ਹੁਣ ਨਹੀਂ ਖਾਣੇ ਪੈਣਗੇ ਸਰਕਾਰੀ ਦਫ਼ਤਰਾਂ ਦੇ ਧੱਕੇ, ਜਾਣੋ ਕਿਵੇਂ 

10 ਦਸੰਬਰ ਤੋਂ ਪੰਜਾਬ ਸਰਕਾਰ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਸਿਰਫ਼ ਇੱਕ ਫੋਨ ਕਰਨ ਵਾਲੀ 43 ਸੇਵਾਵਾਂ ਘਰ ਬੈਠੇ ਮਿਲਣਗੀਆਂ। ਦਿੱਲੀ ਦੀ ਤਰਜ਼ ਉਪਰ ਇਸਦੀ ਸ਼ੁਰੂਆਤ ਕੀਤੀ ਜਾ ਰਹੀ ਹੈ। 

Share:

ਹਾਈਲਾਈਟਸ

  • ਵਿਸ਼ੇਸ਼ ਸਿਖਲਾਈ
  • ਪਾਰਦਰਸ਼ਤਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਨਵੇਂ ਉਪਰਾਲੇ ਕਰ ਰਹੇ ਹਨ। ਹੁਣ ਲੋਕਾਂ ਨੂੰ ਘਰੇ ਬੈਠਿਆਂ ਨਾਗਰਿਕ ਸੇਵਾਵਾਂ ਮੁਹੱਈਆ ਕਰਨ ਲਈ ਸੂਬਾ ਸਰਕਾਰ 10 ਦਸੰਬਰ ਨੂੰ ‘ਭਗਵੰਤ ਮਾਨ ਸਰਕਾਰ, ਤੁਹਾਡੇ ਦੁਆਰ’ ਸਕੀਮ ਦੀ ਸ਼ੁਰੂਆਤ ਕਰੇਗੀ।  ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸੁਚਾਰੂ ਤਰੀਕੇ ਤੇ ਆਸਾਨੀ ਨਾਲ ਇਹ ਸੇਵਾਵਾਂ ਮੁਹੱਈਆ ਕਰਨ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਤੱਕ ਸੇਵਾਵਾਂ ਦੇਣ ਦੀ ਸ਼ੁਰੂਆਤ ਵਾਲੀ  ਇਹ ਪਹਿਲਕਦਮੀ ਲੋਕਾਂ ਦੀ ਸਰਕਾਰੀ ਸੇਵਾਵਾਂ ਤੱਕ ਸਿੱਧੀ ਤੇ ਆਸਾਨ ਪਹੁੰਚ ਮੁਹੱਈਆ ਕਰਵਾਏਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਜਨਮ ਤੇ ਮੌਤ, ਆਮਦਨ, ਰਿਹਾਇਸ਼, ਜਾਤ ਤੇ ਪੈਨਸ਼ਨ ਦਾ ਸਰਟੀਫਿਕੇਟ, ਬਿਜਲੀ ਬਿੱਲਾਂ ਦੀ ਅਦਾਇਗੀ ਅਤੇ ਹੋਰ ਸੇਵਾਵਾਂ ਸੂਬੇ ਭਰ ਵਿੱਚ ਘਰ-ਘਰ ਤੱਕ ਮੁਹੱਈਆ ਹੋਣਗੀਆਂ।
 
ਹੈਲਪਲਾਈਨ ਨੰਬਰ ਕੀਤਾ ਜਾਰੀ 
 
ਮੁੱਖ ਮੰਤਰੀ ਨੇ ਕਿਹਾ ਕਿ 1076 ਨੰਬਰ ਹੈਲਪਲਾਈਨ ਉਤੇ ਕਾਲ ਕਰ ਕੇ ਆਪਣੀ ਸਹੂਲਤ ਮੁਤਾਬਕ ਸਮਾਂ ਦੇ ਕੇ ਇਹ ਸੇਵਾਵਾਂ ਲਈਆਂ ਜਾ ਸਕਣਗੀਆਂ। ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਸਬੰਧਤ ਸੇਵਾ ਲੈਣ ਲਈ ਲੋੜੀਂਦੇ ਦਸਤਾਵੇਜ਼, ਫੀਸ ਅਤੇ ਹੋਰ ਸ਼ਰਤਾਂ ਬਾਰੇ ਦੱਸ ਦਿੱਤਾ ਜਾਵੇਗਾ, ਜਿਸ ਲਈ ਬਿਨੈਕਾਰ ਨੂੰ ਐਸ.ਐਮ.ਐਸ. ਪ੍ਰਾਪਤ ਹੋਵੇਗਾ, ਜਿਸ ਰਾਹੀਂ ਲੋੜੀਂਦੇ ਦਸਤਾਵੇਜ਼ਾਂ ਤੇ ਮਿਤੀ ਤੇ ਸਮੇਂ ਬਾਰੇ ਪਤਾ ਚੱਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿੱਥੇ ਸਮੇਂ ਮੁਤਾਬਕ ਵਿਸ਼ੇਸ਼ ਸਿਖਲਾਈ ਪ੍ਰਾਪਤ ਮੁਲਾਜ਼ਮ ਟੈਬਲੈੱਟ ਲੈ ਕੇ ਸਬੰਧਤ ਬਿਨੈਕਾਰ ਦੇ ਘਰ ਜਾਂ ਦਫ਼ਤਰ ਜਾਣਗੇ ਅਤੇ ਸਾਰੀ ਲੋੜੀਂਦੀ ਕਾਗਜ਼ੀ ਪ੍ਰਕਿਰਿਆ ਪੂਰੀ ਕਰਨਗੇ ਤੇ ਫੀਸ ਜਮ੍ਹਾਂ ਕਰਨਗੇ। ਇਸ ਤੋਂ ਇਲਾਵਾ ਬਿਨੈਕਾਰ ਨੂੰ ਪਹੁੰਚ ਰਸੀਦ ਦਿੱਤੀ ਜਾਵੇਗੀ, ਜਿਸ ਰਾਹੀਂ ਉਹ ਆਪਣੀ ਅਰਜ਼ੀ ਉਤੇ ਚੱਲ ਰਹੀ ਪ੍ਰਕਿਰਿਆ ਬਾਰੇ ਜਾਣ ਸਕੇਗਾ।
 
ਵਿਚੋਲਿਆਂ ਦੀ ਭੂਮਿਕਾ ਖ਼ਤਮ 
 
ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਨਾਲ ਨਾ ਸਿਰਫ਼ ਲੋਕਾਂ ਲਈ ਸਹੂਲਤ ਵਧੇਗੀ, ਸਗੋਂ ਇਸ ਨਾਲ ਪੈਸੇ ਲੈ ਕੇ ਕੰਮ ਕਰਵਾਉਣ ਵਾਲੇ ਵਿਚੋਲਿਆਂ ਦੀ ਭੂਮਿਕਾ ਖ਼ਤਮ ਹੋਵੇਗੀ ਅਤੇ ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਤੇ ਕਾਰਜਕੁਸ਼ਲਤਾ ਆਵੇਗੀ। ਉਨ੍ਹਾਂ ਕਿਹਾ ਕਿ ਘਰੇ ਬੈਠਿਆਂ ਇਹ ਸਹੂਲਤ ਸੇਵਾ ਕੇਂਦਰਾਂ ਜਾਂ ਸਮਰਪਿਤ 1076 ਹੈਲਪਲਾਈਨ ਨੰਬਰ ਰਾਹੀਂ 10 ਦਸੰਬਰ 2023 ਤੋਂ ਬਾਅਦ ਲਈ ਜਾ ਸਕੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲੀਅਤ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਉਨ੍ਹਾਂ ਦੇ ਰੋਜ਼ਾਨਾ ਦੇ ਪ੍ਰਸ਼ਾਸਕੀ ਕੰਮ ਆਸਾਨੀ ਨਾਲ ਨੇਪਰੇ ਚੜ੍ਹ ਸਕਣ।

ਇਹ ਵੀ ਪੜ੍ਹੋ