Sidhu Moosewala ਦੇ ਮਾਤਾ-ਪਿਤਾ 'ਤੇ ਲਾਗੂ ਨਹੀਂ ਹੋਵੇਗਾ ਭਾਰਤੀ ਕਾਨੂੰਨ, ਵਿਦੇਸ਼ 'ਚ ਕੀਤੀ ਸੀ IVF ਤਕਨੀਕ ਦੀ ਵਰਤੋਂ

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 17 ਮਾਰਚ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਡਾਕਟਰਾਂ ਅਨੁਸਾਰ ਉਹ ਤੰਦਰੁਸਤ ਹੈ। ਬੱਚੇ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਨਾਂ ਸ਼ੁਭਦੀਪ ਰੱਖਣਗੇ। ਇਹ ਮੂਸੇਵਾਲਾ ਦਾ ਅਸਲੀ ਨਾਮ ਸੀ। ਚਰਨ ਕੌਰ ਨੇ ਬੱਚੇ ਦੇ ਜਨਮ ਲਈ ਆਈਵੀਐੱਫ ਤਕਨੀਕ ਦਾ ਸਹਾਰਾ ਲਿਆ ਹੈ।

Share:

Punjab News: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ (58) ਅਤੇ ਪਿਤਾ ਬਲਕੌਰ ਸਿੰਘ 60 ਸਾਲ ਦੀ ਉਮਰ ਵਿੱਚ ਮਾਪੇ ਬਣੇ ਹਨ। ਮਾਤਾ ਚਰਨ ਕੌਰ ਨੇ 17 ਮਾਰਚ ਨੂੰ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐੱਫ) ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਹੈ। ਉਨ੍ਹਾਂ ਨੇ ਇਸ ਤਕਨੀਕ ਦੀ ਵਰਤੋਂ ਵਿਦੇਸ਼ ਵਿੱਚ ਕੀਤੀ ਸੀ। ਇਸ ਦੀ ਪੁਸ਼ਟੀ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 3 ਮਹੀਨੇ ਤੱਕ ਵਿਦੇਸ਼ ਚੱਲੀ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਹਸਪਤਾਲ ਵਿੱਚ ਆਪਣੀ ਰਜਿਸਟ੍ਰੇਸ਼ਨ ਵੀ ਕਰਵਾਈ ਸੀ। ਮਾਹਿਰਾਂ ਅਨੁਸਾਰ 2022 ਵਿੱਚ ਪਾਸ ਕੀਤੇ ਗਏ ਕਾਨੂੰਨ ਮੁਤਾਬਕ ਜੇਕਰ ਕੋਈ ਔਰਤ ਵਿਦੇਸ਼ ਵਿੱਚ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਦੀ ਭਾਰਤ ਵਿੱਚ ਡਿਲੀਵਰੀ ਸੰਭਵ ਹੈ। ਇਹੀ ਕਾਰਨ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੇ ਵਿਦੇਸ਼ਾਂ 'ਚ ਇਸ ਤਕਨੀਕ ਨੂੰ ਅਪਣਾਇਆ। ਅਜਿਹੇ 'ਚ ਭਾਰਤੀ ਕਾਨੂੰਨ ਉਨ੍ਹਾਂ 'ਤੇ ਲਾਗੂ ਨਹੀਂ ਹੋਵੇਗਾ।

ਭਾਰਤ ਵਿੱਚ ਇਹ ਹੈ ਕਾਨੂਨ

ਭਾਰਤ ਵਿੱਚ ਸੈਕਸ਼ਨ 21(G)(i) ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ 2021 ਦੇ ਤਹਿਤ, ਬੱਚਾ ਪੈਦਾ ਕਰਨ ਲਈ, ਔਰਤਾਂ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜਦੋਂ ਕਿ ਵਿਦੇਸ਼ਾਂ ਵਿੱਚ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵੀ ਆਈਵੀਐੱਫ ਤਕਨੀਕ ਦੀ ਵਰਤੋਂ ਕਰ ਸਕਦੀਆਂ ਹਨ। ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਧਿਆਨ ਵਿਚ ਲਿਆਏ ਬਿਨਾਂ ਬਲਕੌਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਜਾਣਕਾਰੀ ਕਿਵੇਂ ਮੰਗੀ। ਉਨ੍ਹਾਂ ਨੂੰ ਇਹ ਜਵਾਬ 2 ਹਫਤਿਆਂ ਦੇ ਅੰਦਰ ਦੇਣਾ ਹੋਵੇਗਾ।

ਕੇਂਦਰੀ ਸਿਹਤ ਮੰਤਰਾਲੇ ਨੇ ਮੰਗੀ ਸੀ ਰਿਪੋਰਟ 

ਦਰਅਸਲ ਕੇਂਦਰੀ ਸਿਹਤ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਦੀ ਰਿਪੋਰਟ ਮੰਗੀ ਹੈ। ਪੱਤਰ ਵਿੱਚ ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ ਦਾ ਹਵਾਲਾ ਦਿੱਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਨ ਵਿਟਰੋ ਫਰਟੀਲਾਈਜੇਸ਼ਨ (ਆਈਵੀਐੱਫ) ਤਕਨੀਕ ਰਾਹੀਂ ਬੱਚਾ ਪੈਦਾ ਕਰਨ ਲਈ ਔਰਤ ਦੀ ਉਮਰ 21 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਪਰ ਸਿੱਧੂ ਦੀ ਮਾਂ ਚਰਨ ਕੌਰ 58 ਸਾਲ ਦੀ ਉਮਰ ਵਿੱਚ ਇਸ ਤਕਨੀਕ ਰਾਹੀਂ ਗਰਭਵਤੀ ਹੋ ਗਈ ਅਤੇ ਬੱਚੇ ਨੂੰ ਜਨਮ ਦਿੱਤਾ ਹੈ। ਕੇਂਦਰ ਨੇ ਇਸ ਨਿਯਮ ਦੀ ਉਲੰਘਣਾ 'ਤੇ ਜਾਂਚ ਤੋਂ ਬਾਅਦ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਪੱਤਰ ਤੋਂ ਬਾਅਦ ਮੂਸੇਵਾਲਾ ਦੇ ਪਰਿਵਾਰ ਤੋਂ ਜਾਣਕਾਰੀ ਮੰਗੀ ਗਈ ਸੀ।

ਇਹ ਵੀ ਪੜ੍ਹੋ