ਕੇਜਰੀਵਾਲ ਅਤੇ ਭਗਵੰਤ ਮਾਨ 2 ਦਿਸੰਬਰ ਨੂੰ ਕਰਨਗੇ ਗੁਰਦਾਸਪੁਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਦਾ ਉਦਘਾਟਨ

ਗੁਰਦਾਸਪੁਰ- ਮੁਕੇਰੀਆਂ ਰੋਡ ਤੇ ਸਥਿਤ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ ਸੱਤ ਵਿਖੇ ਕੀਤਾ ਗਿਆ ਤਿਆਰ, ਕੇਜਰੀਵਾਲ ਜਨਤਕ ਰੈਲੀ ਨੂੰ ਵੀ ਕਰਨਗੇ ਸੰਬੋਧਨ, ਟਰਮੀਨਲ ਵਿੱਚ ਜਿੱਥੇ ਈ-ਰਿਕਸ਼ਿਆਂ ਵਾਸਤੇ ਵੱਖਰੇ ਟਰਮੀਨਲ ਤਿਆਰ ਕੀਤਾ ਜਾਵੇਗਾ ਉੱਥੇ ਆਮ ਲੋਕਾਂ ਲਈ ਕਾਰ ਅਤੇ ਮੋਟਰਸਾਈਕਲ ਪਾਰਕਿੰਗ ਦੀ ਸਹੂਲਤ ਵੀ ਹੋਵੇਗੀ

Share:

ਹਾਈਲਾਈਟਸ

  • ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੀਆਂ ਲਈ ਪਹਿਲੀ ਮੰਜਿਲ ਤੇ ਸੱਤ ਕਮਰੇ ਬਣਾਏ ਗਏ

ਗੁਰਦਾਸਪੁਰ- ਮੁਕੇਰੀਆਂ ਰੋਡ ਤੇ ਸਥਿਤ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ ਸੱਤ ਵਿਖੇ ਬਣਾਏ ਗਏ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਦਾ ਕੰਮ ਮੁਕੰਮਲ ਹੋ ਗਿਆ ਹੈ। ਪਹਿਲਾਂ ਇਸ ਖੂਬਸੂਰਤ ਬੱਸ ਟਰਮੀਨਲ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 26 ਨਵੰਬਰ ਨੂੰ ਇੱਕ ਰਾਜ ਪੱਧਰੀ ਸਮਾਗਮ ਦੌਰਾਨ ਕਰਨਾ ਸੀ ਪਰ ਕਿਸੇ ਕਾਰਨਾਂ ਕਰਕੇ ਇਸ ਨੂੰ ਅੱਗੇ ਪਾ ਦਿੱਤਾ ਗਿਆ ਸੀ। ਹੁਣ ਮਾਨ ਅਤੇ ਕੇਜਰੀਵਾਲ 2 ਦਸੰਬਰ ਨੂੰ ਇਸ ਦਾ ਉਦਘਾਟਨ ਕਰਨਗੇ। ਇਸ ਦੌਰਾਨ ਕੇਜਰੀਵਾਲ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਹ ਜਾਣਕਾਰੀ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਦਿੱਤੀ।

14.50 ਕਰੋੜ ਰੁਪਏ ਨਾਲ ਹੋਇਆ ਨਿਰਮਾਣ

ਚੇਅਰਮੈਨ ਸ਼ਰਮਾ ਨੇ ਦੱਸਿਆ ਕਿ ਉਕਤ ਬੱਸ ਅੱਡਾ 14.50 ਕਰੋੜ ਰੁਪਏ ਨਾਲ ਬਣਾਇਆ ਗਿਆ ਹੈ। ਇਹ ਬੱਸ ਸਟੈਂਡ 6 ਏਕੜ ਰਕਬੇ ਵਿੱਚ ਤਿਆਰ ਕੀਤਾ ਗਿਆ ਹੈ ਜਦੋਂ ਕੀ ਪੁਰਾਣਾ ਬੱਸ ਸਟੈਂਡ ਮਹਿਜ਼ ਇੱਕਸ ਏਕੜ ਰਕਬੇ ਵਿੱਚ ਹੀ ਚੱਲ ਰਿਹਾ ਸੀ। ਰਾਜੀਵ ਸ਼ਰਮਾ ਨੇ ਹੋਰ ਦੱਸਿਆ ਕਿ ਨਵੇਂ ਬੱਸ ਟਰਮੀਨਲ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ ਟਰਮੀਨਲ ਰੱਖਿਆ ਗਿਆ ਹੈ। ਜਿਸ ਵਿੱਚ ਕਈ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੂਰਾ ਬੱਸ ਟਰਮੀਨਲ ਸੀਸੀਟੀਵੀ ਕੈਮਰਿਆਂ ਨਾਲ ਕਵਰ ਕੀਤਾ ਗਿਆ ਹੈ। 

40 ਸੀਸੀਟੀਵੀ ਕੈਮਰੇ ਲਗਾਏ

ਬੱਸ ਟਰਮੀਨਲ ਦੇ ਚਾਰੋਂ ਪਾਸੇ 40 ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਉਦਘਾਟਨ ਦੇ ਨਾਲ ਹੀ ਪੁਰਾਣਾ ਬੱਸ ਟਰਮੀਨਲ ਇਸ ਨਵੇਂ ਟਰਮੀਨਲ ਵਿਖੇ ਸ਼ਿਫਟ ਹੋ ਜਾਵੇਗਾ ਅਤੇ ਸਾਰੀਆਂ ਬੱਸਾਂ ਇੱਥੋਂ ਹੀ ਚੱਲਣਗੀਆਂ।ਵੱਖ-ਵੱਖ ਰੂਟਾਂ ਲਈ 24 ਕਾਉਂਟਰ ਸਥਾਪਿਤ ਕੀਤੇ ਗਏ ਹਨ। ਜਿਨ੍ਹਾਂ ਰੂਟਾਂ ਤੇ ਬੱਸਾਂ ਚੱਲ ਰਹੀਆਂ ਹਨ ਉਹ ਤਾਂ ਚੱਲਣਗੀਆਂ ਹੀ ਇਸਦੇ ਨਾਲ ਦਿੱਲੀ ਨੂੰ ਜਾਣ ਵਾਲੀ ਇੱਕ ਸਪੈਸ਼ਲ ਬੱਸ ਦੀ ਵੀ ਵਿਵਸਥਾ ਕੀਤੀ ਜਾ ਰਹੀ ਹੈ। ਇਹ ਬੱਸ ਬਟਾਲਾ ਤੋਂ ਚੱਲੇਗੀ ਅਤੇ ਗੁਰਦਾਸਪੁਰ ਤੋਂ ਹੁੰਦੇ ਹੋਏ ਦਿੱਲੀ ਰਵਾਨਾ ਹੋਵੇਗੀ। ਇਸ ਤੋਂ ਇਲਾਵਾ ਬੱਸ ਟਰਮੀਨਲ ਦੀ ਆਮਦਨ ਲਈ ਬੱਸ ਟਰਮੀਨਲ ਵਿੱਚ ਇਸ਼ਤਿਹਾਰਾਂ ਲਈ ਯੂਨੀਪੋਲ ਵੀ ਲਗਾਏ ਜਾਣਗੇ। 

500 ਰੁਪਏ ਦੇ ਕਿਰਾਏ 'ਤੇ ਮਿਲੇਗਾ ਕਮਰਾ

ਉਨ੍ਹਾਂ ਦੱਸਿਆ ਕਿ ਬੱਸ ਟਰਮੀਨਲ ਵਿੱਚ ਦੂਰ-ਦੁਰਾਡੇ ਤੋਂ ਆਉਣ ਵਾਲੇ ਯਾਤਰੀਆਂ ਲਈ ਪਹਿਲੀ ਮੰਜਿਲ ਤੇ ਸੱਤ ਕਮਰੇ ਵੀ ਬਣਾਏ ਗਏ ਹਨ ਜਿਨ੍ਹਾਂ ਵਿੱਚ ਅਟੈਚਡ ਬਾਥਰੂਮ ਵੀ ਉਪਲਬਧ ਹੋਣਗੇ। ਇਹ ਕਮਰੇ ਯਾਤਰੀਆਂ ਨੂੰ ਸਿਰਫ਼ 500 ਰੁਪਏ ਦੇ ਕਿਰਾਏ 'ਤੇ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਬੱਸ ਟਰਮੀਨਲ ਵਿੱਚ ਆਟੋ ਚਾਲਕਾਂ ਲਈ ਵੱਖਰਾ ਟਰਮੀਨਲ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੱਸ ਟਰਮੀਨਲ ਦੇ ਰੱਖ-ਰਖਾਅ ਦਾ ਸਾਰਾ ਕੰਮ ਠੇਕੇਦਾਰ ਵੱਲੋਂ ਕੀਤਾ ਜਾਵੇਗਾ। ਬੱਸ ਟਰਮੀਨਲ ਵਿਖੇ ਬਣਾਏ ਗਏ ਪਖਾਨਿਆਂ ਦੀ ਸਫਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਜਿੱਥੇ ਈ-ਰਿਕਸ਼ਿਆਂ ਵਾਸਤੇ ਵੱਖਰੇ ਟਰਮੀਨਲ ਤਿਆਰ ਕੀਤਾ ਜਾਵੇਗਾ ਉੱਥੇ ਆਮ ਲੋਕਾਂ ਲਈ ਕਾਰ ਅਤੇ ਮੋਟਰਸਾਈਕਲ ਪਾਰਕਿੰਗ ਦੀ ਸਹੂਲਤ ਵੀ ਹੋਵੇਗੀ।

ਇਹ ਵੀ ਪੜ੍ਹੋ