ਨਵਜੋਤ ਸਿੱਧੂ ਦਾ ਮਾਈਨਿੰਗ ਧਮਾਕਾ - ਆਪ ਸਰਕਾਰ ਘੇਰੀ

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪਟਿਆਲਾ ਵਿਖੇ ਕੀਤੀ ਪ੍ਰੈੱਸ ਕਾਨਫਰੰਸ। ਮਾਈਨਿੰਗ ਦੇ ਮੁੱਦੇ 'ਤੇ ਸੂਬਾ ਸਰਕਾਰ ਉਪਰ ਗੰਭੀਰ ਇਲਜ਼ਾਮ ਲਗਾਏ।

Share:

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਈਨਿੰਗ ਨੂੰ ਲੈ ਕੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਿਆ। ਸਿੱਧੂ ਨੇ ਦੋਸ਼ ਲਾਇਆ ਹੈ ਕਿ ਪੰਜਾਬ ਵਿੱਚ ਸਰਕਾਰ ਦੀ ਦੇਖ-ਰੇਖ ਹੇਠ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜਿਸ ਵਿੱਚ ਕਿਤੇ ਸਾਬਕਾ ਮੰਤਰੀ ਦੇ ਰਿਸ਼ਤੇਦਾਰ ਅਤੇ ਕਿਤੇ ਜੇ.ਈ ਖੁਦ ਮਾਈਨਿੰਗ ਕਰਵਾ ਰਹੇ ਹਨ। ਉਹਨਾਂ ਕਿਹਾ ਕਿ 15 ਸਤੰਬਰ ਨੂੰ ਹਾਈਕੋਰਟ ਨੇ ਰੂਪਨਗਰ ਦੇ ਐਸਐਸਪੀ ਨੂੰ ਬੁਲਾਇਆ ਸੀ ਅਤੇ ਫਟਕਾਰ ਲਗਾਈ ਸੀ ਕਿ ਉਹ ਨਾਜਾਇਜ਼ ਮਾਈਨਿੰਗ ਰੋਕਣ ਵਿੱਚ ਅਸਫਲ ਰਹੇ ਹਨ। ਐਸਐਸਪੀ ਸਰਕਾਰ ਦੇ ਹੀ ਨੁਮਾਇੰਦੇ ਹਨ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਤਰਨਤਾਰਨ ਦੇ ਐਸ.ਐਸ.ਪੀ. ਖਿਲਾਫ ਕਾਰਵਾਈ ਕੀਤੀ ਗਈ ਸੀ। ਕਿਉਂਕਿ ਸਥਾਨਕ ਵਿਧਾਇਕ ਨੇ ਇਸਦੀ ਸ਼ਿਕਾਇਤ ਕੀਤੀ ਸੀ। 

ਸਾਬਕਾ ਮੰਤਰੀ 'ਤੇ ਇਲਜ਼ਾਮ 

ਸਿੱਧੂ ਨੇ ਕਿਹਾ ਕਿ ਨਾਂਦਰਾ-ਕਲਮੋਟ ਅਤੇ ਖੇੜਾ ਕਲਾਂ ਵਿਖੇ ਸਰਕਾਰ ਵੱਲੋਂ ਮੈਨੂਅਲ ਮਾਈਨਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰੰਤੂ ਉਥੇ ਜੇਈ ਬੈਠ ਕੇ ਰੋਜ਼ਾਨਾ ਟਿੱਪਰਾਂ ਰਾਹੀਂ ਰੇਤਾ ਕਢਵਾ ਰਹੇ ਹਨ। ਇੱਕ ਵੀ ਗੱਡੀ ਅੱਜ ਤੱਕ ਨਹੀਂ ਫੜੀ ਗਈ। ਪਹਾੜ ਨੂੰ ਕੱਟ ਕੇ 30 ਫੁੱਟ ਥੱਲੇ ਤੱਕ ਮਾਈਨਿੰਗ ਹੋ ਗਈ ਹੈ। ਜ਼ਮੀਨ ਦਾ ਪਾਣੀ ਤੱਕ ਬਾਹਰ ਆ ਗਿਆ ਹੈ। ਇੱਥੇ ਮਾਈਨਿੰਗ ਕਰਨ ਵਾਲਾ ਕੋਈ ਹੋਰ ਨਹੀਂ, ਸਾਬਕਾ ਮੰਤਰੀ ਦੇ ਹੀ ਰਿਸ਼ਤੇਦਾਰ ਹਨ। 

ਕਾਰਪੋਰੇਸ਼ਨਾਂ ਨਾ ਬਣਾਉਣ 'ਤੇ ਸਵਾਲ 

ਸਿੱਧੂ ਨੇ ਕਿਹਾ ਕਿ 'ਆਪ' ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ 'ਚ ਆਉਣ ਤੋਂ ਬਾਅਦ ਕਾਰਪੋਰੇਸ਼ਨ ਬਣਾਏਗੀ, ਪਰ ਅਜਿਹਾ ਨਹੀਂ ਹੋਇਆ। ਜਿਹੜਾ ਰੇਤਾ ਕਾਂਗਰਸ ਦੇ ਸਮੇਂ 3300 ਰੁਪਏ ਨੂੰ ਵਿਕਦਾ ਸੀ ਉਸਦੀ ਕੀਮਤ ਅੱਜ 21 ਹਜ਼ਾਰ ਰੁਪਏ ਤੱਕ ਪਹੁੰਚ ਗਈ ਹੈ। ਜਿੱਥੇ ਕਾਰਪੋਰੇਸ਼ਨਾਂ ਬਣੀਆਂ ਹਨ ਉੱਥੋਂ ਦੀਆਂ ਸਰਕਾਰਾਂ ਨੂੰ 5 ਤੋਂ 8 ਹਜ਼ਾਰ ਕਰੋੜ ਹਰ ਸਾਲ ਕਮਾਈ ਹੋ ਰਹੀ ਹੈ। ਪ੍ਰੰਤੂ, 20 ਹਜ਼ਾਰ ਕਰੋੜ ਦਾ ਵਾਅਦਾ ਕਰਨ ਵਾਲੀ ਆਪ ਸਰਕਾਰ ਨੇ ਪਹਿਲੇ ਸਾਲ 'ਚ ਹੀ ਸਿਰਫ਼ 145 ਕਰੋੜ ਰੁਪਏ ਕਮਾਈ ਕੀਤੀ। ਸਿੱਧੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਦੇ ਖਜ਼ਾਨੇ ਨੂੰ ਸੰਨ੍ਹ ਲਾਉਣਾ ਬੰਦ ਨਾ ਕੀਤਾ ਤਾਂ ਉਹ ਚੁੱਪ ਨਹੀਂ ਬੈਠਣਗੇ। 

 

ਇਹ ਵੀ ਪੜ੍ਹੋ