ਧਾਮੀ ਨੂੰ ਮਨਾਉਣ ਪੁੱਜਾ ਅਕਾਲੀ ਦਲ ਦਾ ਉੱਚ ਪੱਧਰੀ ਵਫ਼ਦ, ਪ੍ਰਧਾਨ ਬਣੇ ਰਹਿਣ ਦੀ ਕੀਤੀ ਅਪੀਲ 

ਮੁਲਾਕਾਤ ਮਗਰੋਂ ਕਿਹਾ ਕਿ  ਐਡਵੋਕੇਟ ਧਾਮੀ ਨੇ ਮਾਨਸਿਕ ਪੀੜਾ ਕਾਰਨ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕੁਝ ਚੀਜ਼ਾਂ ਦਿਲ ਨੂੰ ਲਗਾ ਲਈਆਂ ਜਿਸ ਕਾਰਨ ਉਹਨਾਂ ਅਚਨਚੇਤ ਅਸਤੀਫਾ ਦੇ ਦਿੱਤਾ।

Courtesy: ਅਕਾਲੀ ਦਲ ਦੇ ਵਫ਼ਦ ਨੇ ਐਡਵੋਕੇਟ ਧਾਮੀ ਨਾਲ ਮੁਲਾਕਾਤ ਕੀਤੀ

Share:

 

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਅਕਾਲੀ ਦਲ ਦਾ ਇੱਕ ਵਫ਼ਦ ਅੱਜ ਧਾਮੀ ਨੂੰ ਮਨਾਉਣ ਲਈ ਪੁੱਜਾ ਤੇ ਲੰਬਾ ਸਮਾਂ ਉਹਨਾਂ ਨਾਲ ਮੁਲਾਕਾਤ ਕੀਤੀ। ਐਡਵੋਕੇਟ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣ ਦੀ ਅਪੀਲ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਫਦ ਨੇ ਐਡਵੋਕੇਟ ਧਾਮੀ ਨਾਲ ਮੁਲਾਕਾਤ ਕਰ ਕੇ ਉਹ ਹਾਲਾਤ ਸਮਝਣ ਦੀ ਕੋਸ਼ਿਸ਼ ਕੀਤੀ ਜਿਹਨਾਂ ਕਾਰਨ ਉਹਨਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਜੋਂ ਅਸਤੀਫਾ ਦਿੱਤਾ।

ਮਾਨਸਿਕ ਪੀੜਾ ਕਾਰਨ ਅਸਤੀਫ਼ਾ ਦਿੱਤਾ

ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਐਡਵੋਕੇਟ ਧਾਮੀ ਨੇ ਮਾਨਸਿਕ ਪੀੜਾ ਕਾਰਨ ਅਸਤੀਫਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕੁਝ ਚੀਜ਼ਾਂ ਦਿਲ ਨੂੰ ਲਗਾ ਲਈਆਂ ਜਿਸ ਕਾਰਨ ਉਹਨਾਂ ਅਚਨਚੇਤ ਅਸਤੀਫਾ ਦੇ ਦਿੱਤਾ। ਉਹਨਾਂ ਕਿਹਾ ਕਿ ਅਸੀਂ ਐਡਵੋਕੇਟ ਧਾਮੀ ਨੂੰ ਭਰੋਸਾ ਦੁਆਇਆ ਹੈ ਕਿ ਸਾਰੀ ਪਾਰਟੀ ਉਹਨਾਂ ਦੇ ਨਾਲ ਹੈ ਤੇ ਇਸ ਅਹਿਮ ਸਮੇਂ ਵਿਚ ਪੰਥ ਨੂੰ ਉਹਨਾਂ ਦੀ ਲੀਡਰਸ਼ਿਪ ਦੀ ਜ਼ਰੂਰਤ ਹੈ। ਡਾ. ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਐਡਵੋਕੇਟ ਧਾਮੀ ਦੇ ਅਸਤੀਫੇ ਨਾਲ ਜੁੜੇ ਸਾਰੇ ਮਸਲੇ ਨੂੰ ਹੱਲ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਅਸੀਂ ਉਹਨਾਂ ਨਾਲ ਨਿਰੰਤਰ ਗੱਲਬਾਤ ਕਰਦੇ ਰਹਾਂਗੇ ਤੇ ਸਾਰੇ ਮਸਲਿਆਂ ਦੇ ਹੱਲ ਵਾਸਤੇ ਕੰਮ ਕਰਾਂਗੇ।

ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵਾਸਤੇ ਵੱਡਮੁੱਲਾ ਯੋਗਦਾਨ

ਡਾ. ਚੀਮਾ ਨੇ ਇਹ ਵੀ ਕਿਹਾ ਕਿ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵਾਸਤੇ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕਾਬਲੀਅਤ ਤੇ ਇਮਾਨਦਾਰੀ ਕਾਰਣ ਹੀ ਉਹਨਾਂ ਨੂੰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਵਿਚ ਅਹਿਮ ਰੁਤਬੇ ਮਿਲੇ ਹਨ। ਉਹਨਾਂ ਕਿਹਾ ਕਿ ਕਈ ਵਾਰ ਸੰਸਥਾਵਾਂ ਨੂੰ ਆਪਣੇ ਫਰਜ਼ ਨਿਭਾਉਂਦਿਆਂ ਸਖ਼ਤ ਫੈਸਲੇ ਲੈਣੇ ਪੈਂਦੇ ਹਨ। ਉਹਨਾਂ ਕਿਹਾ ਕਿ ਅਜਿਹਾ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਪਾਰਲੀਮੈਂਟ ਦੇ ਐਕਟ ਤਹਿਤ ਬਣਾਈ ਗਈ ਸੀ ਤੇ ਇਸਨੂੰ ਜਥੇਦਾਰਾਂ ਦੀ ਨਿਯੁਕਤੀ ਬਾਰੇ ਫੈਸਲੇ ਲੈਣੇ ਪੈਂਦੇ ਹਨ। ਇਸ ਦੌਰਾਨ ਐਡਵੋਕੇਟ ਧਾਮੀ ਨੂੰ ਘਰ ਵਿਚ ਪੋਤਰੇ ਦੀ ਦਾਤ ਮਿਲਣ ’ਤੇ ਵਧਾਈਆਂ ਵੀ ਦਿੱਤੀਆਂ ਅਤੇ ਇਸ ਮੌਕੇ ਖੁਸ਼ੀ ਸਾਂਝੀ ਕੀਤੀ। ਵਫਦ ਵਿਚ ਜਨਮੇਜਾ ਸਿੰਘ ਸੇਖੋਂ, ਹੀਰਾ ਸਿੰਘ ਗਾਬੜੀਆ, ਵਰਿੰਦਰ ਸਿੰਘ ਬਾਜਵਾ, ਗੁਰਬਚਨ ਸਿੰਘ ਬੱਬੇਹਾਲੀ, ਲਾਲੀ ਬਾਜਵਾ ਤੇ ਕੁਲਵੰਤ ਸਿੰਘ ਮੰਨਣ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ