ਜੇਕਰ ਤੁਹਾਨੂੰ ਵੀ ਹੈ ਕੈਂਸਰ ਦਾ ਕੋਈ ਸ਼ੱਕ ਤਾਂ ਮੁਫ਼ਤ ਕਰਵਾਓ ਜਾਂਚ 

ਪੰਜਾਬ ਸਰਕਾਰ ਵੱਲੋਂ 1 ਤੋਂ 31 ਜਨਵਰੀ 2024 ਤੱਕ ਸੂਬੇ ਭਰ ਅੰਦਰ ਮੁਫ਼ਤ ਕੈਂਪ ਲਾਏ ਜਾ ਰਹੇ ਹਨ। ਸਰਕਾਰ ਦੀ ਇਸ ਸਕੀਮ ਰਾਹੀਂ ਫਰੀ ਟੈਸਟ ਹੋਣਗੇ। ਇਲਾਜ ਲਈ ਵੀ ਸਰਕਾਰ ਬਣਦੀ ਮਦਦ ਦੇਵੇਗੀ। 

Share:

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਅੰਦਰ ਸਿਹਤ ਵਿਭਾਗ ਵੱਲੋਂ 01 ਤੋਂ 31 ਜਨਵਰੀ 2024 ਤੱਕ ਸਿਹਤ ਸੰਸਥਾਵਾਂ ਅੰਦਰ ਮੁਫਤ ਕੈਂਸਰ ਸਕਰੀਨਿੰਗ ਕੈਂਪ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਨਵੇਂ ਸਾਲ ਵਿੱਚ 01 ਜਨਵਰੀ ਤੋਂ 31 ਜਨਵਰੀ ਤੱਕ ਜਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੀ ਜਾਂਚ ਕਰਨ ਲਈ ਮੁਫਤ ਸਕਰੀਨਿੰਗ ਕੈਂਪ ਲਗਾਏ ਜਾਣਗੇ , ਤਾਂ ਜੋ ਇਸ ਭਿਆਨਕ ਬਿਮਾਰੀ ਦੀ ਮੁਢਲੀ ਸਟੇਜ ਤੇ ਹੀ ਪਛਾਣ ਕਰਕੇ ਸਮੇਂ ਸਿਰ ਇਸਦਾ ਇਲਾਜ ਕੀਤਾ ਜਾ ਸਕੇ। 

ਟੈਸਟ ਤੇ ਇਲਾਜ ਹੋਵੇਗਾ ਮੁਫ਼ਤ 

ਉਹਨਾਂ ਦੱਸਿਆ ਕਿ ਸਰਕਾਰ  ਵੱਲੋਂ ਚਲਾਈ ਜਾਣ ਵਾਲੀ ਇਸ ਸਪੈਸ਼ਲ ਮੁਹਿੰਮ ਲਈ ਵਿਭਾਗ ਵੱਲੋਂ ਲਿਸਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ।  ਲੋੜਵੰਦਾਂ ਵੱਲੋਂ ਆਪਣੀ ਸਕਰੀਨਿੰਗ ਕਰਾਉਣ ਲਈ ਸਬੰਧਤ ਜਿਲ੍ਹੇ ਦੀਆਂ ਸਮੂਹ ਆਸ਼ਾ ਵਰਕਰਾਂ, ਏ . ਐਨ.ਐੱਮ ਜਾਂ ਸੀ.ਐਚ.ਓ ਆਦਿ ਕਿਸੇ ਕੋਲ ਵੀ ਆਪਣਾ ਨਾਮ ਦਰਜ ਕਰਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜ਼ਿਲਾ ਹਸਪਤਾਲ ਵਿੱਚ ਸਕਰੀਨਿੰਗ ਲਈ ਆਉਣ ਵਾਲੇ ਮਰੀਜ਼ਾਂ ਦੀ ਮਾਹਰ ਡਾਕਟਰਾਂ ਵੱਲੋਂ ਜਾਂਚ ਕੀਤੀ ਜਾਵੇਗੀ, ਲੋੜੀਦੇ ਲੈਬਾਰਟਰੀ ਟੈਸਟ ਮੁਫਤ ਕੀਤੇ ਜਾਣਗੇ, ਲੋੜੀਂਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਅਤੇ ਲੋੜ ਪੈਣ ਤੇ ਵੱਡੇ ਹਸਪਤਾਲਾਂ ਵਿੱਚ ਰੈਫਰ ਵੀ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਲੋੜਵੰਦਾ ਨੂੰ ਇਲਾਜ ਲਈ ਸਰਕਾਰ ਵੱਲੋਂ ਚਲਾਈ ਗਈ "ਮੁੱਖ ਮੰਤਰੀ ਕੈਂਸਰ ਰਾਹਤ ਕੋਸ" ਸਕੀਮ ਤਹਿਤ ਕੈਸ਼ਲੈਸ ਇਲਾਜ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰੀਰ ਵਿੱਚ ਕਿਸੇ ਵੀ ਪੁਰਾਣੀ ਗੱਠ ਨੂੰ ਅਣਗੌਲਿਆ ਨਾ ਕੀਤਾ ਜਾਵੇ ਸਗੋਂ ਇਸਦੀ ਸਕਰੀਨਿੰਗ ਕਰਵਾਈ ਜਾਵੇ ਅਤੇ ਸਰਕਾਰ ਵੱਲੋਂ ਚਲਾਈ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।

 

ਇਹ ਵੀ ਪੜ੍ਹੋ