Ludhiana: ਚਿੱਟੇ ਦਿਨ ਮਨੀ ਟਰਾਂਸਫਰ ਕਾਰੋਬਾਰੀ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਿਆ, 70 ਹਜ਼ਾਰ ਰੁਪਏ ਲੈ ਕੇ ਹੋਏ ਫਰਾਰ

ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਉਹੀ ਲੁਟੇਰੇ ਹੋ ਸਕਦੇ ਹਨ ਜੋ ਕਰੀਬ 25 ਦਿਨ ਪਹਿਲਾਂ ਚੰਡੀਗੜ੍ਹ ਰੋਡ 'ਤੇ ਇਕ ਸੁਨਿਆਰੇ ਦੀ ਦੁਕਾਨ ਤੋਂ ਮੁੰਦਰੀ ਲੈ ਕੇ ਭੱਜ ਗਏ ਸਨ। ਫਿਲਹਾਲ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

Share:

Crime News: ਲੁਧਿਆਣਾ ਵਿੱਚ ਸੋਮਵਾਰ ਨੂੰ ਮਨੀ ਟਰਾਂਸਫਰ ਕਾਰੋਬਾਰੀ ਨੂੰ ਪਿਸਤੌਲ ਦੀ ਨੋਕ ’ਤੇ ਲੁੱਟਣ ਦੀ ਵਾਰਦਾਤ ਸਾਹਮਣੇ ਆਈ ਹੈ। ਵਾਰਦਾਤ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਅੰਜਾਮ ਦਿੱਤਾ। ਹੁਣ ਤੱਕ ਕਰੀਬ 60 ਤੋਂ 70 ਹਜ਼ਾਰ ਰੁਪਏ ਦੀ ਲੁੱਟ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੇ ਗਏ ਹਨ। ਸੀਸੀਟੀਵੀ ਕਲਿੱਪਾਂ ਦੇ ਆਧਾਰ ’ਤੇ ਲੁਟੇਰਿਆਂ ਦੀ ਪਹਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਤਾਂ ਉੱਥੇ ਕੁਝ ਗਾਹਕ ਵੀ ਮੌਜੂਦ ਸਨ। ਲੁਟੇਰਿਆਂ ਨੇ ਦੁਕਾਨਦਾਰ ਨੂੰ ਨਕਦੀ ਕੱਢਣ ਲਈ ਕਿਹਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਵੱਲ ਪਿਸਤੌਲ ਤਾਣ ਦਿੱਤੀ ਗਈ।

ਗੋਲੀ ਮਾਰਨ ਦੀ ਵੀ ਦਿੱਤੀ ਧਮਕੀ

ਮੱਕੜ ਕਲੋਨੀ ਗਿਆਸਪੁਰਾ ਦੇ ਰਹਿਣ ਵਾਲੇ ਵਿਕਾਸ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਉਹ ਦੁਕਾਨ ਤੇ ਆਇਆ ਸੀ। ਪਿੰਡ ਵਿੱਚ ਪੈਸੇ ਭੇਜਣ ਲਈ ਉਸ ਦੇ ਕੋਲ ਕੁਝ ਗਾਹਕ ਖੜ੍ਹੇ ਸਨ। ਇਸ ਦੌਰਾਨ ਦੋ ਲੁਟੇਰੇ ਆਏ ਅਤੇ ਉਨ੍ਹਾਂ ਨੇ ਪਿਸਤੌਲ ਤਾਣ ਦਿੱਤੀ। ਲੁਟੇਰਿਆਂ ਨੇ ਉਸ ਨੂੰ ਧੱਕਾ ਦਿੱਤਾ ਅਤੇ ਦੁਕਾਨ ਦੇ ਗੱਲੇ 'ਚੋਂ 70 ਹਜ਼ਾਰ ਰੁਪਏ ਕੱਢ ਲਏ। ਉਸਨੇ ਲੁਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਉਸਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਵਿਕਾਸ ਅਨੁਸਾਰ ਉਸ ਨੇ ਲੁਟੇਰਿਆਂ ਦੇ ਚਲੇ ਜਾਣ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ। ਗਿਆਸਪੁਰਾ ਚੌਕੀ ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਚੌਕੀ ਇੰਚਾਰਜ ਧਰਮਿੰਦਰ ਸਿੰਘ ਨੇ ਦੱਸਿਆ ਕਿ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਦੁਕਾਨਦਾਰ ਵਿਕਾਸ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

ਸੀਆਈਏ-3 ਪੁਲਿਸ ਨੇ ਵੀ ਜਾਂਚ ਕੀਤੀ ਸ਼ੁਰੂ

ਉਧਰ, ਸੀਆਈਏ-3 ਪੁਲਿਸ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਆਈਏ-3 ਦੇ ਇੰਚਾਰਜ ਅਵਤਾਰ ਸਿੰਘ ਵੀ ਮੌਕੇ ’ਤੇ ਪੁੱਜੇ। ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਉਹੀ ਲੁਟੇਰੇ ਹੋ ਸਕਦੇ ਹਨ ਜੋ ਕਰੀਬ 25 ਦਿਨ ਪਹਿਲਾਂ ਚੰਡੀਗੜ੍ਹ ਰੋਡ 'ਤੇ ਇਕ ਸੁਨਿਆਰੇ ਦੀ ਦੁਕਾਨ ਤੋਂ ਮੁੰਦਰੀ ਲੈ ਕੇ ਭੱਜ ਗਏ ਸਨ। ਫਿਲਹਾਲ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ