ਤੁਹਾਡੀ ਦੀਵਾਲੀ ਪੂਰੀ ਤਰ੍ਹਾਂ ਸੁਰਖਿੱਅਤ ਰਹੇ, ਇਸ ਦੇ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ

ਸਰਹੱਦੀ ਇਲਾਕਿਆਂ ਤੱਕ ਸੁਰੱਖਿਆ ਵਧਾਈ, ਵਿਸ਼ੇਸ਼ ਨਾਕੇ ਅਤੇ ਚੈਕਿੰਗ ਮੁਹਿੰਮ ਜਾਰੀ, ਪਿਛਲੇ ਦੋ ਮਹੀਨਿਆਂ ਵਿੱਚ ਅੱਠ ਤੋਂ ਵੱਧ ਅੱਤਵਾਦੀ ਅਤੇ ਗੈਂਗਸਟਰ ਗ੍ਰਿਫਤਾਰ।

Share:

ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਨੂੰ ਸਰਹੱਦ ਪਾਰ ਬੈਠੇ ਅੱਤਵਾਦੀ ਅਤੇ ਗੈਂਗਸਟਰ ਹੁਣ ਗ੍ਰਹਿਣ ਨਹੀਂ ਲੱਗਾ ਸਕਣਗੇ। ਤਿਉਹਾਰ ਦੇ ਮੱਦੇਨਜ਼ਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ। ਸਿਪਾਹੀਆਂ ਤੋਂ ਲੈ ਕੇ ਅਫਸਰਾਂ ਨੇ ਮੋਰਚਾ ਸੰਭਾਲ ਰੱਖਿਆ ਹੈ। ਪੁਲਿਸ ਨੇ ਮੁਹਾਲੀ ਤੋਂ ਲੈ ਕੇ ਸਰਹੱਦੀ ਇਲਾਕਿਆਂ ਤੱਕ ਸੁਰੱਖਿਆ ਵਧਾਈ ਹੋਈ ਹੈ। ਵਿਸ਼ੇਸ਼ ਨਾਕੇ ਅਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਜੇਕਰ ਤੁਸੀਂ ਕੋਈ ਸ਼ੱਕੀ ਚੀਜ਼ ਜਾਂ ਵਿਅਕਤੀ ਦੇਖਦੇ ਹੋ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਇਸ ਦੇ ਲਈ 112 ਨੰਬਰ ‘ਤੇ ਕਾਲ ਕਰਨੀ ਪਵੇਗੀ। ਪੁਲਿਸ ਲੋਕਾਂ ਦੀ ਹਰ ਸੰਭਵ ਮਦਦ ਲਈ ਪੂਰੀ ਤਰ੍ਹਾਂ ਤਿਆਰ ਹੈ।
ਢਿੱਲ ਦੇਣ ਦੇ ਮੂਡ ‘ਚ ਨਹੀਂ ਪੁਲਿਸ
ਪੰਜਾਬ ਦੇ ਛੇ ਜ਼ਿਲ੍ਹੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅਜਿਹੇ ‘ਚ ਅੱਤਵਾਦੀ ਅਤੇ ਗੈਂਗਸਟਰ ਧੁੰਦ ਦੀ ਆੜ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਕਾਰਨ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਵਧ ਜਾਂਦੀ ਹੈ। ਕੁਝ ਸਮਾਂ ਪਹਿਲਾਂ ਫੜੇ ਗਏ ਗੈਂਗਸਟਰਾਂ ਅਤੇ ਅੱਤਵਾਦੀਆਂ ਨੇ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਕੀਤਾ ਹੈ ਕਿ ਸੂਬੇ ਦੇ ਕਈ ਨਾਮੀ ਲੋਕ ਅਤੇ ਸੀਨੀਅਰ ਪੁਲਿਸ ਅਧਿਕਾਰੀ ਉਨ੍ਹਾਂ ਦੇ ਨਿਸ਼ਾਨੇ ‘ਤੇ ਹਨ। ਅਜਿਹੇ ‘ਚ ਪੁਲਿਸ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਦੇ ਮੂਡ ‘ਚ ਨਹੀਂ ਹੈ।

ਸਰਕਾਰੀ ਇਮਾਰਤਾਂ ਦੇ ਬਾਹਰ ਸਖ਼ਤ ਸੁਰੱਖਿਆ
ਇਸ ਤੋਂ ਇਲਾਵਾ ਪੁਲਿਸ ਦਾ ਖੁਫੀਆ ਵਿਭਾਗ ਵੀ ਸਰਗਰਮ ਹੈ। ਪੁਲਿਸ ਨੇ ਸਾਰੀਆਂ ਸਰਕਾਰੀ ਇਮਾਰਤਾਂ, ਪੁਲਿਸ ਅਤੇ ਫੌਜ ਨਾਲ ਸਬੰਧਤ ਅਦਾਰਿਆਂ ਦੀ ਸੁਰੱਖਿਆ ਵੱਧਾ ਦਿੱਤੀ ਹੈ। ਪੁਲਿਸ ਦੇ ਪੀਸੀਆਰ ਨੂੰ 24 ਘੰਟੇ ਅਲਰਟ ਰਹਿਣ ਲਈ ਕਿਹਾ ਗਿਆ ਹੈ। ਨਾਲ ਹੀ ਉਨ੍ਹਾਂ ਥਾਵਾਂ ‘ਤੇ ਗਸ਼ਤ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਜੇਕਰ ਕੋਈ ਸ਼ਰਾਰਤੀ ਅਨਸਰ ਕੋਈ ਗਲਤ ਕਦਮ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ