ਧੁੰਦ ਦਾ ਫਾਇਦਾ ਚੁੱਕ ਰਹੇ ਪਾਕਿ ਸਮੱਗਲਰ, ਹੁਣ ਛੋਟੇ ਡਰੋਨਾਂ ਰਾਹੀਂ ਭੇਜ ਰਹੇ ਨਸ਼ਾ 

ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਸੈਕਟਰਾਂ ਵਿੱਚ ਨਸ਼ੀਲੇ ਪਦਾਰਥ ਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰਨ ਦੀਆਂ ਘਟਨਾਵਾਂ ਵਿੱਚ ਇਜਾਫਾ ਹੋਇਆ ਹੈ। ਹਾਲਾਂਕਿ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਚੌਕਸ ਜਵਾਨ ਤਸਕਰਾਂ ਦੇ ਇਨ੍ਹਾਂ ਯਤਨਾਂ ਨੂੰ ਕਾਮਯਾਬ ਨਹੀਂ ਹੋਣ ਦੇ ਰਹੇ ਹਨ। 

Share:

ਪਾਕਿਸਤਾਨੀ ਨਸ਼ਾ ਤਸਰਕ ਆਪਣਿਆਂ ਹਰਕਤਾਂ ਤੋ ਬਾਅਜ਼ ਨਹੀਂ ਆ ਰਹੇ। ਇਹਨਾਂ ਦਿਨੀਂ ਪੈ ਰਹੀ ਧੁੰਦ ਦਾ ਤਸਕਰ ਫਾਇਦਾ ਉਠਾ ਰਹੇ ਹਨ। ਹੁਣ ਤਸਕਰ ਛੋਟੇ ਡਰੋਨਾਂ ਰਾਹੀਂ ਭਾਰਤ ਵਿੱਚ ਨਸ਼ਾ ਅਤੇ ਹਥਿਆਰ ਭੇਜ ਰਹੇ ਹਨ। ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਸੈਕਟਰਾਂ ਵਿੱਚ ਨਸ਼ੀਲੇ ਪਦਾਰਥ ਤੇ ਹਥਿਆਰ ਭੇਜਣ ਦੀ ਕੋਸ਼ਿਸ਼ ਕਰਨ ਦੀਆਂ ਘਟਨਾਵਾਂ ਵਿੱਚ ਇਜਾਫਾ ਹੋਇਆ ਹੈ। ਹਾਲਾਂਕਿ ਸੀਮਾ ਸੁਰੱਖਿਆ ਬਲ (BSF) ਦੇ ਚੌਕਸ ਜਵਾਨ ਤਸਕਰਾਂ ਦੇ ਇਨ੍ਹਾਂ ਯਤਨਾਂ ਨੂੰ ਕਾਮਯਾਬ ਨਹੀਂ ਹੋਣ ਦੇ ਰਹੇ ਹਨ। ਇਸ ਦੌਰਾਨ ਸਰਹੱਦ 'ਤੇ ਬੀ.ਐਸ.ਐਫ ਦੀ ਚੌਕਸੀ ਦੇ ਮੱਦੇਨਜ਼ਰ ਪਾਕਿਸਤਾਨੀ ਤਸਕਰਾਂ ਨੇ ਇਸ ਸਾਲ ਤਸਕਰੀ ਦਾ ਪੈਟਰਨ ਬਦਲ ਦਿੱਤਾ ਹੈ। ਸਮੱਗਲਰ ਹੁਣ ਵੱਡੇ ਡਰੋਨ ਦੀ ਬਜਾਏ ਚੀਨ ਦੇ ਬਣੇ ਛੋਟੇ ਡਰੋਨਾਂ ਦੀ ਵਰਤੋਂ ਕਰ ਰਹੇ ਹਨ। ਇਸਦਾ ਕਾਰਨ ਇਹ ਹੈ ਕਿ ਵੱਡਾ ਡਰੋਨ ਔਸਤਨ 18 ਤੋਂ 20 ਲੱਖ ਰੁਪਏ ਵਿੱਚ ਮਿਲਦਾ ਹੈ, ਜਦੋਂ ਕਿ ਛੋਟੇ ਡਰੋਨ 1 ਲੱਖ ਤੋਂ 1.5 ਲੱਖ ਰੁਪਏ ਵਿੱਚ ਉਪਲਬਧ ਹਨ। ਅਜਿਹੇ 'ਚ ਵੱਡੇ ਡਰੋਨ ਫੜੇ ਜਾਣ 'ਤੇ ਸਮੱਗਲਰਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਉਹ ਛੋਟੇ ਡਰੋਨਾਂ ਦੀ ਵਰਤੋਂ ਕਰਕੇ ਭਾਰਤੀ ਸਰਹੱਦ 'ਤੇ ਨਸ਼ੇ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ।

2023 ਵਿੱਚ ਹੁਣ ਤੱਕ 102 ਡਰੋਨ ਹੋ ਚੁੱਕੇ ਬਰਾਮਦ 

ਸੀਮਾ ਸੁਰੱਖਿਆ ਬਲ ਦੇ ਅੰਕੜੇ ਦੱਸਦੇ ਹਨ ਕਿ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਲੰਬੀ ਪੰਜਾਬ ਸਰਹੱਦ 'ਤੇ 2022 ਦੇ ਮੁਕਾਬਲੇ 2023 'ਚ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਜਾਣ ਵਾਲੀ ਹੈਰੋਇਨ ਦੇ ਮਾਮਲਿਆਂ 'ਚ ਚਾਰ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਇੰਨਾ ਹੀ ਨਹੀਂ ਬੀਐਸਐਫ ਨੇ 2022 ਦੇ ਮੁਕਾਬਲੇ ਇਸ ਸਾਲ ਜ਼ਿਆਦਾ ਡਰੋਨ ਬਰਾਮਦ ਕੀਤੇ ਹਨ। ਸਾਲ 2022 ਵਿੱਚ ਜਿੱਥੇ ਕੁੱਲ 21 ਡਰੋਨ ਬਰਾਮਦ ਕੀਤੇ ਗਏ ਸਨ, ਉੱਥੇ ਹੀ 2023 ਵਿੱਚ ਹੁਣ ਤੱਕ 102 ਡਰੋਨ ਬਰਾਮਦ ਕੀਤੇ ਜਾ ਚੁੱਕੇ ਹਨ। ਇਸ ਸਾਲ 2 ਅਕਤੂਬਰ ਤੋਂ 9 ਦਸੰਬਰ ਤੱਕ 50 ਡਰੋਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੋ ਮਹੀਨਿਆਂ ਵਿੱਚ ਤਰਨਤਾਰਨ, ਭਿੱਖੀਵਿੰਡ ਅਤੇ ਅੰਮ੍ਰਿਤਸਰ ਦੇ ਅਟਾਰੀ ਨਾਲ ਲੱਗਦੇ ਪਿੰਡਾਂ ਵਿੱਚ 50 ਡਰੋਨਾਂ ਵਿੱਚੋਂ 42 ਡਰੋਨ ਬਰਾਮਦ ਕੀਤੇ ਗਏ ਹਨ।

ਡਰੋਨ ਬਾਰੇ ਜਾਣਕਾਰੀ ਦੇਣ ਤੇ 6 ਵਿਅਕਤੀਆਂ ਨੂੰ 1-1 ਲੱਖ ਰੁਪਏ ਇਨਾਮ

BSF ਅਧਿਕਾਰੀ ਨੇ ਦੱਸਿਆ ਕਿ ਵੱਡੇ ਡਰੋਨ ਅੱਠ ਤੋਂ ਦਸ ਕਿਲੋਗ੍ਰਾਮ ਸਾਮਾਨ ਲਿਜਾਣ ਦੇ ਸਮਰੱਥ ਹਨ, ਜਦੋਂ ਕਿ ਛੋਟੇ ਡਰੋਨ ਸਿਰਫ਼ 500 ਗ੍ਰਾਮ ਤੋਂ 1 ਕਿਲੋਗ੍ਰਾਮ ਮਾਲ ਭੇਜ ਸਕਦੇ ਹਨ। ਬਰਾਮਦ ਕੀਤੇ ਗਏ ਸਾਰੇ ਡਰੋਨ ਚੀਨ ਦੇ ਬਣੇ DJI Mavic-3 ਕਲਾਸਿਕ ਹਨ। BSF ਨੇ ਸਰਹੱਦ 'ਤੇ ਐਂਟੀ-ਡਰੋਨ ਤਕਨਾਲੋਜੀ ਸਥਾਪਤ ਕੀਤੀ ਹੈ, ਜੋ ਡਰੋਨਾਂ ਦੇ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੁੰਦੇ ਹੀ ਉਨ੍ਹਾਂ ਨੂੰ ਰੋਕਣ ਵਿੱਚ ਕਾਰਗਰ ਹੈ। ਡਰੋਨ ਰਾਹੀਂ ਹੋ ਰਹੀ ਤਸਕਰੀ ਨੂੰ ਰੋਕਣ ਲਈ ਫੋਰਸ ਵੱਲੋਂ ਪੰਜਾਬ ਪੁਲਿਸ ਨਾਲ ਸਾਂਝਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।  ਡਰੋਨ ਬਾਰੇ ਜਾਣਕਾਰੀ ਦੇਣ ਵਾਲੇ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਤੱਕ 6 ਵਿਅਕਤੀਆਂ ਨੂੰ 1-1 ਲੱਖ ਰੁਪਏ ਦਿੱਤੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ