Ludhiana : ਰੇਤ ਮਾਫ਼ੀਆ ਨਾਲ ਯਾਰੀ, SHO ਨੂੰ ਪਈ ਭਾਰੀ, SSP ਨੇ ਕੀਤਾ ਮੁਅੱਤਲ 

ਨਵਜੋਤ ਸਿੱਧੂ ਦੀ ਪਟੀਸ਼ਨ ਉਪਰ ਸੁਣਵਾਈ ਮਗਰੋਂ ਦੂਜੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਹੁਣ ਰੇਤ ਮਾਫ਼ੀਆ ਦੇ ਨਾਲ ਨਾਲ ਇਹਨਾਂ ਦਾ ਸਾਥ ਦੇਣ ਵਾਲੇ ਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀ ਤੇ ਕਰਮਚਾਰੀ ਵੀ ਨਿਸ਼ਾਨੇ 'ਤੇ ਹਨ। 

Share:

ਹਾਈਲਾਈਟਸ

  • ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਸਸਪੈਂਡ ਕਰ ਦਿੱਤਾ।
  • ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ 'ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ

ਪੰਜਾਬ ਨਿਊਜ਼। ਪੰਜਾਬ ਅੰਦਰ ਨਜਾਇਜ ਮਾਈਨਿੰਗ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਐਨਜੀਟੀ 'ਚ ਦਾਇਰ ਕੀਤੀ ਪਟੀਸ਼ਨ ਮਗਰੋਂ ਰੇਤ ਮਾਫ਼ੀਆ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਬੀਤੇ ਦਿਨੀਂ ਰੋਪੜ 'ਚ 13 ਕਰੱਸ਼ਰ ਮਾਲਕਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ ਤਾਂ ਹੁਣ ਲੁਧਿਆਣਾ 'ਚ ਇੱਕ ਐਸਐਚਓ ਨੂੰ ਰੇਤ ਮਾਫ਼ੀਆ ਦਾ ਸਾਥ ਦੇਣ ਦੇ ਦੋਸ਼ ਹੇਠ ਮੁਅੱਤਲ (Suspend) ਕਰ ਦਿੱਤਾ ਗਿਆ। ਦੋਸ਼ ਹੈ ਕਿ ਸਤਲੁਜ ਦਰਿਆ ਕੰਢਿਓਂ ਧੜਾਧੜ ਨਾਜਾਇਜ਼ ਮਾਈਨਿੰਗ ਕਰਦਿਆਂ ਭਰੇ ਗਏ ਕਈ ਟਿੱਪਰਾਂ ਨੂੰ ਫੜ ਕੇ ਪੁਲਿਸ ਥਾਣੇ ਲਿਆਉਣ ਤੋਂ ਬਾਅਦ ਛੱਡ ਦਿੱਤਾ ਗਿਆ ਸੀ। 

ਰੇਤ ਮਾਫ਼ੀਆ ਨਾਲ ਮਿਲੀਭਗਤ ਦਾ ਦੋਸ਼ 

ਪਿਛਲੇ ਦਿਨੀਂ ਸਤਲੁਜ ਦਰਿਆ ਕੰਢਿਓਂ ਰੇਤੇ ਦੇ ਭਰੇ ਟਿੱਪਰਾਂ ਨੂੰ ਫੜਕੇ ਥਾਣੇ ਲਿਆਉਣ ਅਤੇ ਬਾਅਦ ਵਿਚ ਮਿਲੀਭਗਤ ਕਰਕੇ ਇਨ੍ਹਾਂ ਟਿੱਪਰਾਂ ਨੂੰ ਛੱਡ ਦੇਣ ਦਾ ਮਾਮਲਾ ਕਾਫੀ ਭਖ ਗਿਆ ਸੀ। ਇਸ ਮਾਮਲੇ ਦੀ ਸੂਚਨਾ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਮਿਲੀ ਸੀ। ਜਿਸ ’ਤੇ ਬੀਤੀ ਰਾਤ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਕਾਰਵਾਈ ਕਰਦਿਆਂ ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੂੰ ਸਸਪੈਂਡ ਕਰ ਦਿੱਤਾ। ਹਾਲਾਂਕਿ ਐੱਸਐੱਸਪੀ ਬੈਂਸ ਦਾ ਕਹਿਣਾ ਹੈ ਕਿ ਥਾਣਾ ਮੁਖੀ ਖ਼ਿਲਾਫ਼ ਰੇਤੇ ਨੂੰ ਲੈ ਕੇ ਸ਼ਿਕਾਇਤ ਤੋਂ ਇਲਾਵਾ ਹੋਰ ਕਈ ਮਾਮਲਿਆਂ ਵਿੱਚ ਮਿਲੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਪ੍ਰਬੰਧਕੀ ਆਧਾਰ ’ਤੇ ਕਾਰਵਾਈ ਕਰਦੇ ਹੋਏ ਸਸਪੈਂਡ ਕੀਤਾ ਗਿਆ।

NGT ਨੇ ਮੰਗਿਆ ਹੈ ਪੰਜਾਬ ਸਰਕਾਰ ਤੋਂ ਜਵਾਬ 

ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਵੱਲੋਂ NGT 'ਚ ਦਾਇਰ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਹੋਈ ਸੀ। ਇਸ ਦੌਰਾਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ। NGT ਨੇ ਸਰਕਾਰ ਤੋਂ 11 ਮਾਰਚ ਤੱਕ ਜਵਾਬ ਮੰਗਿਆ ਹੈ। ਇਸਦੇ ਨਾਲ ਹੀ ਟ੍ਰਿਬਿਊਨਲ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੇ ਖੇਤਰਾਂ ਵਿੱਚ ਮਾਈਨਿੰਗ ਨਾਲ ਸਬੰਧਤ ਰਿਪੋਰਟ ਤਲਬ ਕੀਤੀ ਹੈ। ਪਟੀਸ਼ਨ 'ਚ ਸਿੱਧੂ ਨੇ ਪੰਜਾਬ ਸਰਕਾਰ 'ਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ 'ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ ਅਤੇ ਗੈਰ-ਕਾਨੂੰਨੀ ਮਾਈਨਿੰਗ 'ਤੇ ਤੁਰੰਤ ਪ੍ਰਭਾਵ ਤੋਂ ਰੋਕ ਲਗਾਉਣ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ