ਕੈਨੇਡਾ ਤੋਂ ਪੰਜਾਬ ਆਏ ਮਾਂ-ਪੁੱਤ ਦੀ ਸੜਕ ਹਾਦਸੇ 'ਚ ਮੌਤ 

ਐਕਟਿਵਾ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ 'ਚ ਗੰਭੀਰ ਜਖ਼ਮੀ ਹੋ ਗਏ ਸੀ। ਹਸਪਤਾਲ ਲਿਜਾਣ ਤੱਕ ਮੌਤ ਹੋ ਗਈ। ਦੋਵੇਂ ਬਾਜ਼ਾਰ ਸ਼ਾਪਿੰਗ ਕਰਨ ਜਾ ਰਹੇ ਸੀ। 

Share:

ਹੁਸ਼ਿਆਰਪੁਰ ਦੇ ਮੁਹੱਲਾ ਰਹੀਮਪਰ ਨਜ਼ਦੀਕ ਸਥਿਤ ਬਾਜਵਾ ਪੈਟਰੋਲ ਪੰਪ ਸਾਹਮਣੇ ਇੱਕ ਦਰਦਨਾਕ ਸੜਕ ਹਾਦਸੇ 'ਚ ਮਾਂ ਪੁੱਤ ਦੀ ਮੌਤ ਹੋ ਗਈ। ਦੋਵੇਂ ਇੱਕ ਹਫ਼ਤਾ ਪਹਿਲਾਂ ਹੀ ਕੈਨੇਡਾ ਤੋਂ ਆਏ ਸਨ। ਇਸ ਹਾਦਸੇ ’ਚ ਇੱਕ ਹੋਰ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋਇਆ। ਜਿਸਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਡਾਕਟਰਾਂ ਵੱਲੋਂ ਉਸਨੂੰ ਪੀਜੀਆਈ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਰੁਨਿਸ਼ ਰੰਧਾਵਾ ਤੇ ਉਸਦੀ ਮਾਂ ਨਿਸ਼ਾ ਰੰਧਾਵਾ ਐਕਟਿਵਾ ’ਤੇ ਸਵਾਰ ਹੋ ਕੇ ਘਰ ਤੋਂ ਬਾਹਰ ਸ਼ਹਿਰ ਜਾ ਰਹੇ ਸਨ। ਜਦੋਂ ਉਹ ਮੁੱਖ ਸੜਕ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇਕ ਤੇਜ਼ ਰਫਤਾਰ ਸਪਲੈਂਡਰ ਮੋਟਰਸਾਈਕਲ ਸਵਾਰ ਨੌਜਵਾਨ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਮਾਂ ਪੁੱਤੇ ਅਤੇ ਸਪਲੈਂਡਰ ਸਵਾਰ ਲੜਕਾ ਗੰਭੀਰ ਜ਼ਖ਼ਮੀ ਹੋ ਗਏ। 

ਸਮੇਂ ਸਿਰ ਨਹੀਂ ਆਈ ਐਂਬੂਲੈਂਸ 

ਮੌਕੇ 'ਤੇ ਮੌਜੂਦ ਪੈਟਰੋਲ ਪੰਪ ਦੇ ਕਾਰਿੰਦਿਆਂ ਨੇ ਦੱਸਿਆ ਕਿ ਹਾਦਸੇ ਦੇ ਕਾਫੀ ਸਮੇਂ ਤੱਕ ਐਂਬੂਲੈਂਸ ਮੌਕੇ ’ਤੇ ਨਹੀਂ ਪਹੁੰਚੀ। ਜੇਕਰ ਐਂਬੂਲੈਂਸ ਮੌਕੇ ’ਤੇ ਪਹੁੰਚ ਜਾਂਦੀ ਤਾਂ ਹੋ ਸਕਦਾ ਕਿਸੇ ਦੀ ਜਾਨ ਬਚ ਜਾਂਦੀ। ਕਾਫ਼ੀ ਸਮਾਂ ਬਾਅਦ ਜਦੋਂ ਮਾਂ ਪੁੱਤ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਤਾਂ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ। ਗੰਭੀਰ ਜ਼ਖ਼ਮੀ ਦੂਜੇ ਲੜਕੇ ਦੀ ਪਛਾਣ ਨਹੀਂ ਹੋ ਸਕੀ। ਉਸਨੂੰ ਇਲਾਜ ਲਈ ਪੀਜੀਆਈ ਭੇਜ ਦਿੱਤਾ।  ਮਾਮਲੇ ਦੀ ਪੜਤਾਲ ਕਰ ਰਹੇ ਪੁਰਹੀਰਾਂ ਪੁਲਿਸ ਚੌਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਮਾਂ ਪੁੱਤ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। 

ਇਹ ਵੀ ਪੜ੍ਹੋ