ਫਤਿਹਗੜ੍ਹ ਸਾਹਿਬ 'ਚ ਪੁਲਿਸ ਤੇ ਕਿਸਾਨਾਂ ਦਾ ਪਿਆ ਪੇਚਾ, ਡੱਲੇਵਾਲ ਨੂੰ ਰੋਕਿਆ

ਪਰਾਲੀ ਦੀਆਂ ਟਰਾਲੀਆਂ ਭਰ ਕੇ ਕਿਸਾਨ ਡੀਸੀ ਦਫ਼ਤਰ ਲੈ ਕੇ ਜਾ ਰਹੇ ਸੀ। ਇਹਨਾਂ ਨੂੰ ਰਸਤੇ 'ਚ ਹੀ ਰੋਕ ਲਿਆ ਗਿਆ।

Share:

ਪਰਾਲੀ ਸਾੜਨ 'ਤੇ ਕੇਸ ਦਰਜ ਕਰਨ ਤੋਂ ਭੜਕੀਆਂ 18 ਕਿਸਾਨ ਜਥੇਬੰਦੀਆਂ ਨੇ 20 ਨਵੰਬਰ ਨੂੰ ਪੰਜਾਬ ਅਤੇ ਹਰਿਆਣਾ ਦੇ ਡੀਸੀ ਦਫ਼ਤਰਾਂ ਬਾਹਰ ਰੋਸ ਮੁਜਾਹਰੇ ਕਰਨ ਦਾ ਐਲਾਨ ਕੀਤਾ ਸੀ। ਫਤਿਹਗੜ੍ਹ ਸਾਹਿਬ 'ਚ ਕਿਸਾਨਾਂ ਤੇ ਪੁਲਿਸ ਦਾ ਪੇਚਾ ਪੈ ਗਿਆ। ਟਰਾਲੀਆਂ ਵਿੱਚ ਪਰਾਲੀ ਭਰ ਕੇ ਡੀਸੀ ਦਫ਼ਤਰ ਜਾ ਰਹੇ ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ। ਕਿਸਾਨਾਂ ਦੇ ਇੱਕ ਜੱਥੇ ਨੂੰ ਗੁਰਦੁਆਰਾ ਜੋਤੀ ਸਰੂਪ ਸਾਹਿਬ ਨੇੜੇ ਰੋਕਿਆ ਗਿਆ। ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਜਿਸ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਉੱਥੇ ਹੀ ਸੜਕ ਜਾਮ ਕਰਨ ਦਾ ਐਲਾਨ ਕਰ ਦਿੱਤਾ। ਡੱਲੇਵਾਲ ਨੇ ਕਿਹਾ ਕਿ ਉਨ੍ਹਾਂ ਦਾ ਪੰਜਾਬ ਅਤੇ ਹਰਿਆਣਾ 'ਚ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗ੍ਰਾਮ ਹੈ। ਪਰਾਲੀ ਨੂੰ ਟਰਾਲੀਆਂ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਕਿ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ ਕਿ ਇਸਨੂੰ ਕਿਵੇਂ ਸੰਭਾਲਣਾ ਹੈ ਜਾਂ ਪ੍ਰਸ਼ਾਸਨ ਖੁਦ ਪਰਾਲੀ ਦੀ ਸੰਭਾਲ ਕਰੇ। ਪਰਾਲੀ ਸਾੜਨ ਦਾ ਕੋਈ ਪ੍ਰੋਗਰਾਮ ਨਹੀਂ ਹੈ। ਪਰ ਉਹਨਾਂ ਨੂੰ ਡੀਸੀ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਰੋਸ ਵਜੋਂ ਸੜਕ ਜਾਮ ਹੋਵੇਗੀ। ਜੇਕਰ ਗੁੱਸੇ 'ਚ ਆ ਕੇ ਕਿਸਾਨ ਕਿਤੇ ਵੀ ਪਰਾਲੀ ਨੂੰ ਅੱਗ ਲਗਾਉਂਦੇ ਹਨ ਤਾਂ ਪ੍ਰਸ਼ਾਸਨ ਜੁੰਮੇਵਾਰ ਹੋਵੇਗਾ।

photo
ਫਤਹਿਗੜ੍ਹ ਸਾਹਿਬ ਵਿਖੇ ਕਿਸਾਨ ਪਰਾਲੀ ਦੀਆਂ ਭਰੀਆਂ ਟਰਾਲੀਆਂ ਲੈਕੇ ਪੁੱਜੇ। ਫੋਟੋ ਕ੍ਰੇਡਿਟ - ਜੇਬੀਟੀ

8 ਫੀਸਦੀ ਪ੍ਰਦੂਸ਼ਣ ਦਿਖ ਰਿਹਾ 

ਡੱਲੇਵਾਲ ਨੇ ਕਿਹਾ ਕਿ ਤਾਜ਼ਾ ਰਿਪੋਰਟ ਅਨੁਸਾਰ ਸਿਰਫ ਸਾਢੇ ਤਿੰਨ ਫੀਸਦੀ ਪ੍ਰਦੂਸ਼ਣ ਪਰਾਲੀ ਕਾਰਨ ਹੋ ਰਿਹਾ ਹੈ। ਪੁਰਾਣੀਆਂ ਰਿਪੋਰਟਾਂ 'ਤੇ ਨਜ਼ਰ ਮਾਰੀਏ ਤਾਂ 8 ਫੀਸਦੀ ਪ੍ਰਦੂਸ਼ਣ ਪਰਾਲੀ ਤੋਂ ਹੁੰਦਾ ਹੈ। ਸਰਕਾਰਾਂ ਨੂੰ ਪਰਾਲੀ ਦਾ ਪ੍ਰਦੂਸ਼ਣ ਹੀ ਨਜ਼ਰ ਆ ਰਿਹਾ ਹੈ। ਪ੍ਰਦੂਸ਼ਣ ਫੈਲਾਉਣ ਵਾਲੇ ਹੋਰ ਉਦਯੋਗਾਂ, ਸ਼ਰਾਬ ਦੀਆਂ ਫੈਕਟਰੀਆਂ ਆਦਿ ਬਾਰੇ ਕੁਝ ਨਹੀਂ ਕਿਹਾ ਜਾ ਰਿਹਾ। ਕਿਸਾਨਾਂ 'ਤੇ ਕੇਸ ਦਰਜ ਕੀਤੇ ਜਾ ਰਹੇ ਹਨ। ਰੈੱਡ ਐਂਟਰੀਆਂ ਹੋ ਰਹੀਆਂ ਹਨ। ਪਾਬੰਦੀਆਂ ਲਗਾਈਆਂ ਗਈਆਂ ਹਨ। ਇਸਦੇ ਰੋਸ ਵਿੱਚ  ਧਰਨੇ ਦਿੱਤੇ ਜਾ ਰਹੇ ਹਨ।

ਪੁਲਿਸ ਨੇ ਪਾਇਆ ਘੇਰਾ 

ਫਤਿਹਗੜ੍ਹ ਸਾਹਿਬ 'ਚ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਪੁਲਿਸ ਨੇ  ਚਾਰੇ ਪਾਸਿਓਂ ਘੇਰਾ ਪਾ ਲਿਆ। ਉਹਨਾਂ ਨੂੰ ਡੀਸੀ ਦਫ਼ਤਰ ਜਾਣ ਤੋਂ ਇਨਕਾਰ ਕੀਤਾ ਗਿਆ। ਜਦੋਂਕਿ ਡੱਲੇਵਾਲ ਨੇ ਕਿਹਾ ਕਿ ਡੀਸੀ ਜਾਂ ਐਸਐਸਪੀ ਉਨ੍ਹਾਂ ਕੋਲ ਆ ਕੇ ਮੰਗ ਪੱਤਰ ਲੈਣ ਅਤੇ ਉਨ੍ਹਾਂ ਦੇ ਸਵਾਲ ਦਾ ਜਵਾਬ ਦੇਣ ਕਿ ਪਰਾਲੀ ਨੂੰ ਕਿੱਥੇ ਰੱਖਣਾ ਹੈ। ਜਿਸਤੋਂ ਬਾਅਦ ਉਹ ਵਾਪਸ ਚਲੇ ਜਾਣਗੇ। ਜੇਕਰ ਕੋਈ ਧੱਕਾ ਹੋਇਆ ਤਾਂ ਪੱਕਾ ਮੋਰਚਾ ਲਾਇਆ ਜਾਵੇਗਾ।

ਇਹ ਵੀ ਪੜ੍ਹੋ