Gurdaspur: ਸੜਕ ਹਾਦਸੇ 'ਚ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦਾ ਅੰਤਿਮ ਸਸਕਾਰ ਬੇਹੱਦ ਗਮਗੀਨ ਮਾਹੌਲ ਵਿੱਚ ਸਰਕਾਰੀ ਸਨਮਾਨਾਂ ਨਾਲ ਸੰਪੰਨ

ਮ੍ਰਿਤਕ ਗੁਰਪ੍ਰੀਤ ਸਿੰਘ ਦੇ ਲੜਕੇ ਦਾ ਬੁੱਧਵਾਰ ਨੂੰ ਜਨਮ ਦਿਨ ਸੀ। ਮ੍ਰਿਤਕ ਦੀ ਪਤਨੀ ਕਮਲਜੀਤ ਕੌਰ ਨੇ ਦੱਸਿਆ ਕਿ ਡਿਊਟੀ ’ਤੇ ਜਾਣ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਉਹ ਜਲਦੀ ਘਰ ਆ ਕੇ ਆਪਣੇ ਲੜਕੇ ਦਾ ਜਨਮ ਦਿਨ ਇਕੱਠੇ ਮਨਾਉਣਗੇ ਪਰ ਉਸ ਦੀ ਮੌਤ ਦੀ ਖਬਰ ਆ ਗਈ।

Share:

ਹਾਈਲਾਈਟਸ

  • ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਡਿਊਟੀ ਤੋਂ ਗੁਰਦਾਸਪੁਰ ਪਹੁੰਚਣ ਦੀ ਉਡੀਕ ਕਰ ਰਹੇ ਸਨ ਪਰ ਕੌਣ ਜਾਣਦਾ ਸੀ ਕਿ ਉਨ੍ਹਾਂ ਦੀ ਜਗ੍ਹਾਂ ਉਨ੍ਹਾਂ ਦੀਆਂ ਦੇਹਾਂ ਹੀ ਵਾਪਸ ਪਰਤਣਗੀਆਂ।
  • ਗੁਰਪ੍ਰੀਤ ਸਿੰਘ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੁਲਿਸ ਵਿੱਚ ਨੌਕਰੀ ਮਿਲੀ ਸੀ ਅਤੇ ਇਸ ਸਮੇਂ ਉਹ ਪੁਲਿਸ ਲਾਈਨ ਵਿੱਚ ਤਾਇਨਾਤ ਸੀ।
  • ਮ੍ਰਿਤਕ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ (26) ਇੱਕ ਸਾਲ ਪਹਿਲਾਂ ਹੀ ਪੁਲਿਸ ਵਿੱਚ ਭਰਤੀ ਹੋਈ ਸੀ।

ਜਲੰਧਰ-ਪਠਾਨਕੋਟ ਮੁੱਖ ਮਾਰਗ 'ਤੇ ਮੁਕੇਰਿਆ ਨੇੜਲੇ ਪਿੰਡ ਐਮਾ ਮਾਂਗਟ ਕੋਲ ਹੋਏ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ ਗੁਰਦਾਸਪੁਰ ਨਾਲ ਸਬੰਧਿਤ ਦੋ ਪੁਲਿਸ ਮੁਲਾਜ਼ਮਾਂ ਦਾ ਅੰਤਿਮ ਸਸਕਾਰ ਬੇਹੱਦ ਗਮਗੀਨ ਮਾਹੌਲ ਵਿੱਚ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਐੱਸਐੱਸਪੀ ਗੁਰਦਾਸਪੁਰ ਦਾਯਮਾ ਹਰੀਸ਼ ਓਮ ਪ੍ਰਕਾਸ਼ ਅਤੇ ਐੱਸਡੀਐੱਮ ਅਮਨਦੀਪ ਕੌਰ ਤੋਂ ਇਲਾਵਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁੰਨ ਮੌਜੂਦ ਸਨ। ਜਿਕਰਯੋਗ ਹੈ ਕਿ ਬੁੱਧਵਾਰ ਸਵੇਰੇ ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਨਾਲ ਭਰੀ ਬੱਸ ਸੜਕ 'ਤੇ ਖੜ੍ਹੇ ਟਰਾਲੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਗੁਰਦਾਸਪੁਰ ਨਾਲ ਸਬੰਧਤ ਇੱਕ ਮਹਿਲਾ ਕਾਂਸਟੇਬਲ ਸਮੇਤ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਮ੍ਰਿਤਕ ਪੁਲਿਸ ਮੁਲਾਜ਼ਮਾਂ ਵਿੱਚ ਬੱਸ ਡਰਾਈਵਰ ਗੁਰਪ੍ਰੀਤ ਸਿੰਘ ਵਾਸੀ ਅਮੀਪੁਰ ਗੁਰਦਾਸਪੁਰ ਅਤੇ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ ਵਾਸੀ ਨਿਊ ਲਿੱਤਰ ਕਲੋਨੀ ਸ਼ਾਮਲ ਹਨ। ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ। ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਡਿਊਟੀ ਤੋਂ ਗੁਰਦਾਸਪੁਰ ਪਹੁੰਚਣ ਦੀ ਉਡੀਕ ਕਰ ਰਹੇ ਸਨ ਪਰ ਕੌਣ ਜਾਣਦਾ ਸੀ ਕਿ ਉਨ੍ਹਾਂ ਦੀ ਜਗ੍ਹਾਂ ਉਨ੍ਹਾਂ ਦੀਆਂ ਦੇਹਾਂ ਹੀ ਵਾਪਸ ਪਰਤਣਗੀਆਂ। ਦੋਵਾਂ ਦਾ ਦੇਰ ਸ਼ਾਮ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ।

ਪਿਤਾ ਦੀ ਮੌਤ ਤੋਂ ਬਾਅਦ ਮਿਲੀ ਸੀ ਪੁਲਿਸ ਵਿੱਚ ਨੌਕਰੀ 

file photo
file photo

ਮ੍ਰਿਤਕ ਗੁਰਪ੍ਰੀਤ ਸਿੰਘ ਦੀ ਪਤਨੀ ਕਮਲਜੀਤ ਕੌਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਬੇਸੁੱਧ ਹੋ ਗਈ ਸੀ। ਉਹ ਅਜੇ ਵੀ ਆਪਣੇ ਪਤੀ ਦੇ ਵਾਪਸ ਆਉਣ ਦੀ ਉਡੀਕ ਕਰ ਰਹੀ ਸੀ। ਉਹ ਇਸ ਨੂੰ ਮੰਨਣ ਲਈ ਤਿਆਰ ਨਹੀਂ ਸੀ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਪਰਿਵਾਰ ਵਾਲਿਆਂ ਨੇ ਉਸ ਨੂੰ ਸੰਭਾਲਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸੰਭਲ ਨਹੀਂ ਰਹੀ ਸੀ। ਗੁਰਪ੍ਰੀਤ ਸਿੰਘ ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੁਲਿਸ ਵਿੱਚ ਨੌਕਰੀ ਮਿਲੀ ਸੀ ਅਤੇ ਇਸ ਸਮੇਂ ਉਹ ਪੁਲਿਸ ਲਾਈਨ ਵਿੱਚ ਤਾਇਨਾਤ ਸੀ। ਉਹ ਆਪਣੇ ਪਿੱਛੇ ਇੱਕ ਸਾਲ ਦਾ ਬੇਟਾ ਅਤੇ ਸੱਤ ਸਾਲ ਦੀ ਬੇਟੀ ਛੱਡ ਗਿਆ ਹੈ।

ਸ਼ਾਲੂ ਰਾਣਾ ਇੱਕ ਸਾਲ ਪਹਿਲਾਂ ਹੀ ਪੁਲਿਸ ਵਿੱਚ ਹੋਈ ਸੀ ਭਰਤੀ

 

file photo
file photo

ਮ੍ਰਿਤਕ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ (26) ਇੱਕ ਸਾਲ ਪਹਿਲਾਂ ਹੀ ਪੁਲਿਸ ਵਿੱਚ ਭਰਤੀ ਹੋਈ ਸੀ। ਇਸ ਸਮੇਂ ਉਹ ਸਿਖਲਾਈ ਲੈ ਰਹੀ ਸੀ। ਉਹ ਵੀ ਸਵੇਰੇ ਗੁਰਦਾਸਪੁਰ ਆਉਣ ਲਈ ਬੱਸ ਵਿਚ ਸਵਾਰ ਹੋ ਗਈ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ। ਉਸ ਦਾ ਪਰਿਵਾਰ ਉਸ ਦੀ ਉਡੀਕ ਕਰਦਾ ਰਿਹਾ ਅਤੇ ਉਹ ਘਰ ਨਹੀਂ ਪਹੁੰਚ ਸਕੀ। ਮ੍ਰਿਤਕ ਦਾ ਪਰਿਵਾਰ ਨੇਪਾਲ ਦਾ ਰਹਿਣ ਵਾਲਾ ਹੈ। ਉਹ ਕਈ ਸਾਲਾਂ ਤੋਂ ਨਿਊ ਲਿੱਤਰ ਕਲੋਨੀ ਵਿੱਚ ਰਹਿ ਰਿਹਾ ਹੈ। ਉਸ ਦੀ ਪੜ੍ਹਾਈ ਵੀ ਗੁਰਦਾਸਪੁਰ ਵਿੱਚ ਹੀ ਹੋਈ। ਉਸ ਵਿੱਚ ਸ਼ੁਰੂ ਤੋਂ ਹੀ ਪੁਲਿਸ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦਾ ਜਨੂੰਨ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ ਅਤੇ ਦੋ ਛੋਟੇ ਭੈਣ-ਭਰਾ ਛੱਡ ਗਈ ਹੈ। ਮ੍ਰਿਤਕਾਂ ਨੂੰ ਪੁਲਿਸ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।

ਇਹ ਵੀ ਪੜ੍ਹੋ