IDL BREAKING: ਬਟਾਲਾ 'ਚ ਸ਼ਰਾਰਤੀ ਅਨਸਰਾਂ ਨੇ ਲਗਾਏ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ, ਪੁਲਿਸ ਨੇ ਦੋ ਘੰਟਿਆਂ ਵਿੱਚ ਕੀਤਾ ਗ੍ਰਿਫਤਾਰ

ਖਾਲਿਸਤਾਨ ਦੇ ਪੋਸਟਰ ਲਗਾਉਣ ਦੀ ਖਬਰ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ। ਕੁਝ ਸਮੇਂ ਵਿੱਚ ਹੀ ਪੁਲਿਸ ਅਧਿਕਾਰੀ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਕੰਧਾਂ ’ਤੇ ਲੱਗੇ ਪੋਸਟਰਾਂ ਨੂੰ ਕਬਜ਼ੇ ਵਿੱਚ ਲੈ ਲਿਆ।

Share:

ਹਾਈਲਾਈਟਸ

  • ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਦੇਖ ਕੇ ਆਸ-ਪਾਸ ਦੇ ਦੁਕਾਨਦਾਰਾਂ 'ਚ ਦਹਿਸ਼ਤ ਫੈਲ ਗਈ।

Punjab News: ਅੱਤਵਾਦ ਦੇ ਕਾਲੇ ਦੌਰ 'ਚ ਸੁਰਖੀਆਂ 'ਚ ਰਹਿਣ ਵਾਲਾ ਬਟਾਲਾ ਦਾ ਚੱਕਰੀ ਬਾਜ਼ਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਬੁੱਧਵਾਰ ਨੂੰ ਸ਼ਰਾਰਤੀ ਅਨਸਰਾਂ ਨੇ ਬਾਜ਼ਾਰ 'ਚ ਇੱਕ ਦਰਜਨ ਦੇ ਕਰੀਬ ਥਾਵਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾ ਦਿੱਤੇ। ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਦੇਖ ਕੇ ਆਸ-ਪਾਸ ਦੇ ਦੁਕਾਨਦਾਰਾਂ 'ਚ ਦਹਿਸ਼ਤ ਫੈਲ ਗਈ। ਭੀੜ-ਭੜੱਕੇ ਵਾਲੇ ਚੱਕਰੀ ਬਜ਼ਾਰ ਵਿੱਚ ਖਾਲਿਸਤਾਨ ਦੇ ਪੋਸਟਰ ਲਗਾਉਣਾ ਕੋਈ ਆਸਾਨ ਕੰਮ ਨਹੀਂ ਹੈ ਪਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਝ ਲੋਕਾਂ ਨੂੰ ਪੋਸਟਰ ਲਗਾਉਂਦੇ ਦੇਖਿਆ ਸੀ, ਪਰ ਇਹ ਨਹੀਂ ਸੀ ਪਤਾ ਕਿ ਇਹ ਪੋਸਟਰ ਖਾਲਿਸਤਾਨ ਦੇ ਲਗਾਏ ਜਾ ਰਹੇ ਹਨ। ਜਦੋਂ ਮੁਲਜ਼ਮ ਪੋਸਟਰ ਲਗਾ ਕੇ ਐਕਟਿਵਾ ’ਤੇ ਸਵਾਰ ਹੋ ਕੇ ਚਲੇ ਗਏ ਤਾਂ ਦੁਕਾਨਦਾਰਾਂ ਨੂੰ ਬਾਅਦ ਵਿੱਚ ਇਸ ਦਾ ਪਤਾ ਲੱਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਮੁਲਜਮਾਂ ਦੀ ਪਹਿਚਾਣ ਕਰ ਉਹਨਾਂ ਨੂੰ ਦੋਵਾਂ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ।

ਸ਼ਿਵ ਸੈਨਿਕਾਂ ਨੇ ਕੀਤੀ ਨਾਅਰੇਬਾਜ਼ੀ 

ਬਾਜ਼ਾਰ ਵਿੱਚ ਲਾਏ ਜਾ ਰਹੇ ਪੋਸਟਰਾਂ ਬਾਰੇ ਪਤਾ ਲੱਗਣ ’ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਨਈਅਰ ਆਪਣੇ ਸਾਥੀਆਂ ਸਮੇਤ ਚੱਕਰੀ ਬਾਜ਼ਾਰ ਵਿੱਚ ਪੁੱਜੇ ਅਤੇ ਖਾਲਿਸਤਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਕੁਝ ਹੀ ਸਮੇਂ ਵਿੱਚ ਚੱਕਰੀ ਬਾਜ਼ਾਰ ਕਾਫੀ ਹੱਦ ਤੱਕ ਬੰਦ ਹੋ ਗਿਆ ਪਰ ਕਈ ਥਾਵਾਂ ’ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਦੌਰਾਨ ਸ਼ਿਵ ਸੈਨਿਕਾਂ ਦੀ ਦੁਕਾਨਦਾਰਾਂ ਨਾਲ ਬਹਿਸ ਵੀ ਹੋਈ। ਇਸ ਤੋਂ ਬਾਅਦ ਸ਼ਿਵ ਸੈਨਿਕਾਂ ਨੇ ਵੀਰਵਾਰ ਨੂੰ ਬਟਾਲਾ ਬੰਦ ਦਾ ਸੱਦਾ ਦਿੱਤਾ ਹੈ। ਦੁਕਾਨਦਾਰਾਂ ਨੇ ਇਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪੋਸਟਰ ਲਗਾਉਣ ਵਾਲੇ ਨੌਜਵਾਨਾਂ ਦੀ ਉਮਰ ਅਠਾਰਾਂ ਤੋਂ ਵੀਹ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਮੁਲਜ਼ਮ ਕਾਲੇ ਰੰਗ ਦੀ ਮੋਪਡ ’ਤੇ ਆਏ ਅਤੇ ਬਾਜ਼ਾਰ ਵਿੱਚ ਪੋਸਟਰ ਲਗਾ ਕੇ ਉੱਥੋਂ ਚਲੇ ਗਏ। 

10 ਥਾਵਾਂ 'ਤੇ ਲਗਾਏ ਗਏ ਸਨ ਪੋਸਟਰ 

ਚੱਕਰੀ ਬਾਜ਼ਾਰ 'ਚ ਖਾਲਿਸਤਾਨੀ ਪੋਸਟਰ ਲਗਾਉਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਪੁਲਿਸ ਨੇ ਦੋ ਘੰਟਿਆਂ 'ਚ ਹੀ ਗ੍ਰਿਫਤਾਰ ਕਰਕੇ ਮਾਮਲਾ ਸੁਲਝਾ ਲਿਆ। ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਐਸਐਸਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਬਟਾਲਾ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਇੱਕ ਸਾਂਝਾ ਆਪ੍ਰੇਸ਼ਨ ਕਰਕੇ ਦੋ ਘੰਟਿਆਂ ਵਿੱਚ ਮੁਲਜ਼ਮਾਂ ਨੂੰ ਫੜ ਲਿਆ ਹੈ। ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਵਿੱਚੋਂ ਇੱਕ ਦਾ ਨਾਂ ਬਲਵਿੰਦਰਜੀਤ ਸਿੰਘ ਉਮਰ 26 ਸਾਲ, ਵਾਸੀ ਬਾਉਲੀ ਇੰਦਰਜੀਤ ਸਿੰਘ ਹੈ, ਜਦਕਿ ਦੂਜਾ ਵੀ ਬਾਉਲੀ ਇੰਦਰਜੀਤ ਸਿੰਘ ਦਾ ਵਸਨੀਕ ਹੈ ਪਰ ਅਜੇ ਨਾਬਾਲਗ ਹੈ, ਜਿਸ ਕਾਰਨ ਉਸ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਐਸਐਸਪੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਚੱਕਰੀ ਬਾਜ਼ਾਰ, ਬਾਵਾ ਲਾਲ ਦਿਆਲ ਹਸਪਤਾਲ, ਮੰਦਰ ਕਾਲੀ ਦਾ ਮੋੜ ਆਦਿ ਸਮੇਤ ਕਰੀਬ 10 ਥਾਵਾਂ 'ਤੇ ਪੋਸਟਰ ਲਗਾਏ ਹਨ ਅਤੇ ਇਹ ਪੋਸਟਰ ਇੱਥੋਂ ਦੇ ਇੱਕ ਕੈਫੇ ਤੋਂ ਬਣਾਏ ਗਏ ਹਨ। ਐਸਐਸਪੀ ਅਨੁਸਾਰ ਪੁਲਿਸ ਨੇ ਉਸ ਵੱਲੋਂ ਵਰਤੀ ਗਈ ਐਕਟਿਵਾ ਵੀ ਬਰਾਮਦ ਕਰ ਲਈ ਹੈ। ਐਸਐਸਪੀ ਨੇ ਅੱਗੇ ਕਿਹਾ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਦੇ ਪਿੱਛੇ ਕੌਣ ਹੈ ਪਰ ਉਨ੍ਹਾਂ ਦੀ ਸੋਚ ਖਾਲਿਸਤਾਨੀ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 153ਏ ਤਹਿਤ ਕੇਸ ਦਰਜ ਕਰ ਲਿਆ ਹੈ।
 

ਇਹ ਵੀ ਪੜ੍ਹੋ