NRI Sabha - ਧੱਕੇਸ਼ਾਹੀ ਦੇ ਦੋਸ਼ਾਂ ਦਰਮਿਆਨ ਐਲਾਨੇ ਨਤੀਜੇ, ਪਰਵਿੰਦਰ ਕੌਰ ਬੰਗਾ ਪਹਿਲੀ ਮਹਿਲਾ ਪ੍ਰਧਾਨ ਬਣੇ

ਐਨਆਰਆਈ ਸਭਾ ਪੰਜਾਬ 1996 ਵਿੱਚ ਚਰਚਾ 'ਚ ਆਈ। 1998 ਵਿੱਚ ਰਜਿਸਟਰਡ ਹੋਈ। ਜਦੋਂ 1997 ਵਿੱਚ ਪਹਿਲੀ ਵਾਰ ਸਭਾ ਦੀ ਚੋਣ ਹੋਈ ਤਾਂ ਐਡਵੋਕੇਟ ਪ੍ਰੇਮ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣੇ ਤਾਂ ਮੈਂਬਰਾਂ ਦੀ ਗਿਣਤੀ 300 ਦੇ ਕਰੀਬ ਸੀ। ਹੁਣ ਇਨ੍ਹਾਂ ਦੀ ਗਿਣਤੀ 24 ਹਜ਼ਾਰ ਦੇ ਕਰੀਬ ਹੈ।

Share:

ਹਾਈਲਾਈਟਸ

  • ਪਰਵਿੰਦਰ ਕੌਰ ਬੰਗਾ ਐਨਆਰਆਈ ਸਭਾ ਦੀ ਪਹਿਲੀ ਮਹਿਲਾ ਪ੍ਰਧਾਨ
  • ਪਾਸਪੋਰਟ ਅਤੇ ਕਾਰਡਾਂ ਦੀ ਜਾਂਚ ਕੀਤੇ ਬਿਨਾਂ ਹੀ ਅੰਦਰ ਭੇਜਿਆ ਗਿਆ

ਪਰਵਿੰਦਰ ਕੌਰ ਬੰਗਾ ਨੇ ਐਨਆਰਆਈ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ। ਕੁੱਲ 23 ਹਜ਼ਾਰ 600 ਐਨਆਰਆਈ ਵੋਟਰਾਂ ਵਿੱਚੋਂ ਸਿਰਫ਼ 168 ਵੋਟਰ ਹੀ ਆਪਣੀ ਵੋਟ ਪਾਉਣ ਲਈ ਪੁੱਜੇ। ਪ੍ਰਧਾਨ ਦੇ ਅਹੁਦੇ ਲਈ ਪਰਵਿੰਦਰ ਕੌਰ ਬੰਗਾ ਨੂੰ 147 ਵੋਟਾਂ ਮਿਲੀਆਂ। ਜਦੋਂਕਿ ਜਸਬੀਰ ਸਿੰਘ ਗਿੱਲ ਨੂੰ ਸਿਰਫ਼ 14 ਵੋਟਾਂ ਮਿਲੀਆਂ। ਪਰਵਿੰਦਰ ਕੌਰ ਬੰਗਾ ਐਨਆਰਆਈ ਸਭਾ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ। ਦੱਸ ਦਈਏ ਕਿ ਪਿਛਲੇ ਦੋ ਸਾਲਾਂ ਤੋਂ ਖ਼ਾਲੀ ਪਏ ਐਨਆਰਆਈ ਸਭਾ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਲਈ ਸ਼ੁੱਕਰਵਾਰ ਸਵੇਰੇ 9 ਵਜੇ ਵੋਟਿੰਗ ਸ਼ੁਰੂ ਕਰ ਦਿੱਤੀ ਗਈ ਸੀ ਜੋ ਸ਼ਾਮ 5 ਵਜੇ ਤੱਕ ਜਾਰੀ ਰਹੀ। ਸ਼ਾਮ 6 ਵਜੇ ਨਤੀਜੇ ਐਲਾਨੇ ਗਏ। 

ਪੁਰਾਣੇ ਪ੍ਰਧਾਨ ਨੇ ਲਾਏ ਜਾਅਲੀ ਵੋਟਿੰਗ ਦੇ ਦੋਸ਼ 

ਵੋਟਿੰਗ ਦੌਰਾਨ ਪ੍ਰਧਾਨ ਅਹੁਦੇ ਦੇ ਉਮੀਦਵਾਰ ਜਸਵੀਰ ਸਿੰਘ ਗਿੱਲ (ਜੋ 2013 ਵਿੱਚ ਪ੍ਰਧਾਨ ਬਣੇ ਸਨ) ਨੇ ਪ੍ਰਸ਼ਾਸਨ ’ਤੇ ਚੋਣਾਂ ਵਿੱਚ ਜਾਅਲੀ ਵੋਟਾਂ ਪਾਉਣ ਦਾ ਦੋਸ਼ ਲਾਇਆ ਅਤੇ ਧਰਨੇ ’ਤੇ ਬੈਠ ਗਏ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ 5 ਤੋਂ 6 ਵੋਟਾਂ ਜਾਅਲੀ ਪਾਈਆਂ ਗਈਆਂ। ਇਹਨਾਂ ਲੋਕਾਂ ਨੂੰ ਪਾਸਪੋਰਟ ਅਤੇ ਕਾਰਡਾਂ ਦੀ ਜਾਂਚ ਕੀਤੇ ਬਿਨਾਂ ਹੀ ਅੰਦਰ ਭੇਜਿਆ ਗਿਆ। ਗਿੱਲ ਨੇ ਕਿਹਾ ਕਿ ਸਿਰਫ਼ ਉਹੀ ਵੋਟਾਂ ਪਾਈਆਂ ਜਾ ਰਹੀਆਂ ਹਨ, ਜੋ ਜਲੰਧਰ ਨਾਲ ਸਬੰਧਤ ਹਨ। ਪਰ ਅਜਿਹਾ ਕੋਈ ਕਾਨੂੰਨ ਨਹੀਂ ਹੈ। ਗਿੱਲ ਨੇ ਦੱਸਿਆ ਕਿ ਜਦੋਂ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਸਿਰਫ਼ ਜਲੰਧਰ ਦੇ ਵੋਟਰਾਂ ਨੂੰ ਹੀ ਵੋਟ ਪਾਉਣ ਦੀ ਇਜਾਜ਼ਤ ਹੈ।ਮੌਕੇ 'ਤੇ ਮੌਜੂਦ ਏ.ਸੀ.ਪੀ ਸੈਂਟਰਲ ਨਿਰਮਲ ਸਿੰਘ ਨੇ ਕਿਹਾ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਹਨ ਅਤੇ ਹਰ ਕਿਸੇ ਨੂੰ ਚੈਕਿੰਗ ਕਰਕੇ ਹੀ ਅੰਦਰ ਭੇਜਿਆ ਜਾ ਰਿਹਾ ਹੈ ਅਤੇ ਜਾਅਲੀ ਵੋਟਿੰਗ ਹੋਣਾ ਅਸੰਭਵ ਹੈ।

ਵਧਾਈ ਦੇਣ ਪੁੱਜੇ ਸਿਆਸਤਦਾਨ

ਨਤੀਜਿਆਂ ਦਾ ਐਲਾਨ ਹੁੰਦੇ ਹੀ ਆਮ ਆਦਮੀ ਪਾਰਟੀ ਦੀ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਤੇ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਸਭਾ ਦੇ ਦਫਤਰ ਪੁੱਜੇ ਅਤੇ ਨਵੇਂ ਚੁਣੇ ਗਏ ਪ੍ਰਧਾਨ ਨੂੰ ਮੁਬਾਰਕਬਾਦ ਦਿੱਤੀ। ਇਸ ਉਪਰੰਤ ਐੱਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਜਲੰਧਰ ਤੋਂ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਵੀ ਪੁੱਜੇ। ਕੈਬਨਿਟ ਮੰਤਰੀ ਨੇ ਪ੍ਰਧਾਨ ਬਣਨ ’ਤੇ ਪਰਵਿੰਦਰ ਕੌਰ ਨੂੰ ਵਧਾਈ ਦਿੱਤੀ ਅਤੇ ਵੋਟਾਂ ਪਾਉਣ ਵਾਲੇ ਐੱਨਆਰਆਈ ਵੀਰਾਂ ਦਾ ਧੰਨਵਾਦ ਕੀਤਾ।

ਆਨਲਾਈਨ ਹੋਵੇਗੀ ਵੋਟਿੰਗ 

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐੱਨਆਰਆਈਜ਼ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਐੱਨਆਰਆਈ ਸਭਾ ਪੰਜਾਬ ਨਾਲ ਮਿਲ ਕੇ ਉਨ੍ਹਾਂ ਦੀਆ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਘੱਟ ਵੋਟਿੰਗ ਦੇ ਸਵਾਲ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ਅਗਲੀ ਵਾਰ ਜਦੋਂ ਐੱਨਆਰਆਈ ਸਭਾ ਦੇ ਪ੍ਰਧਾਨ ਦੀ ਚੋਣ ਕਰਵਾਈ ਜਾਵੇਗੀ ਤਾਂ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਐੱਨਆਰਆਈਜ਼ ਨੂੰ ਵਿਦੇਸ਼ਾਂ ’ਚ ਰਹਿ ਕੇ ਹੀ ਆਨਲਾਈਨ ਵੋਟ ਪਾਉਣ ਦਾ ਪ੍ਰਬੰਧ ਕੀਤਾ ਜਾਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ 3 ਫਰਵਰੀ ਤੋਂ ਪਠਾਨਕੋਟ ਵਿਖੇ ਸੂਬਾ ਪੱਧਰ ਦੀ ਐੱਨਆਰਆਈ ਮਿਲਣੀ ਕਰਵਾਈ ਜਾ ਰਹੀ ਹੈ। ਉਸ ਤੋਂ ਬਾਅਦ ਪੰਜਾਬ ’ਚ ਹੋਰ ਥਾਵਾਂ ’ਤੇ ਐੱਨਆਰਆਈ ਮਿਲਣੀਆ ਕਰਵਾਈਆ ਜਾਣਗੀਆ।

ਇਹ ਵੀ ਪੜ੍ਹੋ