GURDASPUR: ਪੁਲਿਸ ਨੇ ਕੀਤਾ ਨਾਜਾਇਜ਼ ਸ਼ਰਾਬ ਨਾਲ ਭਰਿਆ ਟਰੱਕ ਕਾਬੂ, ਬਰਾਮਦ ਹੋਈਆਂ 510 ਸ਼ਰਾਬ ਦੀਆਂ ਪੇਟੀਆਂ

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਨੰਬਰ ਐਮਐਚ 15 ਈ-3944 ਅੰਮ੍ਰਿਤਸਰ ਤੋਂ ਸ਼ਰਾਬ ਭਰ ਕੇ ਬਟਾਲਾ ਵੱਲ ਆ ਰਿਹਾ ਹੈ। ਜੋ ਕੀ ਗੈਰ-ਕਾਨੂੰਨੀ ਢੰਗ ਨਾਲ ਪੱਛਮੀ ਬੰਗਾਲ ਵਿੱਚ ਦਾਖਲ ਹੋਣਾ ਸੀ।

Share:

ਗੁਰਦਾਸਪੁਰ 'ਚ ਬਟਾਲਾ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਅੰਮਿ੍ਤਸਰ ਬਾਈਪਾਸ ਨੇੜੇ ਗੋਖੂਵਾਲ ਤੋਂ ਇਕ ਟਰੱਕ 'ਚ 510 ਪੇਟੀਆਂ ਅੰਗਰੇਜ਼ੀ ਸ਼ਰਾਬ ਜੋ ਕਿ ਮੁਰਮੁਰੇ ਦੀਆਂ ਬੋਰੀਆਂ 'ਚ ਛੁਪਾ ਕੇ ਪੰਜਾਬ ਤੋਂ ਪੱਛਮੀ ਬੰਗਾਲ ਲਿਜਾਈ ਜਾ ਰਹੀ ਸੀ, ਬਰਾਮਦ ਕਰਕੇ ਟਰੱਕ ਡਰਾਈਵਰ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਗੁਪਤ ਸੂਚਨਾ 'ਤੇ ਕੀਤੀ ਹੈ। ਟਰੱਕ ਅੰਮ੍ਰਿਤਸਰ ਤੋਂ ਆ ਰਿਹਾ ਸੀ। ਟਰੱਕ ਡਰਾਈਵਰ ਰਾਜਸਥਾਨ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਗੈਰ-ਕਾਨੂੰਨੀ ਢੰਗ ਨਾਲ ਹੋਣਾ ਸੀ ਪੱਛਮੀ ਬੰਗਾਲ ਵਿੱਚ ਦਾਖਲ 

ਥਾਣਾ ਸਿਵਲ ਲਾਈਨ ਪੁਲਿਸ ਦੇ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ਨੰਬਰ ਐਮਐਚ 15 ਈ-3944 ਅੰਮ੍ਰਿਤਸਰ ਤੋਂ ਸ਼ਰਾਬ ਭਰ ਕੇ ਬਟਾਲਾ ਵੱਲ ਆ ਰਿਹਾ ਹੈ। ਜੋ ਕੀ ਗੈਰ-ਕਾਨੂੰਨੀ ਢੰਗ ਨਾਲ ਪੱਛਮੀ ਬੰਗਾਲ ਵਿੱਚ ਦਾਖਲ ਹੋਣਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਾਈਪਾਸ ਡੇਰਾ ਬਾਬਾ ਨਾਨਕ ਰੋਡ ਨੇੜੇ ਟਰੱਕ ਨੂੰ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਨੇ ਟਰੱਕ ਦੇ ਡਰਾਈਵਰ ਈਸਾ ਰਾਮ ਪੁੱਤਰ ਦੇਵਾ ਰਾਮ ਵਾਸੀ ਪਿੰਡ ਰੱਤੇਕਾ ਤਹਿਸੀਲ ਤਵਤਾਲਾ ਥਾਣਾ ਬਖਾਸਰ ਜ਼ਿਲ੍ਹਾ ਬਾੜਮੇਰ ਰਾਜਸਥਾਨ ਨੂੰ ਕਾਬੂ ਕਰ ਲਿਆ | ਪੁਲਿਸ ਨੇ ਟਰੱਕ ਦੀ ਤਲਾਸ਼ੀ ਦੌਰਾਨ ਅੰਗਰੇਜ਼ੀ ਸ਼ਰਾਬ ਦੀਆਂ 510 ਪੇਟੀਆਂ ਬਰਾਮਦ ਕੀਤੀਆਂ।

ਅੰਮ੍ਰਿਤਸਰ ਬਾਈਪਾਸ 'ਤੇ ਬੁਲਾਇਾ ਸੀ ਫ਼ੋਨ ਕਰਕੇ 

ਟਰੱਕ ਡਰਾਈਵਰ ਈਸਾ ਰਾਮ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਕਮਲੇਸ਼ ਵਾਸੀ ਅੰਬਾਲਾ ਨੇ ਈਸਾ ਰਾਮ ਨੂੰ ਬਟਾਲਾ ਦੇ ਅੰਮ੍ਰਿਤਸਰ ਬਾਈਪਾਸ 'ਤੇ ਫ਼ੋਨ ਕਰਕੇ ਬੁਲਾਇਾ ਸੀ ਅਤੇ ਟਰੱਕ ਦੇ ਕੇ ਪੱਛਮੀ ਬੰਗਾਲ ਜਾਣ ਲਈ ਕਿਹਾ ਸੀ। ਈਸਾ ਰਾਮ ਨੂੰ ਟਰੱਕ ਪੱਛਮੀ ਬੰਗਾਲ ਲਿਜਾਣ ਲਈ ਵੀਹ ਹਜ਼ਾਰ ਰੁਪਏ ਮਿਲਣੇ ਸਨ। ਜਿਉਂ ਹੀ ਟਰੱਕ ਅੰਮ੍ਰਿਤਸਰ ਬਾਈਪਾਸ ਤੋਂ ਰਵਾਨਾ ਹੋਣ ਲੱਗਾ ਤਾਂ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ। ਟਰੱਕ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਉਸ ਵਿੱਚ ਮੁਰਮੁਰੇ ਦੀਆਂ ਬੋਰੀਆਂ ਦੇ ਹੇਠਾਂ ਸ਼ਰਾਬ ਦੀਆਂ ਪੇਟੀਆਂ ਛੁਪਾ ਕੇ ਰੱਖੀਆਂ ਹੋਈਆਂ ਮਿਲੀਆ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੰਜ ਦਿਨ ਦਾ ਰਿਮਾਂਡ ਲੈ ਲਿਆ ਹੈ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਕਿ ਇਹ ਸ਼ਰਾਬ ਕਿਸ ਕੋਲੋਂ ਲਈ ਗਈ ਸੀ ਅਤੇ ਅੱਗੇ ਕਿੱਥੇ ਪਹੁੰਚਾਈ ਜਾਣੀ ਸੀ?

ਇਹ ਵੀ ਪੜ੍ਹੋ