ਮਾਨ  ਸਰਕਾਰ - ਟ੍ਰੈਵਲ ਏਜੰਟਾਂ ਖਿਲਾਫ ਕਸਿਆ ਸ਼ਿਕੰਜਾ, ਰੱਦ ਹੋ ਸਕਦੇ ਹਨ 271 ਲਾਇਸੰਸ 

ਜਲੰਧਰ ਡਿਪਟੀ ਕਮਿਸ਼ਨਰ ਵੱਲੋਂ ਲਾਇਸੈਂਸ ਰੀਨਿਊ ਨਾ ਕਰਵਾਉਣ ’ਤੇ 271 ਟ੍ਰੈਵਲ ਏਜੰਟਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਐਸ.ਡੀ.ਐਮਜ਼ ਨੂੰ ਟ੍ਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਸ ਦੇ ਦਫ਼ਤਰਾਂ ’ਚ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ ਗਈ। 

Courtesy: file photo

Share:

ਅਮਰੀਕਾ ਡਿਪੋਰਟ ਮਗਰੋਂ ਪੰਜਾਬ ਅੰਦਰ ਮਾਨ ਸਰਕਾਰ ਨੇ ਟ੍ਰੈਵਲ ਏਜੰਟਾਂ ਖਿਲਾਫ ਸ਼ਿਕੰਜਾ ਹੋਰ ਕਸ ਦਿੱਤਾ ਹੈ। ਮਨੁੱਖੀ ਤਸਕਰੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ  ਜ਼ਿਲ੍ਹੇ ਦੇ 271 ਟ੍ਰੈਵਲ ਏਜੰਟਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਇਹ ਨੋਟਿਸ ਉਨ੍ਹਾਂ ਟ੍ਰੈਵਲ ਏਜੰਟਾਂ ਨੂੰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਮਿਆਦ ਪੁੱਗਣ ਤੋਂ ਬਾਅਦ ਵੀ ਆਪਣੇ ਲਾਇਸੈਂਸ ਰੀਨਿਊ ਨਹੀਂ ਕਰਵਾਏ ਗਏ।

ਐਸਡੀਐਮਜ਼ ਨੂੰ ਦਿੱਤੀਆਂ ਹਦਾਇਤਾਂ 

ਇਸਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ਼ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਟ੍ਰੈਵਲ ਏਜੰਟਾਂ, ਇਮੀਗ੍ਰੇਸ਼ਨ ਕੰਸਲਟੈਂਟਸ ਦੇ ਦਫ਼ਤਰਾਂ ਵਿੱਚ ਦਸਤਾਵੇਜ਼ਾਂ ਦੀ ਜਾਂਚ ਕਰਨ ਦੀ ਵੀ ਹਦਾਇਤ ਕੀਤੀ, ਤਾਂ ਜੋ ਕਿਸੇ ਅਣਅਧਿਕਾਰਤ ਟ੍ਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਧੋਖਾਧੜੀ ਦੀ ਸੰਭਾਵਨਾ ਨੂੰ ਰੋਕਿਆ ਜਾ ਸਕੇ। ਡਾ. ਅਗਰਵਾਲ ਨੇ ਜ਼ਿਲ੍ਹਾ ਪੁਲਿਸ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਜਦੋਂ ਵੀ ਕਿਸੇ ਟ੍ਰੈਵਲ ਏਜੰਟ ਖਿਲਾਫ਼ ਜ਼ਿਲ੍ਹੇ ਵਿੱਚ ਕੋਈ ਪਰਚਾ ਦਰਜ ਹੁੰਦਾ ਹੈ, ਤਾਂ ਉਸ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਤੁਰੰਤ ਸੂਚਿਤ ਕਰਨਾ ਯਕੀਨੀ ਬਣਾਇਆ ਜਾਵੇ।

ਰਿਕਾਰਡ ਸਹੀ ਰੱਖਣ ਦੇ ਨਿਰਦੇਸ਼ 

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਟ੍ਰੈਵਲ ਏਜੰਟਾਂ ਨੂੰ ਨਿਰਦੇਸ਼ ਦਿੱਤੇ ਕਿ ਆਪਣੇ ਦਫ਼ਤਰਾਂ ਦੇ ਰਿਕਾਰਡ ਨੂੰ ਸਹੀ ਢੰਗ ਨਾਲ ਮੇਨੇਟੇਨ ਰੱਖਿਆ ਜਾਵੇ ਅਤੇ ਕੋਈ ਵੀ ਟ੍ਰੈਵਲ ਏਜੰਟ, ਇਮੀਗ੍ਰੇਸ਼ਨ ਕੰਸਲਟੈਂਟ ਅਧੂਰੇ ਦਸਤਾਵੇਜ਼ਾਂ ਦੇ ਸਹਾਰੇ ਕੰਮ ਨਾ ਕਰੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਣਅਧਿਕਾਰਤ ਢੰਗ ਨਾਲ ਕੰਮ ਕਰਨ ਵਾਲੇ ਟ੍ਰੈਵਲ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਇਮੀਗ੍ਰੇਸ਼ਨ ਲਈ ਹਮੇਸ਼ਾ ਕਾਨੂੰਨੀ ਰਸਤੇ ਚੁਣਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਲਈ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਹੀ ਸੰਪਰਕ ਕੀਤਾ ਜਾਵੇ, ਜਿਨ੍ਹਾਂ ਸਬੰਧੀ ਸੂਚੀ ਵੈਬਸਾਈਟ www.jalandhar.nic.in ਅਤੇ www.emigrate.gov.in. ’ਤੇ ਉਪਲਬਧ ਹੈ। 

ਹੈਲਪਲਾਈਨ ਨੰਬਰ ਵੀ ਕੀਤੇ ਜਾਰੀ 

ਵਧੇਰੇ ਜਾਣਕਾਰੀ ਲਈ ਪ੍ਰੋਟੈਕਟਰ ਜਨਰਲ ਆਫ਼ ਇਮੀਗ੍ਰਾਂਟਸ ਹੈਲਪਲਾਈਨ ਨੰਬਰ 95306-41790 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ ਜਾਂ ਈਮੇਲ poechd@mea.gov.in ਦੇਖੀ ਜਾ ਸਕਦੀ ਹੈ। ਇਸ ਵੈਬਸਾਈਟ ’ਤੇ ਇਮੀਗ੍ਰੇਸ਼ਨ ਐਕਟ-1983 ਤਹਿਤ ਇਮੀਗ੍ਰੇਸ਼ਨ ਨਿਯਮਾਂ ਦੀ ਜਾਣਕਾਰੀ ਦੇ ਨਾਲ-ਨਾਲ ਇਮੀਗ੍ਰੇਸ਼ਨ ਨੂੰ ਲੈ ਕੇ ਸ਼ਿਕਾਇਤ ਅਪਲੋਡ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਜਲੰਧਰ ਵੱਲੋਂ ਵਿਦੇਸ਼ਾਂ ਵਿੱਚ ਰੋਜ਼ਗਾਰ ਦੇ ਚਾਹਵਾਨਾਂ ਲਈ ਪ੍ਰੀ-ਡਿਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਵੈਬਸਾਈਟ http://pdot.mea.gov.in ਦੇਖ ਸਕਦੇ ਹਨ। ਰਜਿਸਟ੍ਰੇਸ਼ਨ ਲਈ ਬਿਊਰੋ ਦੇ ਹੈਲਪਲਾਈਨ ਨੰਬਰ 90569-20100 ਜਾਂ ਕੰਮ ਵਾਲੇ ਦਿਨਾਂ ਵਿਚ ਬਿਊਰੋ ਦੇ ਦਫ਼ਤਰ ( ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ