ਨਸ਼ਿਆਂ ਖ਼ਿਲਾਫ ਵੱਡਾ ਐਕਸ਼ਨ ਕਰਨ ਦੀ ਤਿਆਰੀ 'ਚ ਮਾਨ ਸਰਕਾਰ

ਸੀਐਮ ਨੇ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨਾਲ ਮੀਟਿੰਗ ਕਰਕੇ ਜ਼ਰੂਰੀ ਹਦਾਇਤਾਂ ਦਿੱਤੀਆਂ। ਨਸ਼ਾ ਤਸਕਰਾਂ ਦੀ 100 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ।

Share:

ਨਸ਼ਿਆਂ ਖਿਲਾਫ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨਾਲ ਅਹਿਮ ਮੀਟਿੰਗ ਕੀਤੀ। ਸਾਰਿਆਂ ਨੂੰ ਨਸ਼ਿਆਂ ਖਿਲਾਫ ਆਰ-ਪਾਰ ਦੀ ਲੜਾਈ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ। ਨਾਲ ਹੀ ਨਸ਼ਿਆਂ 'ਤੇ ਸਖ਼ਤਾਈ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਗਿਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਅਫ਼ਸਰ ਬਿਨਾਂ ਕਿਸੇ ਦਬਾਅ ਤੋਂ ਦਲੇਰੀ ਨਾਲ ਕੰਮ ਕਰਨ ਤਾਂ ਜੋ ਸਾਢੇ 3 ਕਰੋੜ ਪੰਜਾਬੀ ਮਹਿਫੂਜ਼ ਰਹਿਣ। ਉਹਨਾਂ ਕਿਹਾ ਕਿ ਐਸਐਸਪੀ ਹਰ ਦਿਨ ਇੱਕ ਥਾਣੇ ਦੇ ਇਲਾਕੇ ਦੇ ਲੋਕਾਂ ਨੂੰ ਮਿਲਣ। ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜੇਲ੍ਹਾਂ ਵਿੱਚ ਮੋਬਾਇਲ ਪਹੁੰਚਾਉਣ ਵਾਲਿਆਂ ਤੇ ਸਖਤ ਐਕਸ਼ਨ ਲਿਆ ਜਾਵੇ। ਨਸ਼ਾ ਤਸਕਰਾਂ ਦੀ 105 ਕਰੋੜ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ। 
 
ਪਿੰਡਾਂ 'ਚ ਜਾ ਕੇ ਮਸਲੇ ਹੱਲ ਕਰਨਗੇ ਅਧਿਕਾਰੀ
 
ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਲੋਕਾਂ ਨੂੰ ਥਾਣਿਆਂ 'ਚ ਨਾ ਆਉਣਾ ਪਵੇ। ਇਸ ਕਰਕੇ ਅਫ਼ਸਰ ਖੁਦ ਪਿੰਡਾਂ 'ਚ ਜਾਣ ਅਤੇ ਲੋਕਾਂ ਦੇ ਮਸਲੇ ਹੱਲ ਕਰਨ। ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਕਦਮ ਚੁੱਕੇ ਜਾਣ। ਸੀਐਮ ਨੇ ਕਿਹਾ ਕਿ ਜਦੋਂ ਪਿੰਡਾਂ ਅੰਦਰ ਜਾ ਕੇ ਪੁਲਿਸ ਅਫ਼ਸਰ ਲੋਕਾਂ ਦੇ ਮਸਲੇ ਹੱਲ ਕਰਨਗੇ ਤਾਂ ਇਸ ਨਾਲ ਥਾਣਿਆਂ ਤੇ ਦਫ਼ਤਰਾਂ ਦਾ ਕੰਮਕਾਰ ਵੀ ਘਟੇਗਾ। 
 
ਨਜਾਇਜ ਮਾਈਨਿੰਗ ਨੂੰ ਨੱਥ ਪਾਉਣ ਲਈ ਕਿਹਾ
 
ਮੀਟਿੰਗ 'ਚ ਡੀਜੀਪੀ ਪੰਜਾਬ ਗੌਰਵ ਯਾਦਵ ਵੀ ਹਾਜ਼ਰ ਸਨ। ਸੀਐਮ ਨੇ ਡੀਜੀਪੀ ਨੂੰ ਕਿਹਾ ਕਿ ਸੂਬੇ ਅੰਦਰ ਬਿਲਕੁਲ ਵੀ ਨਜਾਇਜ ਮਾਈਨਿੰਗ ਨਹੀਂ ਹੋਣੀ ਚਾਹੀਦੀ। ਮਾਈਨਿੰਗ ਮਾਫ਼ੀਆ 'ਤੇ ਸ਼ਿਕੰਜਾ ਕਸਿਆ ਜਾਵੇ। ਕਿਸੇ ਪ੍ਰਕਾਰ ਦੀ ਕੋਈ ਢਿੱਲ ਨਾ ਵਰਤੀ ਜਾਵੇ। 
 

ਇਹ ਵੀ ਪੜ੍ਹੋ