ਲੁਧਿਆਣਾ ਸਿਵਲ ਸਰਜਨ ਦਾ ਵੱਡਾ ਐਕਸ਼ਨ, ਡਾਕਟਰ ਨੂੰ 50 ਲੱਖ ਰੁਪਏ ਦਾ ਜੁਰਮਾਨਾ ਠੋਕਿਆ 

ਥੋੜ੍ਹੇ ਦਿਨ ਪਹਿਲਾਂ ਹੀ ਚਾਰਜ ਸੰਭਾਲਣ ਵਾਲੇ ਸਿਵਲ ਸਰਜਨ ਦੀ ਇਹ ਦੂਜੀ ਵੱਡੀ ਕਾਰਵਾਈ ਹੈ। ਇਸਤੋਂ ਪਹਿਲਾਂ ਓਵਰਚਾਰਜਿੰਗ 'ਤੇ ਠੇਕੇਦਾਰ ਨੂੰ 5 ਲੱਖ ਰੁਪਏ ਜੁਰਮਾਨਾ ਕਰਕੇ ਸੁਰਖੀਆਂ 'ਚ ਆਏ ਸੀ। 

Share:

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਡਾ: ਜਸਬੀਰ ਸਿੰਘ ਔਲਖ ਨੇ ਸੰਨ 2018 ਤੋਂ ਗੈਰਹਾਜ਼ਰ ਚੱਲ ਰਹੇ ਡਾਕਟਰ ਨੂੰ 50 ਲੱਖ ਰੁਪਏ ਦਾ ਮੁਚੱਲਕਾ ਭਰਨ ਦੇ ਹੁਕਮ ਦਿੱਤੇ। ਹਾਲਾਂਕਿ ਸਬੰਧਤ ਡਾਕਟਰ ਨੇ 30 ਲੱਖ ਰੁਪਏ ਅਦਾ ਕਰ ਦਿੱਤੇ ਹਨ। ਪ੍ਰੰਤੂ, ਸਿਵਲ ਸਰਜਨ ਦੇ ਸਖ਼ਤ ਐਕਸਨ ਦੀ ਸ਼ਲਾਘਾ ਹੋ ਰਹੀ ਹੈ। ਸਿਵਲ ਸਰਜਨ ਦਾ ਚਾਰਜ ਸੰਭਾਲਣ ਤੋਂ ਬਾਅਦ ਡਾ: ਜਸਬੀਰ ਸਿੰਘ ਔਲਖ ਦੀ ਇਹ ਦੂਜੀ ਵੱਡੀ ਕਾਰਵਾਈ ਹੈ। ਇਸਤੋਂ ਪਹਿਲਾਂ ਸਿਵਲ ਸਰਜਨ ਜਸਬੀਰ ਸਿੰਘ ਨੇ ਸਿਵਲ ਹਸਪਤਾਲ ਵਿਖੇ ਪਾਰਕਿੰਗ ਦਾ ਠੇਕਾ ਚਲਾ ਰਹੇ ਠੇਕੇਦਾਰ ਨੂੰ ਓਵਰਚਾਰਜ ਕਰਨ 'ਤੇ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਸੀ।

ਡਾਕਟਰ ਨੇ ਕੀਤੀ ਨਿਯਮਾਂ ਦੀ ਉਲੰਘਣਾ 

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਜਦੋਂ ਕੋਈ ਵੀ ਸਰਕਾਰੀ ਡਾਕਟਰ ਸਰਕਾਰੀ ਪੱਧਰ 'ਤੇ ਐਮ.ਡੀ ਕਰਨ ਜਾਂਦਾ ਹੈ ਤਾਂ ਉਸਨੂੰ 10 ਸਾਲ ਤੱਕ ਸਿਹਤ ਵਿਭਾਗ ਵਿੱਚ ਨੌਕਰੀ ਕਰਨੀ ਪੈਂਦੀ ਹੈ ਜਾਂ ਬਾਂਡ ਦੇ ਰੂਪ ਵਿੱਚ 50 ਲੱਖ ਰੁਪਏ ਦੀ ਰਕਮ ਅਦਾ ਕਰਨੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਡਾਕਟਰ ਸਾਲ 2014 ਵਿੱਚ ਸਰਕਾਰੀ ਕੋਟੇ ਤਹਿਤ ਐਮਐਸ (ਆਰਥੋ) ਕਰਨ ਲਈ ਸੀਐਚਸੀ ਮਮਦੋਟ ਗਿਆ ਸੀ। ਇਸ ਦੌਰਾਨ ਉਹ 7 ਜੁਲਾਈ 2017 ਨੂੰ ਸੀ.ਐਚ.ਸੀ ਡੇਹਲੋਂ ਵਿਖੇ ਤਾਇਨਾਤ ਰਿਹਾ। ਉਸਨੇ ਸਰਕਾਰ ਨੂੰ ਬਾਂਡ ਦਿੱਤਾ ਸੀ ਕਿ ਉਹ 10 ਸਾਲ ਤੱਕ ਸਿਹਤ ਵਿਭਾਗ ਵਿੱਚ ਨੌਕਰੀ ਕਰੇਗਾ। ਜੇਕਰ ਉਹ ਨੌਕਰੀ ਪੂਰੀ ਨਹੀਂ ਕਰਦਾ ਤਾਂ ਨੌਕਰੀ ਛੱਡਣ ਤੋਂ ਪਹਿਲਾਂ 50 ਲੱਖ ਰੁਪਏ ਦੇਣੇ ਪੈਣਗੇ। ਪਰ 12 ਮਾਰਚ 2018 ਤੋਂ ਬਾਅਦ ਡਾਕਟਰ ਬਿਨਾਂ ਕੋਈ ਕਾਰਨ ਦੱਸੇ ਗੈਰਹਾਜ਼ਰ ਹੋ ਗਿਆ। ਹੁਣ ਸਬੰਧਤ ਡਾਕਟਰ ਨੂੰ ਦੁਬਾਰਾ ਨੌਕਰੀ ਜੁਆਇਨ ਕਰਨ ਲਈ ਕਿਹਾ ਗਿਆ ਪਰ ਉਹ ਦੁਬਾਰਾ ਡਿਊਟੀ ਜੁਆਇਨ ਕਰਨ ਦੀ ਬਜਾਏ ਗੈਰਹਾਜ਼ਰ ਰਿਹਾ। ਇਸ ਸਬੰਧੀ ਕਾਰਵਾਈ ਕਰਦਿਆਂ ਸਬੰਧਤ ਡਾਕਟਰ ਨੂੰ ਨੌਕਰੀ ਜੁਆਇਨ ਕਰਨ ਜਾਂ ਬਾਂਡ ਦੇ ਪੈਸੇ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ। ਡਾਕਟਰ ਵੱਲੋਂ 30 ਲੱਖ ਰੁਪਏ ਦੀ ਚਲਾਨ ਦੀ ਰਕਮ ਸੀਨੀਅਰ ਮੈਡੀਕਲ ਅਫ਼ਸਰ ਸੀਐਚਸੀ ਡੇਹਲੋਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਈ ਗਈ ਹੈ। 20 ਲੱਖ ਰੁਪਏ ਦੀ ਬਕਾਇਆ ਰਾਸ਼ੀ ਜਲਦੀ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ

Tags :