Police In Action Mode: ਫਰੀਦਕੋਟ ਵਿੱਚ 24 ਘੰਟਿਆਂ ਦੇ ਅੰਦਰ ਪਰਾਲੀ ਸਾੜਨ ਵਾਲਿਆਂ ਖਿਲਾਫ 19 ਮਾਮਲੇ ਦਰਜ

ਅਦਾਲਤ ਦੇ ਹੁਕਮਾਂ ’ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨੀਆਂ ਦੀ ਟੀਮ ਵੱਲੋਂ ਫਰੀਦਕੋਟ ਸਮੇਤ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਕੀਤਾ ਜਾ ਰਿਹਾ ਸਰਵੇ, ਕਿਸਾਨਾਂ ਤੋਂ ਵਸੂਲੀ ਦੇ ਨਾਲ-ਨਾਲ ਪਾਬੰਦੀ ਵੀ ਰਹੇਗੀ ਜਾਰੀ

Share:

ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਈ ਹੈ। ਜਿਸਦੇ ਚੱਲਦਿਆ ਫਰੀਦਕੋਟ ਜ਼ਿਲੇ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਪੁਸ਼ਟੀ ਹੋਣ ਤੋਂ ਬਾਅਦ 24 ਘੰਟਿਆਂ 'ਚ ਪੁਲਿਸ-ਪ੍ਰਸ਼ਾਸਨ ਵਲੋਂ ਐਕਸ਼ਨ ਲੈਂਦੇ ਹੋਏ 19 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚ 17 ਕਿਸਾਨਾਂ ਦੇ ਨਾਂ ਸ਼ਾਮਲ ਹਨ। ਦੱਸ ਦਈਏ ਕਿ ਨਾ ਸਿਰਫ਼ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ, ਸਗੋਂ ਉਨ੍ਹਾਂ ਦੀ ਜ਼ਮੀਨ ਨੂੰ ਲਾਲ ਲਕੀਰ ਹੇਠ ਲਿਆਉਣ ਦੇ ਨਾਲ-ਨਾਲ ਜੁਰਮਾਨੇ ਅਤੇ ਹੋਰ ਕਈ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਹਨ।

ਹੈਰਾਨੀ ਦੀ ਗੱਲ ਹੈ ਕਿ ਇੰਨੀ ਸਖ਼ਤੀ ਦੇ ਬਾਵਜੂਦ ਪਰਾਲੀ ਸਾੜਨ ਵਾਲੇ ਕਿਸਾਨਾਂ ਵਿੱਚ ਨਾ ਤਾਂ ਸਰਕਾਰ ਦਾ ਡਰ ਹੈ ਅਤੇ ਨਾ ਹੀ ਪਾਬੰਦੀਆਂ ਦਾ ਡਰ। ਪਰ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਪਰਾਲੀ ਸਾੜਨ ਦਾ ਮਾੜਾ ਅਸਰ ਭੁਗਤਣਾ ਪੈ ਰਿਹਾ ਹੈ। ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਵੀ ਸਖ਼ਤ ਹੋ ਗਿਆ ਹੈ। ਅਦਾਲਤ ਦੇ ਹੁਕਮਾਂ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿਗਿਆਨੀਆਂ ਦੀ ਟੀਮ ਵੱਲੋਂ ਫਰੀਦਕੋਟ ਸਮੇਤ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਸਰਵੇ ਕੀਤਾ ਜਾ ਰਿਹਾ ਹੈ।

 

ਕਿਸਾਨਾਂ ਤੋਂ ਹਰ ਹਾਲਤ ਵਿੱਚ ਜੁਰਮਾਨੇ ਦੀ ਕੀਤੀ ਜਾਵੇਗੀ ਵਸੂਲੀ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਨ੍ਹਾਂ ਕਿਸਾਨਾਂ ਤੋਂ ਜੁਰਮਾਨੇ ਕੀਤੇ ਗਏ ਹਨ, ਉਨ੍ਹਾਂ ਤੋਂ ਹਰ ਹਾਲਤ ਵਿੱਚ ਵਸੂਲੀ ਕੀਤੀ ਜਾਵੇਗੀ ਅਤੇ ਪਾਬੰਦੀ ਵੀ ਜਾਰੀ ਰਹੇਗੀ। ਇੰਨੇ ਸਖ਼ਤ ਕਦਮ ਚੁੱਕਣ ਤੋਂ ਬਾਅਦ ਵੀ ਜੇਕਰ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਿਆ ਨਹੀਂ ਜਾ ਰਿਹਾ ਹੈ ਤਾਂ ਸਰਕਾਰ ਨੂੰ ਇਸ ਦੇ ਪਿੱਛੇ ਦਾ ਕਾਰਨ ਸੋਚਣਾ ਪਵੇਗਾ।

 

ਸਾਹ ਦੇ ਮਰੀਜਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ

ਪਰਾਲੀ ਦੇ ਧੂੰਏਂ ਕਾਰਨ ਜਿੱਥੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ, ਉੱਥੇ ਹੀ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਾਹ ਦੇ ਮਰੀਜ਼ਾਂ ਨੂੰ ਸਵੇਰੇ-ਸ਼ਾਮ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹਰ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਫਿਰ ਵੀ ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਕਾਬੂ ਕਿਉਂ ਨਹੀਂ ਪਾਇਆ ਜਾ ਰਿਹਾ। ਉਹ ਵੀ ਉਦੋਂ ਜਦੋਂ ਕਿਸਾਨਾਂ ਨੂੰ ਪਰਾਲੀ ਦੇ ਸਫਲ ਨਿਪਟਾਰੇ ਲਈ ਖੇਤੀ ਸੰਦਾਂ 'ਤੇ ਵੱਡੀ ਸਬਸਿਡੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :