ਪੰਜਾਬ ਵਿੱਚ 48 ਘੰਟਿਆ ਵਿੱਚ ਪਰਾਲੀ ਸਾੜਨ ਦੇ 2611 ਮਾਮਲੇ ਆਏ ਸਾਹਮਣੇ,ਸਰਕਾਰ ਦੇ ਦਾਅਵੇ ਹਵਾ

ਦੀਵਾਲੀ ਦੇ ਨਾਲ ਹੀ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਦੀਵਾਲੀ ਅਤੇ ਸੋਮਵਾਰ ਦੇ 48 ਘੰਟਿਆਂ ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੇ 2611 ਮਾਮਲੇ ਸਾਹਮਣੇ ਆਏ ਹਨ।

Share:

ਪੰਜਾਬ ਸਰਕਾਰ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਜਾਗਰੂਕ ਕਰ ਰਹੀ ਹੈ ਇਸਦੇ ਬਾਵਜੂਦ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਰਕੇ ਸਰਕਾਰ ਦੇ ਦਾਅਵਿਆਂ ਦੀ ਹਵਾ ਨਿਕਲਦੀ ਦਿਖਾਈ ਦੇ ਰਹੀ ਹੈ। ਸੋਮਵਾਰ ਸ਼ਾਮ ਨੂੰ ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿੱਚ 1,624 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ ਵਿੱਚ ਸੂਬੇ ਭਰ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੀਆਂ ਕੁੱਲ 2,611 ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਿੱਚ ਦੀਵਾਲੀ ਵਾਲੇ ਦਿਨ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ 987 ਘਟਨਾਵਾਂ ਸ਼ਾਮਲ ਹਨ। ਇਸ ਦੇ ਨਾਲ ਹੀ 9 ਤੋਂ 11 ਨਵੰਬਰ ਦਰਮਿਆਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵੀ ਕਮੀ ਆਈ ਹੈ। 9 ਨਵੰਬਰ ਨੂੰ ਸੂਬੇ ਭਰ 'ਚ ਪਰਾਲੀ ਨੂੰ ਅੱਗ ਲਗਾਉਣ ਦੀਆਂ 639 ਘਟਨਾਵਾਂ ਸਾਹਮਣੇ ਆਈਆਂ ਸਨ, ਜਦੋਂ ਕਿ 10 ਨਵੰਬਰ ਨੂੰ ਪਰਾਲੀ ਸਾੜਨ ਦੇ ਸਿਰਫ 6 ਅਤੇ 11 ਨਵੰਬਰ ਨੂੰ 104 ਮਾਮਲੇ ਸਾਹਮਣੇ ਆਏ ਸਨ।

ਬਠਿੰਡਾ ਸਭ ਤੋਂ ਅੱਗੇ

ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਬਠਿੰਡਾ ਵੀ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਸਭ ਤੋਂ ਵੱਧ 272 ਖੇਤਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਠਿੰਡਾ ਵਿੱਚ ਦਰਜ ਹੋਈਆਂ। ਜਦਕਿ ਦੂਜੇ ਨੰਬਰ 'ਤੇ ਸੰਗਰੂਰ ਹੈ, ਜਿੱਥੇ 216 ਮਾਮਲੇ ਸਾਹਮਣੇ ਆਏ ਹਨ। ਇਸੇ ਤਰ੍ਹਾਂ ਮੁਕਤਸਰ ਵਿੱਚ 191, ਫਾਜੀਕਾ ਵਿੱਚ 171, ਮੋਗਾ ਵਿੱਚ 164, ਬਰਨਾਲਾ ਵਿੱਚ 132, ਫਰੀਦਕੋਟ ਵਿੱਚ 129, ਮਾਨਸਾ ਵਿੱਚ 110, ਫ਼ਿਰੋਜ਼ਪੁਰ ਵਿੱਚ 98, ਪਟਿਆਲਾ ਵਿੱਚ 41, ਲੁਧਿਆਣਾ ਵਿੱਚ 36, ਮਲੇਰਕੋਟਲਾ ਵਿੱਚ 25, ਅੰਮ੍ਰਿਤਸਰ ਸਾਹਿਬ ਵਿੱਚ 12, ਹੁਸ਼ਿਆਰਪੁਰ ਅਤੇ ਤਰਨਤਾਰਨ ਵਿੱਚ ਦੋ-ਦੋ ਮਾਮਲੇ ਸਾਹਮਣੇ ਆਏ ਹਨ।

25 ਹਜ਼ਾਰ ਦਾ ਅੰਕੜਾ ਪਾਰ

ਸੂਬੇ ਵਿੱਚ 1 ਅਕਤੂਬਰ ਤੋਂ 13 ਨਵੰਬਰ ਤੱਕ ਖੇਤਾਂ ਵਿੱਚ ਅੱਗ ਲੱਗਣ ਦੇ ਕੁੱਲ 26,341 ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ 29 ਅਕਤੂਬਰ ਤੋਂ 13 ਨਵੰਬਰ ਦਰਮਿਆਨ ਸਿਰਫ 16 ਦਿਨਾਂ ਵਿੱਚ 22,555 ਮਾਮਲੇ ਸਾਹਮਣੇ ਆਏ ਹਨ। ਇਹ ਇਸ ਸੀਜ਼ਨ ਦੀਆਂ ਘਟਨਾਵਾਂ ਦਾ ਲਗਭਗ 85 ਫੀਸਦ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਰਾਜ ਦੀਆਂ ਏਜੰਸੀਆਂ ਨੂੰ ਚੌਕਸ ਰਹਿਣ ਲਈ ਕਿਹਾ ਹੈ।

ਹੁਣ ਤੱਕ 88.23 ਲੱਖ ਦਾ ਜੁਰਮਾਨਾ

ਡੀਜੀਪੀ ਪੰਜਾਬ ਵੱਲੋਂ ਸੂਬੇ ਵਿੱਚ ਪਰਾਲੀ ਸਾੜਨ ਤੇ ਪਾਬੰਦੀ ਨੂੰ ਯਕੀਨੀ ਬਣਾਉਣ ਦੇ ਹੁਕਮਾਂ ਅਤੇ ਮੁੱਖ ਸਕੱਤਰ ਵੱਲੋਂ ਐਸਐਚਓ ਨੂੰ ਜ਼ਿੰਮੇਵਾਰ ਠਹਿਰਾਉਣ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਵਿੱਚ ਐਫਆਈਆਰ ਦਰਜ ਕਰਨ ਦਾ ਦੌਰ ਸ਼ੁਰੂ ਹੋ ਗਿਆ ਹੈ। 8 ਅਤੇ 9 ਨਵੰਬਰ ਨੂੰ ਸੂਬੇ 'ਚ ਕਿਸਾਨਾਂ ਖਿਲਾਫ 245 ਐੱਫਆਈਆਰ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪਰਾਲੀ ਸਾੜਨ 'ਤੇ ਨਜ਼ਰ ਰੱਖਣ ਲਈ ਬਣਾਈਆਂ ਗਈਆਂ ਪੁਲਿਸ ਅਤੇ ਜ਼ਿਲ੍ਹਾ ਪੱਧਰੀ ਟੀਮਾਂ ਅਤੇ 638 ਫਲਾਇੰਗ ਸਕੁਐਡ ਟੀਮਾਂ ਨੇ 3836 ਵਿਅਕਤੀਆਂ ਨੂੰ ਕੁੱਲ 88.23 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।

ਇਹ ਵੀ ਪੜ੍ਹੋ

Tags :