ਆਪ ਆਗੂ ਦੇ ਜਾਲ 'ਚ ਫਸੀ NRI ਮਹਿਲਾ, ਢਾਈ ਲੱਖ ਦਾ ਚੂਨਾ ਲਾਇਆ, ਹੁਣ ਜਾਊ ਜੇਲ੍ਹ !

ਅਮਰੀਕਾ ਰਹਿੰਦੀ ਮਹਿਲਾ ਨੇ 6 ਏਕੜ ਜ਼ਮੀਨ ਦਾ ਸੌਦਾ ਕਰਕੇ ਸਾਢੇ 35 ਲੱਖ ਰੁਪਏ ਬਿਆਨਾ ਦਿੱਤਾ ਸੀ। ਜਿਸਦੀ ਰਜਿਸਟਰੀ ਨਹੀਂ ਕਰਾਈ ਗਈ। ਸਿਆਸੀ ਆਗੂ ਨੇ ਆਪਣੀ ਪਹੁੰਚ ਦੀ ਗੱਲ ਆਖ ਕੇ ਮਹਿਲਾ ਨਾਲ ਠੱਗੀ ਮਾਰ ਲਈ। 

Share:

ਹਾਈਲਾਈਟਸ

  • ਆਡੀਓ ਰਿਕਾਰਡਿੰਗ ਵੀ ਪੁਲਿਸ ਸਾਹਮਣੇ ਪੇਸ਼ ਕੀਤੀ ਗਈ।
  • ਢਾਈ ਲੱਖ ਰੁਪਏ ਐਡਵਾਂਸ ਅਤੇ ਰਜਿਸਟਰੀ ਤੋਂ ਬਾਅਦ ਢਾਈ ਲੱਖ ਰੁਪਏ ਦੇਣ ਦੀ ਸਹਿਮਤੀ ਬਣੀ।
ਖੰਨਾ ਪੁਲਿਸ ਨੇ ਇੱਕ ਐਨਆਰਆਈ ਮਹਿਲਾ ਦੀ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ  ਜਸਵਿੰਦਰ ਸਿੰਘ ਮਾਨ ਵਾਸੀ ਮਾਡਲ ਟਾਊਨ ਸਮਰਾਲਾ ਰੋਡ ਖੰਨਾ ਦੇ ਖਿਲਾਫ ਠੱਗੀ ਮਾਰਨ ਦਾ ਕੇਸ ਦਰਜ ਕੀਤਾ। ਜ਼ਮੀਨ ਦਾ ਮਾਮਲਾ ਸੁਲਝਾਉਣ ਦੇ ਨਾਂ 'ਤੇ ਮੁਲਜ਼ਮ ਨੇ ਢਾਈ ਲੱਖ ਰੁਪਏ ਦੀ ਠੱਗੀ ਮਾਰੀ। ਮੁਲਜ਼ਮ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਦੱਸਦਾ ਸੀ। ਥਾਣਾ ਸਿਟੀ ਦੀ ਪੁਲਿਸ ਨੇ ਰਣਜੀਤ ਕੌਰ ਵਾਸੀ ਸੰਤਾ ਨਗਰ ਸਾਧਕ ਰੋਡ ਮੋਗਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420 ਤਹਿਤ ਕੇਸ ਦਰਜ ਕੀਤਾ। ਸ਼ਿਕਾਇਤਕਰਤਾ ਰਣਜੀਤ ਕੌਰ ਅਨੁਸਾਰ ਉਹ ਅਮਰੀਕਾ ਰਹਿੰਦੀ ਹੈ। 2017-18 ਵਿੱਚ ਉਸਨੇ ਭਗਤ ਸਿੰਘ, ਕੁਲਵਿੰਦਰ ਸਿੰਘ ਵਾਸੀ ਖੋਸਾ (ਮੋਗਾ) ਅਤੇ ਹੋਰਨਾਂ ਨਾਲ 23 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 6 ਏਕੜ ਜ਼ਮੀਨ ਦਾ ਸੌਦਾ ਕੀਤਾ ਸੀ। ਇਹ ਜ਼ਮੀਨ ਮੋਗਾ ਵਿੱਚ ਹੀ ਹੈ। ਭਗਤ ਸਿੰਘ ਨੂੰ ਬਿਆਨੇ ਵਜੋਂ 35 ਲੱਖ 50 ਹਜ਼ਾਰ ਰੁਪਏ ਦਿੱਤੇ ਗਏ ਸਨ। ਜ਼ਮੀਨ ’ਤੇ ਲੋਨ ਲਿਆ ਹੋਣ ਕਾਰਨ ਭਗਤ ਸਿੰਘ ਤੇ ਹੋਰਨਾਂ ਨੇ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਈ। ਜਿਸ ਸਬੰਧੀ ਸ਼ਿਕਾਇਤਕਰਤਾ ਨੇ ਆਪਣੇ ਜਾਣਕਾਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਸੀ।
 
ਉਲਟਾ ਝੂਠਾ ਕੇਸ ਦਰਜ ਕਰਾਉਣ ਦੀ ਧਮਕੀ 
 
ਗੁਰਪ੍ਰੀਤ ਸਿੰਘ ਜੋਕਿ ਮਹਿਲਾ ਦਾ ਜਾਣਕਾਰ ਹੈ, ਨੇ ਪਵਨ ਕੁਮਾਰ ਵਾਸੀ ਵਿਨੋਦ ਨਗਰ ਖੰਨਾ ਨਾਲ ਗੱਲਬਾਤ ਕੀਤੀ ਸੀ। ਪਵਨ ਕੁਮਾਰ ਨੇ ਗੁਰਪ੍ਰੀਤ ਸਿੰਘ ਦੀ ਜਾਣ-ਪਛਾਣ ਜਸਵਿੰਦਰ ਸਿੰਘ ਮਾਨ ਨਾਲ ਕਰਵਾਈ। ਜਸਵਿੰਦਰ ਸਿੰਘ ਨੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਖੰਨਾ ਜ਼ਿਲ੍ਹੇ ਦਾ ਪ੍ਰਧਾਨ ਦੱਸਿਆ। ਜਸਵਿੰਦਰ ਸਿੰਘ ਨੇ ਮਹਿਲਾ ਨੂੰ ਕਿਹਾ ਸੀ ਕਿ ਉਹ ਰਜਿਸਟਰੀ ਕਰਵਾ ਦੇਵੇਗਾ। ਇਸਦੇ ਬਦਲੇ 5 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਰਜਿਸਟਰੀ ਨਾ ਕਰਾਉਣ ਦੀ ਸੂਰਤ 'ਚ ਜਸਵਿੰਦਰ ਨੇ ਇਹ ਵੀ ਕਿਹਾ ਸੀ ਕਿ ਉਹ ਦੂਜੀ ਧਿਰ ਖਿਲਾਫ ਕੇਸ ਦਰਜ ਕਰਵਾ ਦੇਵੇਗਾ। ਢਾਈ ਲੱਖ ਰੁਪਏ ਐਡਵਾਂਸ ਅਤੇ ਰਜਿਸਟਰੀ ਤੋਂ ਬਾਅਦ ਢਾਈ ਲੱਖ ਰੁਪਏ ਦੇਣ ਦੀ ਸਹਿਮਤੀ ਬਣੀ। ਸ਼ਿਕਾਇਤਕਰਤਾ ਨੇ ਕੁਲਦੀਪ ਸਿੰਘ ਵਾਸੀ ਮੋਗਾ ਅਤੇ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਜਸਵਿੰਦਰ ਸਿੰਘ ਮਾਨ ਨੂੰ 1 ਲੱਖ ਰੁਪਏ ਐਡਵਾਂਸ ਦਿੱਤੇ ਸਨ।  15-20 ਦਿਨਾਂ ਬਾਅਦ ਡੇਢ ਲੱਖ ਰੁਪਏ ਹੋਰ ਦਿੱਤੇ ਗਏ। ਇਸਤੋਂ ਬਾਅਦ ਮੁਲਜ਼ਮ ਨੇ ਕੰਮ ਨਹੀਂ ਕਰਵਾਇਆ। ਉਨ੍ਹਾਂ ਦੇ ਨੰਬਰ ਬਲਾਕ ਕਰ ਦਿੱਤੇ। ਜਦੋਂ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਗਈ ਤਾਂ ਮੁਲਜ਼ਮ ਨੇ ਉਲਟਾ ਧਮਕੀ ਦਿੱਤੀ ਕਿ  ਉਨ੍ਹਾਂ ਦੀ ਸਰਕਾਰ ਹੈ। ਉਸਦਾ ਕੋਈ ਕੁੱਝ ਨਹੀਂ ਬਿਗਾੜ ਸਕਦਾ। ਉਲਟਾ ਮਹਿਲਾ ’ਤੇ ਝੂਠਾ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਕੇ ਕਿਹਾ ਗਿਆ ਕਿ ਵਿਦੇਸ਼ ਜਾਣਾ ਮੁਸ਼ਕਲ ਹੋ ਜਾਵੇਗਾ। ਜਦੋਂ ਮੁਲਜ਼ਮ ਨੇ ਪੈਸੇ ਵਾਪਸ ਨਾ ਕੀਤੇ ਤਾਂ ਐਨਆਰਆਈ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ।

ਆਡੀਓ ਰਿਕਾਰਡਿੰਗ ਵੀ ਪੇਸ਼ ਕੀਤੀ ਗਈ

ਐਨਆਰਆਈ ਮਹਿਲਾ ਦੀ ਤਰਫੋਂ ਇੱਕ ਆਡੀਓ ਰਿਕਾਰਡਿੰਗ ਵੀ ਪੁਲਿਸ ਸਾਹਮਣੇ ਪੇਸ਼ ਕੀਤੀ ਗਈ। ਇਸ ਰਿਕਾਰਡਿੰਗ ਵਿੱਚ ਜਸਵਿੰਦਰ ਸਿੰਘ ਮਾਨ ਗੁਰਪ੍ਰੀਤ ਸਿੰਘ ਨਾਲ ਫ਼ੋਨ 'ਤੇ ਗੱਲ ਕਰਦਾ ਹੈ। ਉਹ ਢਾਈ ਲੱਖ ਰੁਪਏ ਲੈਣਾ ਸਵੀਕਾਰ ਕਰਦਾ ਹੈ ਅਤੇ ਇਹ ਵੀ ਕਹਿੰਦਾ ਹੈ ਕਿ ਉਹ ਕੰਮ ਜ਼ਰੂਰ ਕਰਵਾ ਦੇਵੇਗਾ। ਇੱਕ ਡੀਐਸਪੀ ਦਾ ਵੀ ਜ਼ਿਕਰ ਹੈ। ਪੁਲਿਸ ਵੱਲੋਂ ਰਿਕਾਰਡਿੰਗ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ

Tags :