ਮੋਟਰਸਾਈਕਲ ਦੀ ਸੀਟ ਹੇਠੋਂ ਡੇਢ ਕਰੋੜ ਦੀ ਹੈਰੋਇਨ ਮਿਲੀ

ਖੰਨਾ ਪੁਲਿਸ ਨੇ ਨਾਕੇ 'ਤੇ 3 ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਇਹ ਹੈਰੋਇਨ ਲੁਧਿਆਣਾ ਲੈ ਕੇ ਜਾ ਰਹੇ ਸੀ। ਇਸ ਤਰੀਕੇ ਨਾਲ ਹੈਰੋਇਨ ਲੁਕਾ ਕੇ ਰੱਖੀ ਸੀ ਕਿ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਸੀ ਕਿ ਇਹਨਾਂ ਕੋਲ ਕੋਈ ਨਸ਼ੀਲੀ ਚੀਜ਼ ਹੈ। 

Share:

ਖੰਨਾ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ  ਕਾਬੂ ਕੀਤਾ। ਇਹ ਤਿੰਨੋਂ ਮੋਟਰਸਾਈਕਲ ’ਤੇ ਹੈਰੋਇਨ ਲੈ ਕੇ ਜਾ ਰਹੇ ਸਨ। ਸੀਟ ਦੇ ਹੇਠਾਂ ਕਰੀਬ ਡੇਢ ਕਰੋੜ ਰੁਪਏ ਦੀ ਹੈਰੋਇਨ ਲੁਕਾਈ ਗਈ ਸੀ। ਇਨ੍ਹਾਂ ਨੂੰ ਦੋਰਾਹਾ ਵਿਖੇ ਨਾਕੇ 'ਤੇ ਕਾਬੂ ਕੀਤਾ ਗਿਆ। ਕਬਜ਼ੇ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਛਾਣ ਅਭਿਸ਼ੇਕ ਸ਼ਾਹੀ ਵਾਸੀ ਤਾਜਪੁਰ ਰੋਡ ਨਿਊ ਰਾਜੂ ਕਲੋਨੀ, ਸਾਗਰ ਠਾਕੁਰ ਵਾਸੀ ਨਿਊ ਸ਼ਿਵ ਸ਼ਕਤੀ ਕਲੋਨੀ ਅਤੇ ਅਕਾਸ਼ਦੀਪ ਸਿੰਘ ਵਾਸੀ ਜਮਾਲਪੁਰ ਵਜੋਂ ਹੋਈ। ਐਸਪੀ (ਆਈ) ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਸੀਆਈਏ ਸਟਾਫ਼ ਦੇ ਇੰਚਾਰਜ ਅਮਨਦੀਪ ਸਿੰਘ ਦੀ ਟੀਮ ਨੇ ਦੋਰਾਹਾ ਵਿਖੇ ਪਨਸਪ ਦੇ ਗੁਦਾਮਾਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਸਪਲੈਂਡਰ ਮੋਟਰਸਾਈਕਲ ’ਤੇ ਆ ਰਹੇ ਤਿੰਨ ਮੁਲਜ਼ਮਾਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਗਿਆ। ਉਨ੍ਹਾਂ ਗਜ਼ਟਿਡ ਅਫ਼ਸਰ ਦੀ ਨਿਗਰਾਨੀ ਹੇਠ ਆਪਣੀ ਤਲਾਸ਼ੀ ਦੇਣ ਲਈ ਕਿਹਾ ਤਾਂ ਡੀਐਸਪੀ ਪਾਇਲ ਨਿਖਿਲ ਗਰਗ ਨੂੰ ਮੌਕੇ ’ਤੇ ਬੁਲਾਇਆ ਗਿਆ। ਤਲਾਸ਼ੀ ਦੌਰਾਨ ਮੋਟਰਸਾਈਕਲ ਦੀ ਸੀਟ ਹੇਠਾਂ ਲੁਕਾਈ 260 ਗ੍ਰਾਮ ਹੈਰੋਇਨ ਬਰਾਮਦ ਹੋਈ।

ਜਿੰਮ ਦੀ ਆੜ ਹੇਠ ਹੈਰੋਇਨ ਤਸਕਰੀ 

ਇਸ ਮਾਮਲੇ ਵਿੱਚ ਅਭਿਸ਼ੇਕ ਸ਼ਾਹੀ ਮੁੱਖ ਮੁਲਜ਼ਮ ਹੈ ਜੋ ਲੁਧਿਆਣਾ ਵਿਖੇ ਜਿੰਮ ਟਰੇਨਰ ਹੈ। ਨੌਜਵਾਨਾਂ ਨੂੰ ਜਿੰਮ ਵਿੱਚ ਸਿਖਲਾਈ ਦੇਣ ਦੀ ਆੜ ਹੇਠ ਉਹ ਹੈਰੋਇਨ ਦੀ ਤਸਕਰੀ ਕਰਦਾ ਸੀ। ਬਾਹਰਲੇ ਸੂਬਿਆਂ ਤੋਂ ਲਿਆ ਕੇ ਹੈਰੋਇਨ ਸਪਲਾਈ ਕਰਦਾ ਸੀ। ਸ਼ੱਕ ਹੈ ਕਿ ਉਹ ਜਿੰਮ ਵਿੱਚ ਨੌਜਵਾਨਾਂ ਨੂੰ ਵੀ ਹੈਰੋਇਨ ਦਿੰਦਾ ਸੀ। ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਅਭਿਸ਼ੇਕ ਨਾਲ ਫੜਿਆ ਗਿਆ ਸਾਗਰ ਠਾਕੁਰ ਕੋਈ ਕੰਮ ਨਹੀਂ ਕਰਦਾ ਸੀ। ਆਕਾਸ਼ਦੀਪ ਫੈਕਟਰੀ ਮਜ਼ਦੂਰ ਸੀ। ਤਿੰਨਾਂ ਦੀ ਉਮਰ 22 ਤੋਂ 26 ਸਾਲ ਦਰਮਿਆਨ ਹੈ।

ਕਤਲ, ਡਕੈਤੀ, ਨਸ਼ਾ ਤਸਕਰੀ ਦੇ ਮੁਕੱਦਮੇ ਦਰਜ 

ਐਸਪੀ ਡਾ.ਪ੍ਰਗਿਆ ਜੈਨ ਨੇ ਦੱਸਿਆ ਕਿ ਫੜੇ ਗਏ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਅਭਿਸ਼ੇਕ ਖਿਲਾਫ ਥਾਣਾ ਜਮਾਲਪੁਰ 'ਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਸਾਗਰ ਠਾਕੁਰ ਖਿਲਾਫ ਕਤਲ, ਇਰਾਦਾ ਕਤਲ ਅਤੇ ਕੁੱਟਮਾਰ ਦੇ ਮਾਮਲੇ ਦਰਜ ਹਨ। ਅਕਾਸ਼ਦੀਪ ਖ਼ਿਲਾਫ਼ ਲੁੱਟ-ਖੋਹ ਦੇ ਦੋ ਕੇਸ ਦਰਜ ਹਨ। ਤਿੰਨੋਂ ਜ਼ਮਾਨਤ 'ਤੇ ਬਾਹਰ ਸਨ ਅਤੇ ਨਸ਼ੇ ਦੀ ਤਸਕਰੀ ਕਰਦੇ ਸਨ।

ਇਹ ਵੀ ਪੜ੍ਹੋ