀਰ ਸਿੰਘ ਬਿੱਲੂ ਭਾਜਪਾ ਵਿੱਚ ਸ਼ਾਮਲ ਹੋ ਗਏ। ਤਿੰਨ ਦਿਨ ਬਾਅਦ ਭਾਜਪਾ ਕੌਂਸਲਰ ਗੁਰਚਰਨ ਸਿੰਘ ਕਾਲਾ ‘ਆਪ’ ਵਿੱਚ ਸ਼ਾਮਲ ਹੋ ਗਏ। ਹਰ ਕੋਈ ਆਪਣੇ ਕੌਂਸਲਰਾਂ ਦੀ ਘੇਰਾਬੰਦੀ ਕਰਨ ਵਿੱਚ ਲੱਗਾ ਹੋਇਆ ਹੈ ਕਿ ਮੇਅਰ ਚੋਣਾਂ ਤੋਂ ਪਹਿਲਾਂ ਮੁੜ ਕੋਈ ਦਲ-ਬਦਲੀ ਨਾ ਹੋਵੇ।

ਨਾਮਜ਼ਦਗੀਆਂ ਵਾਪਸ ਲੈਣ ਦਾ ਦੌਰ ਅੱਜ ਤੋਂ ਹੋਵੇਗਾ ਸ਼ੁਰੂ 

ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਤੋਂ ਬਾਅਦ ਅੱਜ ਤੋਂ ਨਾਮਜ਼ਦਗੀਆਂ ਵਾਪਸ ਲੈਣ ਦਾ ਦੌਰ ਸ਼ੁਰੂ ਹੋ ਜਾਵੇਗਾ ਕਿਉਂਕਿ ਦੋਵਾਂ ਪਾਰਟੀਆਂ ਨੇ ਤਿੰਨਾਂ ਅਹੁਦਿਆਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਅਜਿਹੇ ਵਿੱਚ ਮੇਅਰ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੇ ਕੁਲਦੀਪ ਟੀਟਾ, ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਕਾਂਗਰਸ ਦੇ ਗੁਰਪ੍ਰੀਤ ਸਿੰਘ ਗੈਵੀ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਨਿਰਮਲਾ ਦੇਵੀ ਦੀ ਨਾਮਜ਼ਦਗੀ ਬਾਕੀ ਰਹੇਗੀ। ਦੋਵਾਂ ਪਾਰਟੀਆਂ ਦੇ ਹੋਰ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣੇ ਸ਼ੁਰੂ ਕਰ ਦੇਣਗੇ।

ਨਾਮਜ਼ਦਗੀਆਂ ਲਈਆਂ ਜਾਣਗੀਆਂ ਵਾਪਸ

ਦੋਵਾਂ ਪਾਰਟੀਆਂ ਦੇ ਗਠਜੋੜ ਤੋਂ ਬਾਅਦ ਕਾਂਗਰਸ ਦੇ ਮੇਅਰ ਉਮੀਦਵਾਰ ਜਸਵੀਰ ਸਿੰਘ ਬੰਟੀ ਨੂੰ ਆਪਣੀ ਨਾਮਜ਼ਦਗੀ ਵਾਪਸ ਲੈਣੀ ਪਵੇਗੀ। ਜਦੋਂ ਕਿ ਆਮ ਆਦਮੀ ਪਾਰਟੀ ਵੱਲੋਂ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਨੇਹਾ ਅਤੇ ਪੂਨਮ ਨੂੰ ਗਠਜੋੜ ਦੀਆਂ ਸ਼ਰਤਾਂ ਅਨੁਸਾਰ ਆਪਣੀ ਨਾਮਜ਼ਦਗੀ ਵਾਪਸ ਕਰਨੀ ਪਵੇਗੀ। ਨਗਰ ਨਿਗਮ ਅਧਿਕਾਰੀਆਂ ਅਨੁਸਾਰ ਮੇਅਰ ਚੋਣ ਵਾਲੇ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ

Tags :