ਮਿੱਠੂਖੇੜਾ ਕਤਲਕਾਂਡ - ਅਦਾਲਤ ਨੇ 3 ਜਣਿਆਂ ਨੂੰ ਦਿੱਤਾ ਦੋਸ਼ੀ ਕਰਾਰ, 27 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ 

7 ਅਗਸਤ 2021 ਨੂੰ ਸੈਕਟਰ-70 ਵਿਖੇ ਹੋਏ ਵਿੱਕੀ ਮਿੱਠੂਖੇੜਾ ਦੇ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਸੀ । ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਲਈ 27 ਜਨਵਰੀ ਤੈਅ ਕੀਤੀ ਹੈ। 

Courtesy: file photo

Share:

ਪੰਜਾਬ ਦੇ ਯੂਥ ਅਕਾਲੀ ਆਗੂ ਵਿਕਰਮਜੀਤ ਸਿੰਘ ਉਰਫ ਵਿੱਕੀ ਮਿੱਠੂਖੇੜਾ ਦਾ  ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਜਿੱਥੇ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਉੱਥੇ ਹੀ 3 ਨੂੰ ਬਰੀ ਕਰ ਦਿੱਤਾ ਗਿਆ। ਵਧੀਕ ਜ਼ਿਲ੍ਹਾ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੈਂਗਸਟਰ ਅਜੇ ਲੈਫਟੀ, ਸੱਜਣ ਭੋਲੂ ਅਤੇ ਅਨਿਲ ਲੱਠ ਨੂੰ ਧਾਰਾ 302, 34, 482 ਅਤੇ ਅਸਲਾ ਐਕਟ ਦੇ ਤਹਿਤ ਦੋਸ਼ੀ ਕਰਾਰ ਦੇ ਦਿੱਤਾ। ਜਦਕਿ ਗੈਂਗਸਟਰ ਭੂਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦੇ ਹੁਕਮ ਦਿੱਤੇ ਗਏ। ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਸੁਣਾਉਣ ਲਈ 27 ਜਨਵਰੀ ਤੈਅ ਕੀਤੀ ਹੈ। 

ਪੁਲਿਸ ਦੀ ਕਹਾਣੀ ਰਾਹੀਂ ਜਾਣੋ ਪੂਰਾ ਮਾਮਲਾ 
ਪੁਲਿਸ ਅਨੁਸਾਰ 7 ਅਗਸਤ 2021 ਨੂੰ ਸੈਕਟਰ-70 ਵਿਖੇ ਹੋਏ ਵਿੱਕੀ ਮਿੱਠੂਖੇੜਾ ਦੇ ਕਤਲ ਤੋਂ ਅਗਲੇ ਦਿਨ ਬੰਬੀਹਾ ਗੈਂਗ ਨੇ ਇਸ ਕਤਲ ਦੀ ਜਿੰਮੇਵਾਰੀ ਲਈ ਸੀ ਅਤੇ ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਬੰਬੀਹਾ ਗੈਂਗ ਚਲਾ ਰਹੇ ਲੱਕੀ ਪਡਿਆਲ ਦਾ ਨਾਮ ਸਾਹਮਣੇ ਆਇਆ ਸੀ ਕਿ ਲੱਕੀ ਦੇ ਕਹਿਣ 'ਤੇ ਵਿੱਕੀ ਮਿੱਠੂਖੇੜਾ ਦਾ ਕਤਲ ਕਰਵਾਇਆ ਗਿਆ। ਪੁਲਿਸ ਦੀ ਕਈ ਹਫਤਿਆ ਦੀ ਜਾਂਚ ਤੋਂ ਬਾਅਦ ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਸੀ ਕਿ ਗੈਂਗਸਟਰ ਕੌਸ਼ਲ ਚੌਧਰੀ ਨੇ ਅਮਿਤ ਡਾਗਰ ਨਾਲ ਮਿਲ ਕੇ ਦਿੱਲੀ ਦੀ ਇਕ ਜੇਲ 'ਚ ਬੈਠ ਕੇ ਵਿੱਕੀ ਮਿੱਠੂਖੇੜਾ ਦੇ ਕਤਲ ਦੀ ਸਾਜਿਸ਼ ਰਚੀ ਅਤੇ ਇਨ੍ਹਾਂ ਨੇ ਇਸ ਕੰਮ ਲਈ ਕਾਰ ਅਤੇ ਸ਼ੂਟਰਾਂ ਦਾ ਪ੍ਰਬੰਧ ਕਰਕੇ ਵਿੱਕੀ ਮਿੱਠੂਖੇੜਾ ਦਾ ਕਤਲ ਕਰਨ ਲਈ ਉਨਾਂ ਨੂੰ ਮੁਹਾਲੀ ਭੇਜਿਆ। ਸ਼ੂਟਰ ਗੁਰੂਗ੍ਰਾਮ ਦੇ ਟੇਕ ਚੰਦ ਕੋਲੋਂ ਆਈ-20 ਕਾਰ ਲੈ ਕੇ ਮੁਹਾਲੀ ਪਹੁੰਚੇ ਸਨ। ਉਧਰ ਜੇਲ ਵਿਚ ਬੰਦ ਗੈਂਗਸਟਰ ਭੂਪੀ ਰਾਣਾ ਨੇ ਵਿੱਕੀ ਮਿੱਢੂ ਖੇੜਾ ਦਾ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਸਹੀ ਸਲਾਮਤ ਪੰਜਾਬ ਤੋਂ ਹਰਿਆਣਾ ਰਾਹੀਂ ਅੱਗੇ ਸੁਰੱਖਿਅਤ ਜਗਾ 'ਤੇ ਪਹੁੰਚਾਉਣ ਦਾ ਜਿੰਮਾ ਲਿਆ ਸੀ। ਇਸ ਕਤਲ ਮਾਮਲੇ 'ਚ ਜਦੋਂ ਕਈ ਮਹੀਨਿਆਂ ਬਾਅਦ ਤਿੰਨ ਸ਼ੂਟਰ ਦਿੱਲੀ ਪੁਲਿਸ ਦੇ ਹੱਥੇ ਚੜੇ ਤਾਂ ਸਾਹਮਣੇ ਆਇਆ ਕਿ ਉਨਾਂ ਸ਼ੂਟਰਾਂ ਨੂੰ ਗਾਇਕ ਸਿੱਧੂ ਮੂਸੇ ਵਾਲਾ ਦੇ ਮੈਨੇਜ਼ਰ ਸ਼ਗਨਪ੍ਰੀਤ ਸਿੰਘ ਨੇ ਖਰੜ ਦੇ ਇਕ ਫਲੈਟ 'ਚ ਠਹਿਰਾਉਣ ਦਾ ਇੰਤਜਾਮ ਕੀਤਾ ਸੀ ਅਤੇ ਉਸ ਨੇ ਹੀ ਤਿੰਨਾ ਸ਼ੂਟਰਾਂ ਦੇ ਨਾਲ ਚੌਥੇ ਸ਼ੂਟਰ ਨੂੰ ਮਿਲਵਾਇਆ ਸੀ। ਸ਼ਗਨਪ੍ਰੀਤ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਹੀ ਸ਼ੂਟਰਾਂ ਨੂੰ ਵਿੱਕੀ ਮਿੱਠੂਖੇੜਾ ਦੇ ਘਰ ਅਤੇ ਆਉਣ ਜਾਣ ਦੇ ਸਮੇਂ ਦੇ ਜਾਣਕਾਰੀ ਦਿੱਤੀ ਅਤੇ ਆਪ ਖੁਦ ਵੀ ਵਿੱਕੀ ਦੀ ਰੈਕੀ ਕੀਤੀ ਸੀ।

ਇਹ ਵੀ ਪੜ੍ਹੋ