ਪੰਜਾਬ 'ਚ ਖਾਲੀ ਬੋਰਵੈਲ ਤੇ ਟਿਊਬਵੈੱਲ ਉੱਪਰੋਂ ਚੰਗੀ ਤਰ੍ਹਾਂ ਬੰਦ ਕਰਨ ਦੇ ਹੁਕਮ 

ਉਸਾਰੀ ਤੇ ਮੁਰੰਮਤ ਦੌਰਾਨ ਸਬੰਧਤ ਸਾਈਟ ਦੇ ਆਲੇ-ਦੁਆਲੇ ਢੁਕਵੇਂ ਬੈਰੀਅਰ ਅਤੇ ਚੇਤਾਵਨੀ ਚਿੰਨ੍ਹ ਲਾਏ ਜਾਣ ਲਈ ਕਿਹਾ ਗਿਆ। ਅਜਿਹਾ ਬੋਰਵੈਲ ਅਪਰੇਟਰ ਯਕੀਨੀ ਬਣਾਉਣ। ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਬਿਨਾਂ ਪ੍ਰਵਾਨਗੀ ਕੱਚੀਆਂ ਖੂਹੀਆਂ ਪੁੱਟਣ/ਪੁਟਵਾਉਣ 'ਤੇ ਪਹਿਲਾਂ ਹੀ ਪਾਬੰਦੀ ਲੱਗੀ ਹੋਈ ਹੈ।  

Courtesy: file photo

Share:

ਖਾਲੀ ਬੋਰਵੈਲ ਤੇ ਖੁੱਲ੍ਹੇ ਟਿਊਬਵੈੱਲਾਂ ਦੀ ਵਜ੍ਹਾ ਨਾਲ ਹੋ ਰਹੇ ਹਾਦਸਿਆਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਲੜੀ ਤਹਿਤ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਮੈਜਿਸਟਰੇਟ ਡਾ. ਸੋਨਾ ਥਿੰਦ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਬਿਹਤਰ ਪ੍ਰਸ਼ਾਸਕੀ ਸੇਵਾਵਾਂ ਦੇਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਲਈ ਵੀ ਵਚਨਬੱਧ ਹੈ। ਇਸੇ ਤਹਿਤ ਵੱਖੋ-ਵੱਖ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਇਹ ਗੱਲ ਯਕੀਨੀ ਬਣਾਈ ਜਾਵੇ ਕਿ ਖਾਲੀ ਬੋਰਵੈਲ ਤੇ ਟਿਊਬਵੈੱਲ ਉੱਪਰੋਂ ਚੰਗੀ ਤਰ੍ਹਾਂ ਬੰਦ ਕੀਤੇ ਗਏ ਹੋਣ ਅਤੇ ਭਰੇ ਗਏ ਹੋਣ। ਇਸ ਦੇ ਨਾਲ-ਨਾਲ ਲੋਕਾਂ ਨੂੰ ਖੁੱਲ੍ਹੇ ਬੋਰਵੈਲਾਂ ਦੇ ਨੁਕਸਾਨ ਅਤੇ ਇਹਨਾਂ ਸਬੰਧੀ ਸੁਰੱਖਿਆ ਬਾਬਤ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।

ਢੁਕਵੇਂ ਬੈਰੀਅਰ ਅਤੇ ਚੇਤਾਵਨੀ ਚਿੰਨ੍ਹ ਲਾਏ ਜਾਣ

ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਬੋਰਵੈਲ ਅਪਰੇਟਰ ਇਹ ਗੱਲ ਯਕੀਨੀ ਬਣਾਉਣ ਕਿ ਉਸਾਰੀ ਤੇ ਮੁਰੰਮਤ ਦੌਰਾਨ ਸਬੰਧਤ ਸਾਈਟ ਦੇ ਆਲੇ-ਦੁਆਲੇ ਢੁਕਵੇਂ ਬੈਰੀਅਰ ਅਤੇ ਚੇਤਾਵਨੀ ਚਿੰਨ੍ਹ ਲਾਏ ਜਾਣ। ਉਹਨਾਂ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਅਣਸੁਰੱਖਿਅਤ ਬੋਰਵੈਲਾਂ ਦੀ ਸ਼ਨਾਖ਼ਤ ਲਈ ਮੁਹਿੰਮ ਲਗਾਤਾਰ ਜਾਰੀ ਰਹੇ ਅਤੇ ਆਮ ਲੋਕ ਵੀ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਜੇਕਰ ਉਹਨਾਂ ਦੇ ਧਿਆਨ ਵਿੱਚ ਅਣਸੁਰੱਖਿਅਤ ਬੋਰਵੈਲ ਆਉਂਦਾ ਹੈ ਤਾਂ ਤੁਰੰਤ ਉਸ ਸਬੰਧੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ  163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਉਹਨਾਂ ਨੇ ਹੁਕਮ ਜਾਰੀ ਕੀਤੇ ਹੋਏ ਹਨ ਕਿ ਕੋਈ ਵੀ ਵਿਅਕਤੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਦੀ ਲਿਖਤੀ ਪ੍ਰਵਾਨਗੀ ਅਤੇ ਦੇਖ-ਰੇਖ ਤੋਂ ਬਿਨਾਂ ਕੱਚੀਆਂ ਖੂਹੀਆਂ ਨਹੀਂ ਪੁੱਟੇਗਾ/ਪੁਟਵਾਏਗਾ ਅਤੇ ਨਾ ਹੀ ਪੁਰਾਣੀਆਂ ਬਣੀਆਂ ਖੂਹੀਆਂ ਆਦਿ ਨੂੰ ਖ਼ਤਮ ਕਰਨ ਦੇ ਮੰਤਵ ਨਾਲ ਉਨ੍ਹਾਂ ਵਿੱਚ ਲੱਗੇ ਪੁਰਾਣੇ ਮਟੀਰੀਅਲ ਭਾਵ ਇੱਟਾਂ ਆਦਿ ਨੂੰ ਕੱਢੇਗਾ।

ਇਹ ਵੀ ਪੜ੍ਹੋ