ਐੱਮਐੱਲਏ ਬਰਿੰਦਰਮੀਤ ਪਾਹੜਾ ਦਾ ਆਰੋਪ, ਬੱਸ ਸਟੈਂਡ ਦੇ ਉਦਘਾਟਨ ਤੇ ਬੁਲਾਉਣ ਦੇ ਵਾਅਦੇ ਤੋਂ ਮੁਕਰੇ ਸੀਐੱਮ

ਪਾਹੜਾ ਨੇ ਪੁਲਿਸ ਉੱਤੇ ਲਗਾਏ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰਨ ਦੇ ਦੋਸ਼, ਮੁੱਖ ਮੰਤਰੀ ਦੇ ਦਖਲ ਪਿਛੋਂ ਪੁਲਿਸ ਵਾਪਸ ਪਰਤੀ

Share:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਸਵੇਰੇ ਮੈਨੂੰ ਖੁਦ ਫੋਨ ਕਰਕੇ ਕਿਹਾ ਕਿ ਅਸੀਂ ਅੱਜ ਬੱਸ ਸਟੈਂਡ ਦਾ ਉਦਘਾਟਨ ਨਹੀਂ ਕਰਾਂਗੇ। ਦੋਵੇਂ ਭਰਾ 10 ਤੋਂ 15 ਦਸੰਬਰ ਦਰਮਿਆਨ ਕਿਸੇ ਸਮੇਂ ਇਕੱਠੇ ਉਦਘਾਟਨ ਕਰਾਂਗੇ ਪਰ ਬਾਅਦ ਵਿੱਚ ਮੁੱਖ ਮੰਤਰੀ ਆਪਣੀ ਗੱਲ ਤੋਂ ਮੁਕਰ ਗਏ ਅਤੇ ਉਦਘਾਟਨ ਕਰ ਦਿੱਤਾ। ਉਪਰੋਕਤ ਦਾਅਵਾ ਹਲਕਾ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਮੁੱਖ ਮੰਤਰੀ ਦੀ ਰੈਲੀ ਤੋਂ ਬਾਅਦ ਆਪਣੇ ਗ੍ਰਹਿ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।

 

ਵਿਧਾਇਕ ਪਾਹੜਾ ਦੀ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੂੰ ਅਪੀਲ

ਵਿਧਾਇਕ ਪਾਹੜਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਇੱਕ ਸਾਲ ਪਹਿਲਾਂ ਬਣ ਚੁੱਕੇ ਗੁਰਦਾਸਪੁਰ ਦੇ ਬੱਸ ਸਟੈਂਡ ਦਾ ਜਲਦੀ ਉਦਘਾਟਨ ਕੀਤਾ ਜਾਵੇ। ਜਦੋਂ ਕਿ ਇਸ ਤੋਂ ਪਹਿਲਾਂ 2 ਜੂਨ ਨੂੰ ਉਨ੍ਹਾਂ ਨੇ ਬੱਸ ਸਟੈਂਡ ਦਾ ਉਦਘਾਟਨ ਕਰਨ ਅਤੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਅਤੇ ਸਾਰੇ ਸਬੰਧਤ ਲੋਕਾਂ ਨੂੰ ਈਮੇਲ ਅਤੇ ਪੱਤਰ ਲਿਖਿਆ ਸੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਬੱਸ ਸਟੈਂਡ ਦੇ ਉਦਘਾਟਨੀ ਸਮਾਰੋਹ ਦਾ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਸ਼ੁੱਕਰਵਾਰ ਨੂੰ ਮੁੱਖ ਸਕੱਤਰ ਪੰਜਾਬ ਅਤੇ ਡੀਸੀ ਗੁਰਦਾਸਪੁਰ ਨਾਲ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਬਾਰੇ ਗੱਲ ਕੀਤੀ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਪੁਲਿਸ ਅਧਿਕਾਰੀਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਕਰੀਬ 8 ਵਜੇ ਪੁਲਿਸ ਵੱਡੀ ਗਿਣਤੀ 'ਚ ਉਨ੍ਹਾਂ ਦੇ ਘਰ ਪਹੁੰਚੀ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਨਜ਼ਰਬੰਦ ਕਰ ਦਿੱਤਾ।

 

ਉਦਘਾਟਨ ਤੋਂ ਕੁਝ ਮਿੰਟ ਪਹਿਲਾਂ ਸੀਐੱਮ ਦੇ ਓਐੱਸਡੀ ਦਾ ਆਇਆ ਫੋਨ

ਵਿਧਾਇਕ ਪਾਹੜਾ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਨਾ ਤਾਂ ਕੋਈ ਟਵੀਟ ਕੀਤਾ ਅਤੇ ਨਾ ਹੀ ਕੋਈ ਸੁਨੇਹਾ ਭੇਜਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਓਐੱਸਡੀ ਰਾਜਬੀਰ ਸਿੰਘ ਦੇ ਨੰਬਰ ਤੋਂ ਫ਼ੋਨ ਆਇਆ, ਪਰ ਨੰਬਰ ਨਾ ਜਾਣ ਕਾਰਨ ਉਨ੍ਹਾਂ ਫ਼ੋਨ ਅਟੈਂਡ ਨਹੀਂ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਡੀਸੀ ਗੁਰਦਾਸਪੁਰ ਵੱਲੋਂ ਕਿਹਾ ਗਿਆ ਕਿ ਮੁੱਖ ਮੰਤਰੀ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦਾ ਫਿਰ ਫੋਨ ਆਇਆ ਤਾਂ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਬੱਸ ਸਟੈਂਡ ਦਾ ਉਦਘਾਟਨ ਨਹੀਂ ਕਰਨਗੇ। ਉਹ 10 ਤੋਂ 15 ਦਸੰਬਰ ਦਰਮਿਆਨ ਮੁੜ ਪੰਜਾਬ ਆਉਣਗੇ ਅਤੇ ਉਨ੍ਹਾਂ ਨਾਲ ਗੁਰਦਾਸਪੁਰ ਬੱਸ ਸਟੈਂਡ ਅਤੇ ਦੀਨਾਨਗਰ ਤਹਿਸੀਲ ਦਾ ਉਦਘਾਟਨ ਕਰਨਗੇ। ਉਨ੍ਹਾਂ ਕਿਹਾ ਕਿ ਉਦਘਾਟਨ ਤੋਂ ਕੁਝ ਮਿੰਟ ਪਹਿਲਾਂ ਮੁੱਖ ਮੰਤਰੀ ਦੇ ਓਐੱਸਡੀ ਨੇ ਉਨ੍ਹਾਂ ਨੂੰ ਦੁਬਾਰਾ ਫ਼ੋਨ 'ਤੇ ਕਿਹਾ ਕਿ ਮੁੱਖ ਮੰਤਰੀ ਸਿਰਫ਼ ਬੱਸ ਸਟੈਂਡ ਦਾ ਦੌਰਾ ਕਰਨਗੇ, ਉਦਘਾਟਨ ਨਹੀਂ ਕਰਨਗੇ। ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਉਣ ਤੋਂ ਬਾਅਦ ਬੱਸ ਸਟੈਂਡ ਦਾ ਉਦਘਾਟਨ ਕਰ ਦਿੱਤਾ ਗਿਆ।

 

ਮੁੱਖ ਮੰਤਰੀ ਦੱਸਣ ਆਪਣੀ ਮਜ਼ਬੂਰੀ

ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਮੁੱਖ ਮੰਤਰੀ ਨਾਲ ਗੱਲ ਕਰਨਗੇ ਕਿ ਉਨ੍ਹਾਂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਅਤੇ ਫਿਰ ਵਾਅਦਾ ਕਿਉਂ ਤੋੜਿਆ। ਜਦੋਂ ਕਿ ਉਨ੍ਹਾਂ ਨੇ ਖੁਦ ਮੁੱਖ ਮੰਤਰੀ ਨਾਲ ਗੱਲ ਨਹੀਂ ਕੀਤੀ, ਪਰ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬੁਲਾ ਕੇ ਇਹ ਗੱਲ ਕਹੀ। ਇਸ ਤੋਂ ਬਾਅਦ ਫਿਰ ਮੁੱਖ ਮੰਤਰੀ ਦੀ ਕੀ ਮਜ਼ਬੂਰੀ ਸੀ ਇਸ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਨਗੇ ਅਤੇ ਫਿਰ ਪ੍ਰੈਸ ਕਾਨਫਰੰਸ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨਾਲ ਵਾਅਦਾ ਕਰਕੇ ਇਸ ਤਰ੍ਹਾਂ ਵਾਪਸ ਜਾ ਸਕਦੇ ਹਨ ਤਾਂ ਆਮ ਲੋਕਾਂ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ।

 

ਇਹ ਵੀ ਪੜ੍ਹੋ