ਗਣਿਤ ਦੇ ਪੇਪਰ ਨੇ ਉਲਝਾਏ ਪੰਜਵੀਂ ਜਮਾਤ ਦੇ ਵਿਦਿਆਰਥੀ, ਅਧਿਆਪਕਾਂ ਨੇ ਵੀ ਕੀਤਾ ਵਿਰੋਧ, ਪੇਪਰ 'ਚ ਸੀ ਵੱਡੀਆਂ ਗਲਤੀਆਂ

ਅਧਿਆਪਕਾਂ ਨੇ ਕਿਹਾ ਹੈ ਕਿ ਇਸ ਪੇਪਰ ਵਿਚ ਕੁੱਲ 17-18 ਅੰਕਾਂ ਦੇ ਪ੍ਰਸ਼ਨਾਂ ਵਿਚ ਗੜਬੜੀ ਦੇਖੀ ਗਈ ਹੈ ਜਿਨ੍ਹਾਂ ਦੇ ਅੰਕ ਵਿਦਿਆਰਥੀਆਂ ਨੂੰ ਦੇਣੇ ਬਣਦੇ ਹਨ। ਇਸ ਬਾਬਤ ਸੋਸ਼ਲ ਮੀਡੀਆ 'ਤੇ ਇਕ ਪ੍ਰਸ਼ਨ-ਪੱਤਰ ਵੀ ਵਾਇਰਲ ਹੋਇਆ ਹੈ ਜਿਸ ਵਿਚ ਗ਼ਲਤੀਆਂ ਮਾਰਕਿੰਗ ਕੀਤੀਆਂ ਹੋਈਆਂ ਸਨ।

Courtesy: file photo

Share:

ਪੰਜਾਬ ਭਰ ਵਿਚ 10 ਮਾਰਚ ਨੂੰ ਹੋਏ ਪੰਜਵੀਂ ਜਮਾਤ ਦੇ ਗਣਿਤ ਵਿਸ਼ੇ ਨਾਲ ਸਬੰਧਤ ਮੁਲਾਂਕਣ ਪ੍ਰਸ਼ਨ-ਪੱਤਰ-2025 ਵਿਚ ਤਰੁੱਟੀਆਂ ਹੋਣ ਕਰਕੇ ਵਿਦਿਆਰਥੀਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨਾਂ ਪਿਆ।ਕਈ ਸਾਲਾਂ ਮਗਰੋਂ ਅਕਾਦਮਿਕ ਵਰ੍ਹੇ 2024-25 ਦੇ ਇਮਤਿਹਾਨ ਇਸ ਵਾਰ  ਰਾਜ ਵਿਦਿਅਕ ਯੋਗਤਾ ਤੇ ਸਿਖਲਾਈ ਪ੍ਰੀਸ਼ਦ (ਐੱਸ.ਸੀ.ਈ.ਆਰ.ਟੀ) ਲੈ ਰਿਹਾ ਹੈ। ਅਧਿਆਪਕ ਜਥੇਬੰਦੀਆਂ ਨੇ ਇਸ ਪ੍ਰਸ਼ਨ-ਪੱਤਰ ਕਮ ਮੁਲਾਂਕਣ ਪੱਤਰ ਵਿਚ ਊਣਤਾਈਆਂ ਦੇ ਚੱਲਦੇ ਇਨ੍ਹਾਂ ਦੇ ਅੰਕ ਵਿਦਿਆਰਥੀਆਂ ਨੂੰ ਦੇਣ ਦੀ ਮੰਗ ਵੀ ਕਰ ਦਿੱਤੀ ਹੈ। ਅਧਿਆਪਕਾਂ ਨੇ ਕਿਹਾ ਹੈ ਕਿ ਇਸ ਪੇਪਰ ਵਿਚ ਕੁੱਲ 17-18 ਅੰਕਾਂ ਦੇ ਪ੍ਰਸ਼ਨਾਂ ਵਿਚ ਗੜਬੜੀ ਦੇਖੀ ਗਈ ਹੈ ਜਿਨ੍ਹਾਂ ਦੇ ਅੰਕ ਵਿਦਿਆਰਥੀਆਂ ਨੂੰ ਦੇਣੇ ਬਣਦੇ ਹਨ। ਇਸ ਬਾਬਤ ਸੋਸ਼ਲ ਮੀਡੀਆ 'ਤੇ ਇਕ ਪ੍ਰਸ਼ਨ-ਪੱਤਰ ਵੀ ਵਾਇਰਲ ਹੋਇਆ ਹੈ ਜਿਸ ਵਿਚ ਗ਼ਲਤੀਆਂ ਮਾਰਕਿੰਗ ਕੀਤੀਆਂ ਹੋਈਆਂ ਸਨ।

4 ਵੱਡੀਆਂ ਗਲਤੀਆਂ 

ਪੱਤਰ ਜਾਰੀ ਕਰਦਿਆਂ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਦੱਸਿਆ ਹੈ ਕਿ ਇਹ ਪ੍ਰਸ਼ਨ ਪੱਤਰ ਵਿਚ 4 ਵੱਡੀਆਂ ਊਣਤਾਈਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਮਹਿੰਦਰ ਸਿੰਘ ਕੌੜਿਆਂਵਾਲੀ ਨੇ ਆਖਿਆ ਹੈ ਕਿ ਪ੍ਰਸ਼ਨ ਪੱਤਰ ਵਾਲੇ 22 ਨੰਬਰ ਪ੍ਰਸ਼ਨ ਪੱਤਰ ਜਿਸ ਵਿਚ  ਸਥਾਨਕ ਮੁੱਲ ਅਤੇ ਅੰਕਿਤ ਮੁੱਲ ਪਤਾ ਕਰਨਾ ਸੀ ਵਿਚ ਸਿਰਫ਼ ਸਥਾਨਕ ਮੁੱਲ ਦਾ ਹੀ ਛਪ ਕੇ ਆ ਗਿਆ। ਜਨਰਲ ਸਕੱਤਰ ਪਵਨ ਕੁਮਾਰ ਨੇ ਆਖਿਆ ਕਿ  ਜੇਕਰ ਅੰਕਿਤ ਮੁੱਲ ਹੱਲ ਕਰਨ ਲਈ ਆਖਿਆ ਗਿਆ ਸੀ ਤਾਂ ਇਸ ਬਾਰੇ ਮੁਲਾਂਕਣ ਪੱਤਰ ਵਿਚ ਛਾਪਣਾ ਵੀ ਜ਼ਰੂਰੀ ਸੀ।ਅਜਿਹਾ ਹੋਣ ਨਾਲ ਵਿਦਿਆਰਥੀਆਂ ਦੇ ਅੰਕ ਕੱਟਣ ਦਾ ਖ਼ਦਸ਼ਾ ਬਣ ਸਕਦਾ ਹੈ। ਇਸੇ ਤਰ੍ਹਾਂ 23 ਨੰਬਰ ਸਵਾਲ ਜਿਸ ਵਿਚ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰਨੀ ਸੀ ਨੂੰ ਹੱਲ ਕਰਨ ਵਾਸਤੇ ਜਗ੍ਹਾ ਹੀ ਨਹੀਂ ਦਿੱਤੀ ਗਈ। ਇਸ ਵਾਰ ਕਿਉਂਕਿ ਪ੍ਰਸ਼ਨ-ਪੱਤਰ ਕਮ ਮੁਲਾਂਕਣ ਪੱਤਰ ਹੋਣ ਕਰਕੇ ਛਪੇ ਹੋਏ ਸਵਾਲਾਂ ਦੇ ਅੱਗੇ ਹੀ ਵਿਦਿਆਰਥੀਆਂ ਨੇ ਪਰਚਾ ਹੱਲ ਕਰਨਾ ਸੀ ਇਸ ਲਈ ਢੁਕਵੀ ਥਾਂ ਨਾ ਹੋਣ ਕਰਕੇ ਵਿਦਿਆਰਥੀਆਂ ਨੂੰ ਦਿੱਕਤਾਂ ਆਈਆਂ ਹਨ। ਇਸੇ ਤਰ੍ਹਾਂ ਪ੍ਰਸ਼ਨ ਦਾ 23 ਦਾ ਜਾਂ ਭਾਗ ਵਿਚ ਵੀ ਵਿਦਿਆਰਥੀਆਂ ਨੂੰ ਪ੍ਰਸ਼ਨ ਹੱਲ ਕਰਨ ਦੀ ਥਾਂ ਨਹੀਂ ਦਿੱਤੀ ਗਈ ਸੀ।

ਇਸ ਤਰ੍ਹਾਂ ਵੀ ਪਿਆ ਭੰਬਲਭੂਸਾ 

ਅਧਿਆਪਕ ਆਗੂਆਂ ਨੇ ਕਿਹਾ ਕਿ ਪ੍ਰਸ਼ਨ ਨੰਬਰ 27 ਵਿਚ ਵੀ ਇਹੀ ਸਮੱਸਿਆ ਸੀ ਜਿੱਥੇ ਵਿਦਿਆਰਥੀਆਂ ਨੂੰ 5 ਅੰਕਾਂ ਦਾ ਸਵਾਲ ਹੱਲ ਕਰਨ ਲਈ ਸਿਰਫ਼ ਦੋ ਲਾਈਨਾਂ ਹੀ ਦਿੱਤੀਆਂ ਗਈਆਂ ਸਨ। ਇਸੇ ਤਰ੍ਹਾਂ 26 ਨੰਬਰ ਪ੍ਰਸ਼ਨ ਪੱਤਰ ਵਿਚ ਦੋ ਚਿੱਤਰ ਦਿੱਤੇ ਗਏ ਹਨ ਪਰ ਉਤਰ ਦੇਣ ਲਈ ਜੋ ਢੰਗ ਵਰਤਿਆ ਗਿਆ ਹੈ ਉਹ ਭੰਬਲਭੂਸਾ ਪਾਉਣ ਵਾਲਾ ਹੈ। ਪ੍ਰਧਾਨ ਵਿਕਰਮਦੇਵ ਨੇ ਕਿਹਾ ਕਿ ਪ੍ਰਸ਼ਨ ਪੱਤਰਾਂ ਵਿਚ ਊਣਤਾਈਆਂ ਦਾ ਇਹ ਪਹਿਲਾ ਮਸਲਾ ਨਹੀਂ ਹੈ ਇਸ ਤੋਂ ਪਹਿਲਾਂ ਭਾਸ਼ਾਵਾਂ ਦੇ  ਪ੍ਰਸ਼ਨ ਪੱਤਰਾਂ ਵਿਚ ਗਲਤੀਆਂ ਦੇ ਮਸਲੇ ਆਮ ਆਏ ਸਨ।

ਇਹ ਵੀ ਪੜ੍ਹੋ