ਪੈਰੋਲ ਦਾ ਵਿਵਾਦ ਛਿੜਿਆ, ਸ਼੍ਰੋਮਣੀ ਕਮੇਟੀ ਨੇ ਜਤਾਇਆ ਇਤਰਾਜ਼

ਪ੍ਰਧਾਨ ਧਾਮੀ ਬੋਲੇ - ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਸਰਕਾਰਾਂ ਨੂੰ ਨਹੀਂ ਸੁਣ ਰਹੀ। ਬਲਾਤਕਾਰੀ ਤੇ ਕਾਤਲ ਲਗਾਤਾਰ ਜੇਲ੍ਹ ਚੋਂ ਬਾਹਰ ਆ ਰਹੇ ਹਨ।

Share:

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ ਵਾਰ ਜੇਲ੍ਹ ‘ਚੋਂ ਪੈਰੋਲ ਮਿਲਣ ‘ਤੇ ਇੱਕ ਵਾਰ ਫਿਰ ਵਿਵਾਦ ਛਿੜ ਗਿਆ ਹੈ। ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ 8ਵੀਂ ਵਾਰ ਪੈਰੋਲ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ। ਧਾਮੀ ਨੇ ਕਿਹਾ ਕਿ ਸਰਕਾਰਾਂ ਦੀ ਇਹ ਦੋਹਰੀ ਨੀਤੀ ਸਿੱਖਾਂ ਅੰਦਰ ਬੇਵਿਸ਼ਵਾਸੀ ਦਾ ਮਾਹੌਲ ਸਿਰਜ ਰਹੀ ਹੈ। ਕਾਤਲ ਅਤੇ ਬਲਾਤਕਾਰ ਦੇ ਸੰਗੀਨ ਜੁਲਮਾਂ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਵਾਰ-ਵਾਰ ਪੈਰੋਲ ਲੈ ਰਿਹਾ ਹੈ। ਪਰੰਤੂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਸੇ ਤੋਂ ਸਿੱਖ ਕੌਮ ਵੱਲੋਂ ਉਠਾਈ ਜਾ ਰਹੀ ਆਵਾਜ਼ ਸਰਕਾਰਾਂ ਨੂੰ ਸੁਣ ਨਹੀਂ ਰਹੀ।

 
ਸਿਆਸੀ ਹਿੱਤਾਂ ਲਈ ਪੈਰੋਲ 
 

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਆਪਣੇ ਸਿਆਸੀ ਹਿੱਤਾਂ ਲਈ ਸਰਕਾਰਾਂ ਵੱਲੋਂ ਗੁਰਮੀਤ ਰਾਮ ਰਹੀਮ ਦੇ ਘਿਨੌਣੇ ਅਪਰਾਧਾਂ ਨੂੰ ਅੱਖੋਂ-ਓਹਲੇ ਕਰਕੇ ਉਸ ਨੂੰ ਬਾਰ-ਬਾਰ ਛੱਡਿਆ ਜਾਣਾ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣ ਵਾਲਾ ਹੈ, ਜੋ ਦੇਸ਼ ਲਈ ਠੀਕ ਨਹੀਂ ਹੈ। ਦਰਅਸਲ ਰਾਮ ਰਹੀਮ ਨੂੰ ਹਰਿਆਣਾ ਦੀ ਬੀਜੇਪੀ ਸਰਕਾਰ ਵੱਲੋਂ ਵਾਰ ਵਾਰ ਪੈਰੋਲ ਦਿੱਤੇ ਜਾਣ ਨੂੰ ਲੈਕੇ ਹਰ ਵਾਰ ਵਿਵਾਦ ਹੁੰਦਾ ਹੈ, ਸਾਰੀਆਂ ਵਿਰੋਧੀ ਧਿਰਾਂ ਬੀਜੇਪੀ ਸਰਕਾਰ ਤੇ ਵੋਟਾਂ ਚ ਲਾਹਾ ਲੈਣ ਲਈ ਰਾਮ ਰਹੀਮ ਨੂੰ ਜੇਲ੍ਹ ਚੋਂ ਬਾਹਰ ਲਿਆਉਣ ਦਾ ਇਲਜ਼ਾਮ ਲਗਾ ਰਹੀਆਂ ਹਨ। ਹਾਲਾਂਕਿ ਹਰਿਆਣਾ ਸਰਕਾਰ ਇਸਨੂੰ ਕਾਨੂੰਨ ਮੁਤਾਬਕ ਦੱਸ ਰਹੀ ਹੈ। ਦਾਅਵਾ ਹੈ ਕਿ ਕੁੱਝ ਵੀ ਕਾਨੂੰਨ ਦੇ ਦਾਇਰੇ ‘ਚੋਂ ਬਾਹਰ ਜਾ ਕੇ ਨਹੀਂ ਕੀਤਾ ਜਾ ਰਿਹਾ। ਜੇਕਰ ਰਾਮ ਰਹੀਮ ਦੀ ਪੈਰੋਲ ਨੂੰ ਦੇਖਿਆ ਜਾਵੇ ਤਾਂ ਸ਼ਾਇਦ ਹੀ ਅਜਿਹੇ ਅਪਰਧ ਵਾਲੇ ਕਿਸੇ ਗੁਨਾਹਗਾਰ ਨੂੰ ਇੰਨੀ ਰਿਆਇਤ ਮਿਲੀ ਹੋਵੇ। 

ਇਹ ਵੀ ਪੜ੍ਹੋ