ਮਜੀਠੀਆ ਤੋਂ ਸਾਢੇ 6 ਘੰਟੇ ਹੋਈ ਪੁੱਛਗਿੱਛ, ਬਾਹਰ ਆਉਂਦੇ ਹੀ ਫਿਰ ਭਗਵੰਤ ਮਾਨ ਖਿਲਾਫ ਭੜਾਸ 

ਸਾਬਕਾ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਉਹ ਡਰਨ ਵਾਲੇ ਨਹੀਂ। ਜ਼ੁਬਾਨ ਬੰਦ ਕਰਨੀ ਹੈ ਤਾਂ ਉਹਨਾਂ ਨੂੰ ਹੀ ਜੇਲ੍ਹ ਵਿੱਚ ਬੰਦ ਕਰਨਾ ਪਵੇਗਾ। 

Share:

ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਸੋਮਵਾਰ ਨੂੰ ਐੱਸਆਈਟੀ ਨੇ ਡਰੱਗ ਕੇਸ ਸਬੰਧੀ ਸਾਢੇ ਛੇ ਘੰਟੇ ਪੁੱਛਗਿੱਛ ਕੀਤੀ। ਮਜੀਠੀਆ ਸਵੇਰੇ ਕਰੀਬ ਸਾਢੇ 11 ਵਜੇ ਪਟਿਆਲਾ ਪੁੱਜੇ। ਡਰੱਗ ਮਾਮਲੇ ਦੀ ਜਾਂਚ ਲਈ ਗਠਿਤ ਕਮੇਟੀ ਦੇ ਮੁਖੀ ਤੇ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਦਫ਼ਤਰ ਵਿਚ ਸਵਾਲਾਂ ਦੀ ਲੰਬੀ ਸੂਚੀ ਮਜੀਠੀਆ ਸਾਹਮਣੇ ਰੱਖੀ ਗਈ। ਇਹ ਪੁੱਛਗਿੱਛ ਸ਼ਾਮ ਸਾਢੇ 6 ਵਜੇ ਤੱਕ ਚੱਲੀ ਜਿਸ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ‘ਸਿਟ’ ਦੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ।

11 ਸਾਲ ਪੁਰਾਣਾ ਕੇਸ 

ਐੱਸਆਈਟੀ ਅੱਗੇ ਪੇਸ਼ ਹੋਣ ਮਗਰੋਂ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 11 ਸਾਲ ਪੁਰਾਣੇ ਕੇਸ ਵਿਚ ਉਨ੍ਹਾਂ ਨੂੰ ਪੁਲਿਸ ਕੋਲ ਪੁੱਛਗਿੱਛ ਲਈ ਤਲਬ ਕਰ ਕੇ ਸਿਆਸੀ ਬਦਲਾਖੋਰੀ ’ਤੇ ਉੱਤਰ ਆਏ ਹਨ, ਜਦੋਂ ਕਿ ਦੋ ਸਾਲਾਂ ਵਿਚ ਸਰਕਾਰ ਕੇਸ ਵਿਚ ਅਦਾਲਤ ਵਿਚ ਚਲਾਨ ਵੀ ਪੇਸ਼ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਨ, ਇਸ ਲਈ ਉਨ੍ਹਾਂ ਐੱਸਆਈਟੀ ਅੱਗੇ ਪੇਸ਼ ਹੋਣ ਦਾ ਫ਼ੈਸਲਾ ਲਿਆ। ਮਜੀਠੀਆ ਨੇ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗੂ ਭੱਜਣ ਵਾਲੇ ਨਹੀਂ ਹਨ। ਕੇਜਰੀਵਾਲ ਤਾਂ ਇਨਫੋਰਸਮੈਂਟ ਵੱਲੋਂ ਤਲਬ ਕੀਤੇ ਜਾਣ ਮਗਰੋਂ ਭਗਵੰਤ ਮਾਨ ਦੇ ਨਾਲ ਪੰਜਾਬ ਸਰਕਾਰ ਦੇ ਹਵਾਈ ਜਹਾਜ਼ ਵਿਚ ਫ਼ਰਾਰ ਹੋ ਗਏ।

31 ਦਸੰਬਰ ਨੂੰ ਰਿਟਾਇਰ ਹੋਣਗੇ ਛੀਨਾ 

ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਏਡੀਜੀਪੀ ਛੀਨਾ ਦੀ ਵਰਤੋਂ ਨਾ ਕਰਨ ਕਿਉਂਕਿ ਉਨ੍ਹਾਂ ਨੇ 31 ਦਸੰਬਰ ਨੂੰ ਸੇਵਾਮੁਕਤ ਹੋ ਜਾਣਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਖੁਦ ਐੱਸਆਈਟੀ ਦੇ ਮੁਖੀ ਦਾ ਰੋਲ ਸੰਭਾਲਣਾ ਚਾਹੀਦਾ ਹੈ ਤੇ ਅਗਲੀ ਮੀਟਿੰਗ ਆਪਣੀ ਸਰਕਾਰੀ ਰਿਹਾਇਸ਼ ’ਤੇ ਰੱਖਣੀ ਚਾਹੀਦੀ ਹੈ ਤਾਂ ਜੋ ਸਾਰੇ ਸ਼ਹਿਰ ਨੂੰ ਛਾਉਣੀ ਵਿਚ ਬਦਲਣ ਜਿਵੇਂ ਕਿ ਅੱਜ ਕੀਤਾ ਗਿਆ, ਨਾਲ ਆਮ ਲੋਕਾਂ ਨੂੰ ਹੁੰਦੀ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ।

 

ਇਹ ਵੀ ਪੜ੍ਹੋ