ਜਲੰਧਰ ਵਿੱਚ 30 ਹਜਾਰ ਰਿਸ਼ਵਤ ਲੈਂਦਿਆਂ ਪੁਲਿਸ ਕਾਂਸਟੇਬਲ ਗ੍ਰਿਫਤਾਰ, ਥਾਣੇ ਛੱਡ ਕੇ ਭੱਜਿਆ ਐਸਐਚਓ, ਪੜੋ ਕੀ ਹੈ ਪੂਰਾ ਮਾਮਲਾ 

ਜ਼ਿਲ੍ਹਾ ਰੂਪਨਗਰ ਦੇ ਨੰਗਲ ਸਬ ਡਿਵੀਜ਼ਨ ਦੀ ਵਸਨੀਕ ਹਰਦੀਪ ਕੌਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਉਕਤ ਪੁਲਿਸ ਮੁਲਾਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਲਦੀ ਹੀ ਦੋਸ਼ੀ ਐਸਐਚਓ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Share:

ਪੰਜਾਬ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦੇ ਅਧਿਕਾਰੀਆਂ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਗੜ੍ਹਸ਼ੰਕਰ ਵਿੱਚ ਤਾਇਨਾਤ ਇੱਕ ਕਾਂਸਟੇਬਲ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਇਸ ਦੌਰਾਨ, ਐਸਐਚਓ ਬਲਜਿੰਦਰ ਸਿੰਘ ਮੱਲੀ ਥਾਣਾ ਛੱਡ ਕੇ ਮੌਕੇ ਤੋਂ ਭੱਜ ਗਏ। ਗ੍ਰਿਫ਼ਤਾਰ ਕੀਤੇ ਗਏ ਕਾਂਸਟੇਬਲ ਦੀ ਪਛਾਣ ਕਿੰਦਰ ਸਿੰਘ ਵਜੋਂ ਹੋਈ ਹੈ। 

ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਾ ਫਸਾਉਣ ਲਈ ਮੰਗੀ ਸੀ ਰੰਗਦਾਰੀ

ਪੰਜਾਬ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ ਸੀ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਸੀ। ਜਿਸ ਵਿੱਚ ਪੀੜਤ ਹਰਦੀਪ ਕੌਰ ਨੇ ਕਿਹਾ ਕਿ, ਦੋਸ਼ੀ ਐਸਐਚਓ ਇੰਸਪੈਕਟਰ ਬਲਜਿੰਦਰ ਸਿੰਘ ਮੱਲੀ ਅਤੇ ਉਨ੍ਹਾਂ ਦੀ ਟੀਮ ਨੇ ਉਸਦੇ ਭਰਾ ਨੂੰ ਹੋਰਨਾਂ ਸਮੇਤ ਲੜਾਈ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। 

50 ਹਜਾਰ ਰੂਪਏ ਵਿੱਚ ਤੈਅ ਹੋਇਆ ਸੋਦਾ

ਮੁਲਜ਼ਮ ਨੇ ਹਰਦੀਪ ਕੌਰ ਤੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਸੀ, ਇਹ ਵਾਅਦਾ ਕਰਦੇ ਹੋਏ ਕਿ ਉਹ ਉਸਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਨਹੀਂ ਫਸਾਏਗਾ। ਜਦੋਂ ਪੀੜਤ ਨੇ ਰਕਮ ਘਟਾ ਦਿੱਤੀ ਤਾਂ ਦੋਵਾਂ ਵਿਚਕਾਰ ਸੌਦਾ 50 ਹਜ਼ਾਰ ਰੁਪਏ ਵਿੱਚ ਹੋ ਗਿਆ। ਪੈਸੇ ਦੇਣ ਲਈ ਇੱਕ ਸਮਾਂ ਨਿਸ਼ਚਿਤ ਕੀਤਾ ਗਿਆ ਸੀ।

ਮਾਮਲੇ ਦੀ ਕੀਤੀ ਜਾ ਰਹੀ ਅਗਲੇਰੀ ਜਾਂਚ 

ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਹੁਸ਼ਿਆਰਪੁਰ ਯੂਨਿਟ ਦੀ ਵਿਜੀਲੈਂਸ ਬਿਊਰੋ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਪੁਲਿਸ ਕਰਮਚਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਕਾਰਵਾਈ ਦੌਰਾਨ ਐਸਐਚਓ ਬਲਜਿੰਦਰ ਸਿੰਘ ਮੱਲੀ ਮੌਕੇ ਤੋਂ ਭੱਜ ਗਏ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਪੁਲਿਸ ਸਟੇਸ਼ਨ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
 

ਇਹ ਵੀ ਪੜ੍ਹੋ