ਗੁਰਦਾਸਪੁਰ ਦੇ ਹਰਦੋਛਨੀ ਰੋਡ 'ਤੇ ਨਬੀਪੁਰ ਬਾਈਪਾਸ ਨੇੜੇ ਟਰੱਕ ਅਤੇ ਈ-ਰਿਕਸ਼ਾ ਵਿਚਾਲੇ ਹੋਈ ਭਿਆਨਕ ਟੱਕਰ 'ਚ ਮਾਂ-ਧੀ ਦੀ ਦਰਦਨਾਕ ਮੌਤ ਹੋ ਗਈ ਹੈ। ਜਦਕਿ ਉਸ ਦਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਈ ਰਿਕਸ਼ਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਦੋਂਕਿ ਲੋਕਾਂ ਨੇ ਟਰੱਕ ਡਰਾਈਵਰ ਨੂੰ ਮੌਕੇ 'ਤੇ ਹੀ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਜਾ ਰਹੇ ਸਨ ਆਪਣੇ ਨਾਨਕੇ ਘਰ
ਪ੍ਰਾਪਤ ਜਾਣਕਾਰੀ ਅਨੁਸਾਰ ਲਵਲੀ ਪਤਨੀ ਸੁਖਵਿੰਦਰ, ਵਾਸੀ ਕਾਲਾ ਨੰਗਲ, ਆਪਣੀ ਲੜਕੀ ਸ਼ਹਿਨਾਜ਼ (4) ਅਤੇ ਪੁੱਤਰ ਸਾਹਿਲ ਨਾਲ ਈ-ਰਿਕਸ਼ਾ 'ਤੇ ਆਪਣੇ ਨਾਨਕੇ ਘਰ ਜਾ ਰਹੀ ਸੀ। ਜਿਵੇਂ ਹੀ ਉਸ ਦਾ ਈ-ਰਿਕਸ਼ਾ ਹਰਦੋਚੰਨੀ ਬਾਈਪਾਸ ਕੋਲ ਪੁੱਜਾ ਤਾਂ ਨਬੀਪੁਰ ਵੱਲੋਂ ਆ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਚਸ਼ਮਦੀਦਾਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਈ-ਰਿਕਸ਼ਾ ਦੇ ਪਰਖੱਚੇ ਉੱਡ ਗਏ ਅਤੇ ਮਹਿਲਾ ਲਵਲੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦੀ ਬੇਟੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ਵਿੱਚ ਹੀ ਉਸ ਦੀ ਵੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਸਾਹਿਲ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਜਿਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਟਰੱਕ, ਡਰਾਈਵਰ ਅਤੇ ਈ-ਰਿਕਸ਼ਾ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।