ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਕਾਲੀ ਸ਼ੂਟਰ ਨੂੰ 2 ਸਾਲ ਦੀ ਸਜ਼ਾ

ਸਾਲ 2015 'ਚ ਲਾਰੈਂਸ ਨੂੰ ਪੁਲਿਸ ਦੀ ਹਿਰਾਸਤ ਚੋਂ ਭਜਾਇਆ ਸੀ। ਪੁਲਿਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਅਦਾਲਤ ਨੇ ਸਜ਼ਾ ਦੇ ਨਾਲ ਨਾਲ ਜੁਰਮਾਨਾ ਵੀ ਕੀਤਾ। 

Share:

ਹਾਈਲਾਈਟਸ

  • ਕਾਲੀ ਸ਼ੂਟਰ
  • ਵੀਡਿਓ ਕਾਨਫ਼ਰਸਿੰਗ

ਮੁਹਾਲੀ ਦੀ ਇੱਕ ਅਦਾਲਤ ਨੇ ਲਾਰੈਂਸ ਬਿਸ਼ਨੋਈ ਦੇ ਸਾਥੀ ਕਾਲੀ ਸ਼ੂਟਰ  ਨੂੰ ਦੋ ਸਾਲ ਕੈਦ ਤੇ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ। ਰਵਿੰਦਰ ਸਿੰਘ ਉਰਫ਼ ਕਾਲੀ ਇਸ ਵੇਲੇ ਰੋਪੜ ਜੇਲ੍ਹ ਵਿਚ ਬੰਦ ਹੈ। ਉਸਨੇ  ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸਾਲ 2015 ਦੌਰਾਨ ਪੁਲਿਸ ਹਿਰਾਸਤ 'ਚੋਂ ਭਜਾਇਆ ਸੀ। ਪਿਛਲੀਆਂ ਤਿੰਨ ਸੁਣਵਾਈਆਂ ਦੌਰਾਨ ਪੁਲਿਸ ਕਾਲੀ ਸ਼ੂਟਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਨ ਵਿੱਚ ਅਸਫਲ ਰਹੀ ਸੀ ਜਿਸ ਕਰਕੇ ਸੋਹਾਣਾ ਦੇ ਐੱਸਐੱਚਓ ਨੇ ਇੱਕ ਲਿਖਤੀ ਹਲਫ਼ਨਾਮੇ ਵਿੱਚ ਅਦਾਲਤ ਨੂੰ 7 ਦਸੰਬਰ ਨੂੰ ਪੇਸ਼ ਕਰਨ ਦਾ ਭਰੋਸਾ ਦਿੱਤਾ ਸੀ। ਕਾਲੀ ਹੁਣ ਤੱਕ ਵੀਡਿਓ ਕਾਨਫ਼ਰਸਿੰਗ ਰਾਹੀਂ ਹੀ ਪੇਸ਼ੀ ਭੁਗਤਦਾ ਰਿਹਾ ਸੀ ਜਿਸ ਕਰਕੇ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਕੇਸ ਆਪਣੇ ਅੰਤਿਮ ਪੜਾਅ ’ਤੇ ਹੋਣ ਕਰਕੇ ਦੋਸ਼ੀ ਦੀ ਅਦਾਲਤ ਵਿਚ ਹਾਜ਼ਰੀ ਜ਼ਰੂਰੀ ਹੈ।

ਢਾਬੇ ਉਪਰ ਖਾਣਾ ਖਾਣ ਰੁਕੀ ਸੀ ਪੁਲਿਸ 

ਸਾਲ 2015 ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਨ ਵੇਲੇ ਪੁਲਿਸ ਪਾਰਟੀ ਪਿੰਡ ਮਾਣਕਪੁਰ ਨੇੜੇ ਇੱਕ ਢਾਬੇ ’ਤੇ ਖਾਣਾ ਖਾਣ ਲਈ ਰੁਕੀ ਸੀ। ਇਸ ਦੌਰਾਨ ਲਾਰੈਂਸ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਉਥੋਂ ਫਰਾਰ ਹੋ ਗਿਆ ਸੀ। ਇਸ ਮਾਮਲੇ ਵਿੱਚ ਕਾਲੀ ਸ਼ੂਟਰ ਖਿਲਾਫ ਆਈਪੀਸੀ ਦੀ ਧਾਰਾ 307, 332 ਅਤੇ 225 ਤਹਿਤ ਲਾਰੈਂਸ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਅਤੇ ਪੁਲਿਸ ਮੁਲਾਜ਼ਮਾਂ ’ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਕੇਸ ਦੀ ਸੁਣਵਾਈ ਦੌਰਾਨ ਦੋਵਾਂ ਧਿਰਾਂ ਨੇ ਆਪੋ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਜਿਸ ਵਿੱਚ ਇਸਤਗਾਸਾ ਪੱਖ ਕਿਤੇ ਵੀ ਇਹ ਸਾਬਤ ਨਹੀਂ ਕਰ ਸਕਿਆ ਕਿ ਪੁਲਿਸ ਵੱਲੋਂ ਕਤਲ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਲਈ ਅਦਾਲਤ ਨੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਕਾਲੀ ਸ਼ੂਟਰ ਨੂੰ ਬਰੀ ਕਰ ਦਿੱਤਾ। ਜਦੋਂਕਿ ਲਾਰੈਂਸ ਨੂੰ ਪੁਲਿਸ ਹਿਰਾਸਤ ’ਚੋਂ ਫਰਾਰ ਕਰਨ ਦੇ ਮਾਮਲੇ ’ਚ ਦੋ ਸਾਲ ਦੀ ਕੈਦ ਅਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ। 

ਇਹ ਵੀ ਪੜ੍ਹੋ