ਫਰੀਦਕੋਟ ਦੇਖਿਆ ਗਿਆ ਚੀਤਾ, ਲੋਕਾਂ 'ਚ ਦਹਿਸ਼ਤ 

ਜਿਵੇਂ ਹੀ ਇੱਕ ਪਿੰਡ ਅੰਦਰ ਜੰਗਲੀ ਜਾਨਵਰ ਦੀ ਖ਼ਬਰ ਫੈਲੀ ਤਾਂ ਲੋਕ ਡਰ ਗਏ। ਪੂਰੇ ਪਿੰਡ ਅੰਦਰ ਮੁਨਾਦੀ ਕਰਾਈ ਗਈ। ਨਾਲ ਹੀ ਪੁਲਿਸ ਤੇ ਜੰਗਲਾਤ ਮਹਿਕਮੇ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ।  

Share:

ਫਰੀਦਕੋਟ ਦੇ ਪਿੰਡ ਬੀੜ ਸਿੱਖਾਂਵਾਲਾ ਦੇ ਰਿਹਾਇਸ਼ੀ ਇਲਾਕੇ ਵਿੱਚ ਚੀਤਾ ਦੇਖਿਆ ਗਿਆ। ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਚੀਤੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ  ਅਤੇ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਤੇ ਪੁਲਿਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਪਿੰਡ ਦੇ ਲੋਕਾਂ ਨੇ ਚੀਤੇ ਵਰਗਾ ਜਾਨਵਰ ਦੇਖਿਆ, ਜਿਸਤੋਂ ਬਾਅਦ ਜਦੋਂ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉੱਥੇ ਚੀਤੇ ਦੀ ਮੌਜੂਦਗੀ ਦਾ ਸ਼ੱਕ ਹੋਇਆ। ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ ਗਈ।  ਡੀਐੱਸਪੀ ਕੋਟਕਪੁਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਪੁਲਿਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਜਾਨਵਰ ਦੇ ਪੈਰਾਂ ਦੇ ਨਿਸ਼ਾਨਾਂ ਦੀ ਜਾਂਚ ਕਰਨ ਤੋਂ ਬਾਅਦ ਚੀਤੇ ਦੇ ਹੋਣ ਦੀ ਸੰਭਾਵਨਾ ਜਾਪਦੀ ਹੈ।  

ਪ੍ਰਸ਼ਾਸਨ ਦੀ ਲੋਕਾਂ ਨੂੰ ਅਪੀਲ

ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਨੇ ਜੰਗਲਾਤ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਰਾਤ ਸਮੇਂ ਪੈਦਲ ਜਾਂ ਦੋਪਹੀਆ ਵਾਹਨਾਂ 'ਤੇ ਬਾਹਰ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਵਣ ਗਾਰਡ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਤੋਂ ਚੀਤੇ ਦੇ ਆਉਣ ਦੀ ਸੂਚਨਾ ਮਿਲੀ ਸੀ, ਜਿਸਤੋਂ ਬਾਅਦ ਉਨ੍ਹਾਂ ਦੀ ਟੀਮ ਜਾਂਚ ਕਰ ਰਹੀ ਹੈ। ਹਾਲਾਂਕਿ ਮੁੱਢਲੀ ਜਾਂਚ ਤੋਂ ਇਹ ਚੀਤਾ ਹੋਣ ਦੀ ਸੰਭਾਵਨਾ ਜਾਪਦੀ ਹੈ। ਵਿਭਾਗ ਲਈ ਲੋਕ ਤੇ ਜਾਨਵਰ ਦੋਵਾਂ ਦੀ ਰੱਖਿਆ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ