ਨਸ਼ਿਆਂ ਖਿਲਾਫ ਇਕਜੁੱਟ ਹੋਏ ਅਫ਼ਸਰ, ਖਿਡਾਰੀ ਤੇ ਕਲਾਕਾਰ 

SSP ਅਮਨੀਤ ਕੌਂਡਲ ਦੀ ਰਹਿਨੁਮਾਈ ਹੇਠ ਸਮਾਜ ਨੂੰ ਦਿੱਤਾ ਗਿਆ ਮਜ਼ਬੂਤ ਸੁਨੇਹਾ। ਗਾਇਕਾਂ ਨੇ ਗੀਤਾਂ ਰਾਹੀਂ ਨਸ਼ਿਆਂ ਉਪਰ ਕਸਿਆ ਤੰਜ। 

Share:

ਪੰਜਾਬ ਵਿੱਚ ਨਸ਼ਿਆਂ ਵਿਰੁੱਧ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਰਵਾਏ ਜਾ ਰਹੇ ਵੱਡੇ ਸਮਾਗਮਾਂ ਦੀ ਕੜੀ ਤਹਿਤ ਖੰਨਾ ਵਿਖੇ ਐਥਲੈਟਿਕਸ ਮੀਟ ਕਰਵਾਈ ਗਈ। ਏ.ਐਸ.ਕਾਲਜ ਸਟੇਡੀਅਮ ਸਮਰਾਲਾ ਰੋਡ ਵਿਖੇ ਹੋਏ ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਡੀਆਈਜੀ ਲੁਧਿਆਣਾ ਰੇਂਜ ਧਨਪ੍ਰੀਤ ਕੌਰ, ਐਸਐਸਪੀ ਖੰਨਾ ਅਮਨੀਤ ਕੌਂਡਲ ਸਮੇਤ ਪੰਜਾਬ ਦੇ ਕਈ ਨਾਮਵਰ ਕਲਾਕਾਰਾਂ ਅਤੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਐਥਲੈਟਿਕਸ ਮੀਟ ਦੀ ਸ਼ੁਰੂਆਤ ਮਾਸਟਰ ਐਥਲੀਟਾਂ ਵੱਲੋਂ ਮਸ਼ਾਲ ਮਾਰਚ ਨਾਲ ਕੀਤੀ ਗਈ। ਜਿਸਤੋਂ ਬਾਅਦ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਉੱਚੀ ਛਾਲ, ਲੰਬੀ ਛਾਲ ਸਮੇਤ ਕਈ ਖੇਡ ਮੁਕਾਬਲੇ ਕਰਵਾਏ ਗਏ। ਐਸਐਸਪੀ ਕੌਂਡਲ ਨੇ ਦੱਸਿਆ ਕਿ ਇਸ ਵਿੱਚ 14 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੇ ਭਾਗ ਲਿਆ। ਇਹ ਸਮਾਗਮ ਖੰਨਾ ਵਾਸੀਆਂ ਲਈ ਕਰਵਾਇਆ ਗਿਆ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜੀ ਰਹੇ | ਉਨ੍ਹਾਂ ਕਿਹਾ ਕਿ ਪੰਜਾਬੀ ਕਲਾਕਾਰਾਂ ਦਾ ਸਹਿਯੋਗ ਰਿਹਾ। ਨਸ਼ਿਆਂ ਵਿਰੁੱਧ ਉਨ੍ਹਾਂ ਦਾ ਸੰਦੇਸ਼ ਲੋਕਾਂ ਨੂੰ ਜਾਗਰੂਕ ਕਰੇਗਾ। ਪਾਇਲ ਤੋਂ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੁਲਿਸ ਤੇ ਸਿਵਲ ਪ੍ਰਸ਼ਾਸਨ ਚੰਗਾ ਉਪਰਾਲਾ ਕਰ ਰਿਹਾ ਹੈ। 

ਖੁਸ਼ ਦਿਖੇ ਡਿਪਟੀ ਕਮਿਸ਼ਨਰ, ਦਿੱਤਾ ਵੱਡਾ ਸੰਦੇਸ਼


ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨਸ਼ਿਆਂ ਖਿਲਾਫ ਪ੍ਰਭਾਵਸ਼ਾਲੀ ਕਦਮ ਚੁੱਕ ਰਿਹਾ ਹੈ। ਖੰਨਾ 'ਚ SSP ਅਮਨੀਤ ਕੌਂਡਲ ਦੀ ਅਗਵਾਈ 'ਚ ਇਕ ਵੱਡਾ ਸਮਾਗਮ ਕਰਵਾਇਆ ਗਿਆ, ਜਿਸਨੂੰ ਦੇਖ ਕੇ ਬਹੁਤ ਖੁਸ਼ੀ ਹੋਈ | ਉਮੀਦ ਹੈ ਕਿ ਸਾਰੀਆਂ ਸਬ ਡਵੀਜ਼ਨਾਂ ਵਿੱਚ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ। ਡੀਆਈਜੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਐਥਲੈਟਿਕਸ ਮੀਟ ਕਰਵਾਈ ਗਈ। ਬੱਚਿਆਂ ਨੂੰ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੱਤਾ ਕਿ ਪੰਜਾਬ ਦਾ ਨਾਂ ਮੁੜ ਬੁਲੰਦੀਆਂ 'ਤੇ ਲੈ ਕੇ ਜਾਣਾ ਹੈ ਜਿਸ ਲਈ ਨਸ਼ਿਆਂ ਦਾ ਖਾਤਮਾ ਜ਼ਰੂਰੀ ਹੈ।

ਗਾਇਕ ਰੌਸ਼ਨ ਪ੍ਰਿੰਸ ਨੇ ਕੀਤਾ ਮਨੋਰੰਜਨ

ਗਾਇਕ ਰੌਸ਼ਨ ਪ੍ਰਿੰਸ ਨੇ ਨਸ਼ਿਆਂ 'ਤੇ  ਆਪਣੇ ਗੀਤਾਂ ਨਾਲ ਤੰਜ ਕਸਿਆ ਅਤੇ ਲੋਕਾਂ ਦਾ ਮਨੋਰੰਜਨ ਵੀ ਕੀਤਾ। ਪ੍ਰਿੰਸ ਨੇ ਕਿਹਾ ਕਿ ਪੁਰਾਣੇ ਪੰਜਾਬ ਨੂੰ ਵਾਪਿਸ ਲਿਆਉਣ ਦੀ ਲੋੜ ਹੈ। ਕਲਾਕਾਰ ਸਰਕਾਰ ਦੇ ਨਾਲ ਹਨ। ਉਨ੍ਹਾਂ ਚੰਗੇ ਗੀਤਾਂ ਨਾਲ ਸਮਾਜ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ। ਪੰਜਾਬੀ ਵਿਰਸੇ ਨੂੰ ਜਿਉਂਦਾ ਰੱਖਣ ਵਾਲੇ ਗੀਤ ਲਿਆਉਣੇ ਚਾਹੀਦੇ ਹਨ।

ਇਹ ਵੀ ਪੜ੍ਹੋ